Wednesday, October 19, 2016

ਨਾਨਕ ਕਿਸ ਨੋ ਆਖੀਐ ਵਿਣੁ ਪੁਛਿਆ ਹੀ ਲੈ ਜਾਇ

ਅੱਜ ਜਿਆਦਾਤਰ ਪੋਸਟ ਲੰਬੀ ਉਮਰ ਦੇ ਵਰਤ ਨੂੰ ਲੈ ਕੇ ਦੇਖੇ ਪੜ੍ਹੇ ਜਾ ਰਹੇ ਹਨ॥ਗੁਰੂ ਜੀ ਦੇ ਕਿਰਪਾ ਸਦਕਾ ਸਭੱਬੀ ਹੀ ਅੱਜ ਦਾ ਸਲੋਕ ''ਸਲੋਕ ਵਾਰਾਂ ਤੇ ਵਧੀਕ'' ਵਿੱਚੋ ਇਸੇ ਵਿਸ਼ੇ ਨੂੰ ਸਨਮੁਖ ਕਰਦਾ ਹੈ॥
ਰਜਿ ਨ ਕੋਈ ਜੀਵਿਆ ਪਹੁਚਿ ਨ ਚਲਿਆ ਕੋਇ ॥
ਗੁਰੂ ਜੀ ਹਲੂਣਾ ਦਿੰਦੇ ਹੋਏ ਆਖਦੇ ਹਨ ਕਦੇ ਉਮਰ ਭੋਗ ਕੇ ਵੀ ਕੋਈ ਅੱਕਿਆ ਅਤੇ ਨਾਂਹ ਕਿਸੇ ਇਹ ਆਖਿਆ ਕੇ ਮੈ ਆਪਣੇ ਸਾਰੇ ਕੰਮ ਧੰਦੇ ਨਿਬੇੜ ਲਏ ਹਨ॥
ਸ਼ੇਖ ਸਾਬ ਨੇ ਉਮਰ ਦੀ ਮਕਦਾਦ ਸਾਹਮਣੇ ਰੱਖ ਆਪਣੇ ਇਕ ਸਲੋਕ ਵਿਚ ਆਖ ਦਿੱਤਾ ਕੇ...
ਬੁਢਾ ਹੋਆ ਸੇਖ ਫਰੀਦੁ ਕੰਬਣਿ ਲਗੀ ਦੇਹ ॥ 
ਜੇ ਸਉ ਵਰ੍ਹ੍ਹਿਆ ਜੀਵਣਾ ਭੀ ਤਨੁ ਹੋਸੀ ਖੇਹ ॥
ਭਾਵ ਦੇਹ ਦਾ ਅੰਤ ਖੇਹ ਹੈ॥ਭਾਵੇ ਇੰਨੇ ਮਰਜੀ ਵਰਤ ਰੱਖੀ ਜਾਵੋ,ਮੌਤ ਤੇ ਆਪਣੀ ਬੁੱਕਲ ਵਿਚ ਲੈਣਾ ਹੀ ਹੈ॥
ਗਿਆਨੀ ਜੀਵੈ ਸਦਾ ਸਦਾ ਸੁਰਤੀ ਹੀ ਪਤਿ ਹੋਇ ॥
ਹੁਣ ਦੂਜੇ ਪਾਸੇ ਗੁਰੂ ਜੀ ਭਗਤ ਜਨਾ ਦੀ ਅਵਸਥਾ ਦਾ ਜਿਕਰ ਕਰਦੇ ਹਨ ਕੇ ਗਿਆਨ ਗੁਰੂ ਨਾਲ ਸਾਂਝ ਪਾ ਸੁਰਤੀ ਜਾ ਪਰਮ ਸੱਚ ਵਿਚ ਟਿਕ ਜਾਂਦੀ ਹੈ ਅਤੇ ਇਹ ਟਿਕਾਉ ਹੀ ਸਦਾ ਸਦਾ ਲਈ ਨਿਹਚਲ ਕਰ ਦਿੰਦਾ ਹੈ॥
ਇਸੇ ਬਾਰੇ ਕਬੀਰ ਜੀ ਨੇ ਕਿਹਾ ਹੈ..
ਚਰਨ ਕਮਲ ਕੀ ਮਉਜ ਮਹਿ ਰਹਉ ਅੰਤਿ ਅਰੁ ਆਦਿ ॥
ਸਾਹਿਬ ਦੇ ਸਿਖਿਆ ਰੂਪੀ ਚਰਨਾਂ ਉਤੇ ਚਲਣ ਦੀ ਇਸ ਮਉਜ ਦਾ ਨਾਮ ਹੀ '' ਗਿਆਨੀ ਜੀਵੈ ਸਦਾ ਸਦਾ''ਹੈ॥
ਸਰਫੈ ਸਰਫੈ ਸਦਾ ਸਦਾ ਏਵੈ ਗਈ ਵਿਹਾਇ ॥ 
ਸਾਰੀ ਉਮਰ ਪਦਾਰਥੀ ਜਕੜ ਦੇ ਅਧੀਨ ਜੋੜਨ ਦੇ ਸਰਫਿਆ ਵਿਚ ਹੀ ਲੰਘ ਗਈ॥
ਨਾਨਕ ਕਿਸ ਨੋ ਆਖੀਐ ਵਿਣੁ ਪੁਛਿਆ ਹੀ ਲੈ ਜਾਇ ॥੩੧॥
ਨਾਨਕ ਤਾ ਸੰਬੋਧਨ ਕਰਦਾ ਹੋਇਆ ਆਖਦਾ ਹੈ ਕੇ ਆਖਿਆ ਤਾ ਜਾ ਸਕਦਾ ਹੈ ਜੇ ਕਿਸੇ ਨੂੰ ਪੁੱਛ ਸਾਹਿਬ ਜਿੰਦ ਕੱਢਦਾ ਹੋਵੇ॥
ਗੱਲ ਫਿਰ ਉਥੇ ਆ ਖੜੀ ਕੇ...
ਜੰਮਣੁ ਮਰਣਾ ''ਹੁਕਮੁ'' ਹੈ ਭਾਣੈ ਆਵੈ ਜਾਇ॥
ਹੁਣ ਜਿਹੜਾ ਵਿਸ਼ਾ ਸਿਧੇ ਤੌਰ ਤੇ ਸਾਹਿਬ ਦੇ ਹੁਕਮ ਨਾਲ ਜੁੜ ਗਿਆ ਉਸ ਵਿਚ ਇਨਸਾਨੀ ਦਖਲ ਦੀ ਕੋਈ ਗੁੰਜਾਇਸ਼ ਹੀ ਨਹੀਂ ਰਹੀ॥ਇਸ ਲਈ ਕਬੀਰ ਜੀ ਨੇ ਇਕ ਫੈਸਲਾ ਦੇ ਦਿੱਤਾ..
ਕਬੀਰ ਝੰਖੁ ਨ ਝੰਖੀਐ ਤੁਮਰੋ ਕਹਿਓ ਨ ਹੋਇ ॥
ਕਰਮ ਕਰੀਮ ਜੁ ਕਰਿ ਰਹੇ ਮੇਟਿ ਨ ਸਾਕੈ ਕੋਇ ॥
ਸਵਾਰਨਾ ਹੈ ਤਾ ਗੁਰੂ ਸਿਖਿਆਵਾਂ ਦੇ ਸਨਮੁਖ ਹੋਕੇ ਆਪਾ ਸਵਾਰਿਆ ਜਾਵੇ ਜੋ ਅਸਲ ਵਿਚ ਸਵਰ ਸਕਦਾ ਹੈ॥
ਧੰਨਵਾਦ

No comments:

Post a Comment