Thursday, October 20, 2016

ਗਲਾਂ ਕਰੇ ਘਣੇਰੀਆ

ਦੋਸੁ ਨ ਦੇਅਹੁ ਰਾਇ ਨੋ ਮਤਿ ਚਲੈ ਜਾਂ ਬੁਢਾ ਹੋਵੈ ॥ 
ਗਲਾਂ ਕਰੇ ਘਣੇਰੀਆ ਤਾਂ ਅੰਨ੍ਹ੍ਹੇ ਪਵਣਾ ਖਾਤੀ ਟੋਵੈ ॥੩੨॥
ਅਸਲ ਵਿਚ ਮਾਇਆ ਦੀ ਜਕੜ ਵਿਚ ਸਾਰੀ ਉਮਰ ਭੋਗਣ ਵਾਲੇ ਨੂੰ ਕੀ ਦੋਸ਼ ਦਿੱਤਾ ਜਾ ਸਕਦਾ ਹੈ ਕਿਉਂਕਿ ਉਸਦੀ ਮੱਤ ਨੇ ਕਦੇ ਗੁਰਮਤਿ ਵਾਲਾ ਪਾਸਾ ਵੇਖਿਆ ਹੀ ਨਹੀਂ ਹੋਂਦਾ ਹੈ ਅਤੇ ਮਨਮਤ ਦੀ ਜਕੜ ਵਿਚ ਹੀ ਆ ਬੁਢਾਪੇ ਦੇ ਦਰ ਉਤੇ ਖੜਾ ਹੋ ਜਾਂਦਾ ਹੈ॥
ਹੁਣ ਜੋ ਤਰਜਬੇ ਉਹ ਬੁਢਾਪੇ ਵਿਚ ਸਿਆਣੇ ਹੋਣ ਦੇ ਭਰਮ ਵਿਚ ਦਸਦਾ ਹੈ ਉਹ ਸਾਰੇ ਸਵਾਸਾਂ ਨੂੰ ਖਾਲੀ ਖੂਹ ਵਿਚ ਸੁੱਟਣ ਵਾਲੇ ਹੋਂਦੇ ਹਨ ॥ਸਾਰੀ ਉਮਰ ਦੀ ਮਨਮਤਿ ਦੀ ਕਮਾਈ ਨੇ ਗਿਆਨ ਦੀਆ ਅੱਖਾਂ ਕਦੇ ਖੁਲਣ ਹੀ ਨਹੀਂ ਦਿੱਤੀਆਂ ਤੇ ਅਜੇਹੀ ਸਥਿਤੀ ਵਿਚ ਠੇਡੇ ਖਾ ਦੁੱਖ ਝੱਲਣਾ ਤਾ ਆਮ ਜਿਹੀ ਗੱਲ ਹੋਂਦੀ ਹੈ॥
ਸਮਝਣ ਵਾਲੀ ਗੱਲ ਹੈ ਕੇ ਨੀਹਾਂ ਦੀ ਮਜਬੂਤੀ ਮਕਾਨ ਦੀ ਮਿਆਦ ਅਤੇ ਮਕਾਨ ਦਾ ਨਾਮਕਰਣ ਕਰਦੀ ਹੈ॥
ਕੋਈ ਖੰਡਰ ਤੇ ਕੋਈ ਗੁਰ-ਦੁਆਰਾ ਅਖਵਾਂਦਾ ਹੈ ॥
ਧੰਨਵਾਦ

Wednesday, October 19, 2016

ਸਪੁ ਪਿੜਾਈ ਪਾਈਐ ਬਿਖੁ ਅੰਤਰਿ ਮਨਿ ਰੋਸੁ

ਜੇ ਕਿਸੇ ਇਹ ਵਹਿਮ ਹੋ ਜਾਵੇ ਕੇ ਸੱਪ ਨੂੰ ਪਟਾਰੀ ਵਿਚ ਬੰਦ ਕਰਨ ਨਾਲ ਉਸਦਾ ਜ਼ਹਿਰ ਚਲਾ ਜਾਂਦਾ ਹੈ ਅਤੇ ਉਹ ਦੂਜਿਆਂ ਨੂੰ ਡੰਗਣ ਦੀ ਭਾਵਨਾ ਦਾ ਤਿਆਗ ਕਰ ਦਿੰਦਾ ਹੈ ਤਾਂ ਇਹ ਕੇਵਲ ਕੁਝ ਸਮੇ ਦਾ ਵਹਿਮ ਹੋਂਦਾ ਹੈ,ਸੱਪ ਨੂੰ ਮੌਕਾ ਮਿਲਣ ਦੀ ਦੇਰ ਹੋਂਦੀ ਹੈ ਉਹ ਪਲਟ ਕੇ ਆਪਣੇ ਸੁਭਾਅ ਮੁਤਾਬਿਕ ਵਰਤਾਉ ਕਰਦਾ ਹੈ॥ਗੁਰਬਾਣੀ ਆਖਦੀ ਹੈ
==>>>ਸਪੁ ਪਿੜਾਈ ਪਾਈਐ ਬਿਖੁ ਅੰਤਰਿ ਮਨਿ ਰੋਸੁ <<<==
ਬਸ ਇੱਦਾ ਹੀ ਕੇਵਲ ਦੇਹ ਸਿੰਗਾਰ ਕਰਨ ਨਾਲ ਕੋਈ ਸੁਧਰ ਨਹੀਂ ਜਾਂਦਾ ਜਦ ਤੱਕ ਮਨ ਦੀ ਮਤ ਨਾਂਹ ਤਿਆਗੇ ॥ਨਹੀਂ ਤਾ ਅੰਦਰੋਂ ਉਹ ਹੀ ਜ਼ਹਿਰ ਭਰਿਆ ਰਹਿੰਦਾ ਹੈ॥
ਅੱਜ ਲੋੜ ਹੈ ਸਿੱਖ ਕੌਮ ਨੂੰ.ਇੰਨਾ ਭੇਖੀਆ ਦੀ ਘੋਖ ਕਰਨ ਦੀ॥ ਇਹ ਜੋ ਹੱਥ ਜੋੜ ਜੋੜ ਘੁੰਮਦੇ ਹਨ ਤੇ ਗੁਰੂ ਦੇ ਮੁੱਖ ਸੇਵਾਦਾਰ/ਜਥੇਦਾਰ ਹੋਣ ਦਾ ਦਾਵਾ ਕਰਦੇ ਹਨ ਇਹ ਜਿਆਦਾਤਰ ਜ਼ਹਿਰੀਲੇ ਨਾਗ ਹਨ, ਜੋ ਬੇਗਾਨਿਆ ਦੀ ਭੀਨ ਉਤੇ ਨੱਚਦੇ ਹਨ॥
ਸੱਚ ਰੂਪੀ ਧਰਮ ਦਾ ਇਹਨਾਂ ਜਲੂਸ ਕੱਢਣ ਵਿਚ ਕੋਈ ਕਸਰ ਨਹੀਂ ਛੱਡੀ॥
ਗੁਰੂ ਨਾਨਕ ਜੀ ਵੀ ਅੱਜ ਹੈਰਾਨ ਹੋਂਦੇ ਹੋਣਗੇ ਕੇ ਗੁਰਮਤਿ ਦਾ ਮਾਰਗ ਕੀ ਹੈ ਤੇ ਇਹ ਵਕਾਓ ਲੋਕ ਕੀ ਪੇਸ਼ ਕਰ ਰਹੇ ਹਨ ਤੇ ਉਪਰੋਂ ਜੋ ਅਸੀਂ ਮੰਨਣ ਵਾਲੇ ਹਾਂ ਉਹ ਆਪਣੇ ਆਲਸ ਪੁਣੇ ਵਿਚ ਜ਼ਹਿਰ ਨੂੰ ਖੰਡ ਸਮਝ ਖਾਈ ਜਾ ਰਹੇ ਹਨ॥
ਸਵਾਲ ਅੱਜ ਫਿਰ ਉਹ ਹੀ ਸਾਹਮਣੇ ਆ ਖੜਾ ਹੋਇਆ ਹੈ ..
ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ ॥ 
ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ ॥ 
ਹਉ ਭਾਲਿ ਵਿਕੁੰਨੀ ਹੋਈ ॥ ਆਧੇਰੈ ਰਾਹੁ ਨ ਕੋਈ ॥ 
ਵਿਚਿ ਹਉਮੈ ਕਰਿ ਦੁਖੁ ਰੋਈ ॥ ਕਹੁ ਨਾਨਕ ਕਿਨਿ ਬਿਧਿ ਗਤਿ ਹੋਈ ॥੧॥
ਝੂਠ ਦੀ ਕਾਲੀ ਰਾਤ ਨੇ ਸੱਚ ਦਾ ਚੰਦਰਮਾ ਅੱਜ ਫਿਰ ਨਹੀਂ ਚੜ੍ਹਨ ਦਿੱਤਾ ਹੈ ਤੇ ਇਹਨੇ ਹਨੇਰੇ ਵਿਚ ਕੇਵਲ ਭਟਕਣਾ ਹੀ ਪੱਲੇ ਪੈ ਰਹੀ ਹੈ॥ਗੁਰੂ ਨੇ ਸਾਨੂੰ ਰਾਹ ਤਾਂ ਦੱਸਿਆ ਹੈ ਪਰ ਜਦ ਅਸੀਂ ਮੰਨਾਗੇ ਨਹੀਂ ਤਦ ਤੱਕ ਕਾਲੀ ਰਾਤ ਹਾਵੀ ਰਹੇਗੀ॥
ਸੋ ਬਚਾਉ ਦਾ ਜੋ ਰਾਹ ਹੈ ਉਸਤੇ ਚਲਕੇ ਹੀ ਕੌਮ ਦਾ ਬਚਾਉ ਹੋ ਸਕਦਾ ਹਾਂ!! ਗੁਰਬਾਣੀ ਰਾਹ ਦਸਦੀ ਆਖਦੀ ਹੈ..
ਕਲਿ ਕੀਰਤਿ ਪਰਗਟੁ ਚਾਨਣੁ ਸੰਸਾਰਿ ॥ 
ਗੁਰਮੁਖਿ ਕੋਈ ਉਤਰੈ ਪਾਰਿ ॥ 
ਜਿਸ ਨੋ ਨਦਰਿ ਕਰੇ ਤਿਸੁ ਦੇਵੈ ॥ ਨਾਨਕ ਗੁਰਮੁਖਿ ਰਤਨੁ ਸੋ ਲੇਵੈ ॥
ਸੋ ਭਾਈ ਅਗਿਆਨਤਾ ਵਿਚ ਜੇ ਨਿਕਲਣਾ ਹੈ ਤਾਂ ਗੁਰੂ ਦੀ ਵਿਚਾਰ ਨਾਲ ਖੁਦ ਸਾਂਝ ਪਾਵੋ ਖੁਦ ਗੁਰੂ ਕੋਲ ਬੈਠੋ ਤੇ ਗੁਰੂ ਦਾ ਦੱਸਿਆ ਰਸਤਾ ਇਖਤਿਆਰ ਕਰਕੇ ਇਹਨਾਂ ਨਾਗਾ ਦੀ ਪਛਾਣ ਕਰੋ ਤੇ ਖੁਦ ਬਚੋ ਨਾਲੇ ਕੌਮ ਨੂੰ ਬਚਾਓ॥
ਧੰਨਵਾਦ

ਨਾਨਕ ਕਿਸ ਨੋ ਆਖੀਐ ਵਿਣੁ ਪੁਛਿਆ ਹੀ ਲੈ ਜਾਇ

ਅੱਜ ਜਿਆਦਾਤਰ ਪੋਸਟ ਲੰਬੀ ਉਮਰ ਦੇ ਵਰਤ ਨੂੰ ਲੈ ਕੇ ਦੇਖੇ ਪੜ੍ਹੇ ਜਾ ਰਹੇ ਹਨ॥ਗੁਰੂ ਜੀ ਦੇ ਕਿਰਪਾ ਸਦਕਾ ਸਭੱਬੀ ਹੀ ਅੱਜ ਦਾ ਸਲੋਕ ''ਸਲੋਕ ਵਾਰਾਂ ਤੇ ਵਧੀਕ'' ਵਿੱਚੋ ਇਸੇ ਵਿਸ਼ੇ ਨੂੰ ਸਨਮੁਖ ਕਰਦਾ ਹੈ॥
ਰਜਿ ਨ ਕੋਈ ਜੀਵਿਆ ਪਹੁਚਿ ਨ ਚਲਿਆ ਕੋਇ ॥
ਗੁਰੂ ਜੀ ਹਲੂਣਾ ਦਿੰਦੇ ਹੋਏ ਆਖਦੇ ਹਨ ਕਦੇ ਉਮਰ ਭੋਗ ਕੇ ਵੀ ਕੋਈ ਅੱਕਿਆ ਅਤੇ ਨਾਂਹ ਕਿਸੇ ਇਹ ਆਖਿਆ ਕੇ ਮੈ ਆਪਣੇ ਸਾਰੇ ਕੰਮ ਧੰਦੇ ਨਿਬੇੜ ਲਏ ਹਨ॥
ਸ਼ੇਖ ਸਾਬ ਨੇ ਉਮਰ ਦੀ ਮਕਦਾਦ ਸਾਹਮਣੇ ਰੱਖ ਆਪਣੇ ਇਕ ਸਲੋਕ ਵਿਚ ਆਖ ਦਿੱਤਾ ਕੇ...
ਬੁਢਾ ਹੋਆ ਸੇਖ ਫਰੀਦੁ ਕੰਬਣਿ ਲਗੀ ਦੇਹ ॥ 
ਜੇ ਸਉ ਵਰ੍ਹ੍ਹਿਆ ਜੀਵਣਾ ਭੀ ਤਨੁ ਹੋਸੀ ਖੇਹ ॥
ਭਾਵ ਦੇਹ ਦਾ ਅੰਤ ਖੇਹ ਹੈ॥ਭਾਵੇ ਇੰਨੇ ਮਰਜੀ ਵਰਤ ਰੱਖੀ ਜਾਵੋ,ਮੌਤ ਤੇ ਆਪਣੀ ਬੁੱਕਲ ਵਿਚ ਲੈਣਾ ਹੀ ਹੈ॥
ਗਿਆਨੀ ਜੀਵੈ ਸਦਾ ਸਦਾ ਸੁਰਤੀ ਹੀ ਪਤਿ ਹੋਇ ॥
ਹੁਣ ਦੂਜੇ ਪਾਸੇ ਗੁਰੂ ਜੀ ਭਗਤ ਜਨਾ ਦੀ ਅਵਸਥਾ ਦਾ ਜਿਕਰ ਕਰਦੇ ਹਨ ਕੇ ਗਿਆਨ ਗੁਰੂ ਨਾਲ ਸਾਂਝ ਪਾ ਸੁਰਤੀ ਜਾ ਪਰਮ ਸੱਚ ਵਿਚ ਟਿਕ ਜਾਂਦੀ ਹੈ ਅਤੇ ਇਹ ਟਿਕਾਉ ਹੀ ਸਦਾ ਸਦਾ ਲਈ ਨਿਹਚਲ ਕਰ ਦਿੰਦਾ ਹੈ॥
ਇਸੇ ਬਾਰੇ ਕਬੀਰ ਜੀ ਨੇ ਕਿਹਾ ਹੈ..
ਚਰਨ ਕਮਲ ਕੀ ਮਉਜ ਮਹਿ ਰਹਉ ਅੰਤਿ ਅਰੁ ਆਦਿ ॥
ਸਾਹਿਬ ਦੇ ਸਿਖਿਆ ਰੂਪੀ ਚਰਨਾਂ ਉਤੇ ਚਲਣ ਦੀ ਇਸ ਮਉਜ ਦਾ ਨਾਮ ਹੀ '' ਗਿਆਨੀ ਜੀਵੈ ਸਦਾ ਸਦਾ''ਹੈ॥
ਸਰਫੈ ਸਰਫੈ ਸਦਾ ਸਦਾ ਏਵੈ ਗਈ ਵਿਹਾਇ ॥ 
ਸਾਰੀ ਉਮਰ ਪਦਾਰਥੀ ਜਕੜ ਦੇ ਅਧੀਨ ਜੋੜਨ ਦੇ ਸਰਫਿਆ ਵਿਚ ਹੀ ਲੰਘ ਗਈ॥
ਨਾਨਕ ਕਿਸ ਨੋ ਆਖੀਐ ਵਿਣੁ ਪੁਛਿਆ ਹੀ ਲੈ ਜਾਇ ॥੩੧॥
ਨਾਨਕ ਤਾ ਸੰਬੋਧਨ ਕਰਦਾ ਹੋਇਆ ਆਖਦਾ ਹੈ ਕੇ ਆਖਿਆ ਤਾ ਜਾ ਸਕਦਾ ਹੈ ਜੇ ਕਿਸੇ ਨੂੰ ਪੁੱਛ ਸਾਹਿਬ ਜਿੰਦ ਕੱਢਦਾ ਹੋਵੇ॥
ਗੱਲ ਫਿਰ ਉਥੇ ਆ ਖੜੀ ਕੇ...
ਜੰਮਣੁ ਮਰਣਾ ''ਹੁਕਮੁ'' ਹੈ ਭਾਣੈ ਆਵੈ ਜਾਇ॥
ਹੁਣ ਜਿਹੜਾ ਵਿਸ਼ਾ ਸਿਧੇ ਤੌਰ ਤੇ ਸਾਹਿਬ ਦੇ ਹੁਕਮ ਨਾਲ ਜੁੜ ਗਿਆ ਉਸ ਵਿਚ ਇਨਸਾਨੀ ਦਖਲ ਦੀ ਕੋਈ ਗੁੰਜਾਇਸ਼ ਹੀ ਨਹੀਂ ਰਹੀ॥ਇਸ ਲਈ ਕਬੀਰ ਜੀ ਨੇ ਇਕ ਫੈਸਲਾ ਦੇ ਦਿੱਤਾ..
ਕਬੀਰ ਝੰਖੁ ਨ ਝੰਖੀਐ ਤੁਮਰੋ ਕਹਿਓ ਨ ਹੋਇ ॥
ਕਰਮ ਕਰੀਮ ਜੁ ਕਰਿ ਰਹੇ ਮੇਟਿ ਨ ਸਾਕੈ ਕੋਇ ॥
ਸਵਾਰਨਾ ਹੈ ਤਾ ਗੁਰੂ ਸਿਖਿਆਵਾਂ ਦੇ ਸਨਮੁਖ ਹੋਕੇ ਆਪਾ ਸਵਾਰਿਆ ਜਾਵੇ ਜੋ ਅਸਲ ਵਿਚ ਸਵਰ ਸਕਦਾ ਹੈ॥
ਧੰਨਵਾਦ

Tuesday, October 18, 2016

ਪਤੀ ਦੀ ਲੰਬੀ ਉਮਰ ?

ਬੀਤੇ ਕੱਲ ਸੋਸ਼ਲ ਮੀਡੀਆ ਉਤੇ ਪਤੀ ਦੀ ਲੰਬੀ ਉਮਰ ਲਈ ਰਖਿਆ ਵਰਤ ਪੂਰੀ ਤਰ੍ਹਾਂ ਹਾਵੀ ਰਿਹਾ॥
ਆਉ ਗੁਰਮਤਿ ਦੇ ਨਜਰੀਏ ਤੂੰ ਸਮਝਣ ਦੀ ਕੋਸਿਸ ਕਰੀਏ ਕੇ ਕੀ ਕਿਸੇ ਦੇ ਆਖਿਆ ਜਾ ਕੋਈ ਸਰੀਰੀ ਤਲ ਉਤੇ ਕਸ਼ਟ ਚਲਣ ਨਾਲ ਦੂਜੀ ਦੀ ਉਮਰ ਆਦਿਕ ਵੱਧ ਸਕਦੀ ਹੈ॥
ਗੁਰਬਾਣੀ ਨੇ ਜਦ ਜੰਮਣ ਮਰਨ ਦਾ ਵਿਸ਼ਾ ਵਿਚਾਰਿਆ ਤਾ ਬੜ੍ਹੀ ਹੀ ਸਹਿਜਤਾ ਨਾਲ ਇਕ ਗੱਲ ਆਖ ਦਿੱਤੀ॥
ਜੰਮਣੁ ਮਰਣਾ ''ਹੁਕਮੁ'' ਹੈ ਭਾਣੈ ਆਵੈ ਜਾਇ॥
ਹੁਣ ਜਿਹੜਾ ਵਿਸ਼ਾ ਸਿਧੇ ਤੌਰ ਤੇ ਸਾਹਿਬ ਦੇ ਹੁਕਮ ਨਾਲ ਜੁੜ ਗਿਆ ਉਸ ਵਿਚ ਇਨਸਾਨੀ ਦਖਲ ਦੀ ਕੋਈ ਗੁੰਜਾਇਸ਼ ਹੀ ਨਹੀਂ ਰਹੀ॥ਇਸ ਲਈ ਕਬੀਰ ਜੀ ਨੇ ਇਕ ਫੈਸਲਾ ਦੇ ਦਿੱਤਾ..
ਕਬੀਰ ਝੰਖੁ ਨ ਝੰਖੀਐ ਤੁਮਰੋ ਕਹਿਓ ਨ ਹੋਇ ॥
ਕਰਮ ਕਰੀਮ ਜੁ ਕਰਿ ਰਹੇ ਮੇਟਿ ਨ ਸਾਕੈ ਕੋਇ ॥
ਹੁਣ ਇਹਨਾਂ ਦੋ ਪ੍ਰਮਾਣਾ ਨਾਲ ਗੱਲ ਸਾਫ ਹੋ ਗਈ ਕੇ ਜੰਮਣ ਮਰਨ ਹੁਕਮੀ ਦੇ ਹੁਕਮ ਦੇ ਅਧਿਕਾਰ ਖੇਤਰ ਵਿਚ ਹੈ ਤੇ ਉਸਦੇ ਅਧਿਕਾਰ ਖੇਤਰ ਵਿਚ ਸਾਡੀ ਦਖਲ ਅੰਦਾਜੀ ਕਿਸੇ ਕੀਮਤ ਉਤੇ ਨਹੀਂ ਹੋ ਸਕਦੀ॥
ਹੁਣ ਗੱਲ ਆਉਂਦੀ ਹੈ ਕੇ ਕਿਸੇ ਦੇ ਕੀਤੇ ਕਰਮ ਨਾਲ ਮੇਰੇ ਕਰਮ ਖੇਤਰ ਨੂੰ ਕੋਈ ਲਾਹਾ ਜਾ ਹਾਨੀ ਹੋਂਦੀ ਹੈ॥
ਇਸ ਸਵਾਲ ਦਾ ਜਵਾਬ ਗੁਰਮਤਿ ਦੇ ਮੁਢਲੇ ਅਸੂਲ ਵਿਚ ਹੈ ਜਿਥੇ ਗੁਰੂ ਜੀ ਆਖਦੇ ਹਨ॥
ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ ॥
ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ॥
ਜੋ ਮੈ ਕਰ ਰਿਹਾ ਹਾਂ ਉਸਦੀ ਜਵਾਬ ਦੇਹੀ ਮੇਰੀ ਹੈ॥ਜੋ ਮੇਰਾ ਕੋਈ ਸਾਕ ਸਬੰਧੀ ਕਰ ਰਿਹਾ ਹੈ ਉਸਦੀ ਜਵਾਬ ਦੇਹੀ ਉਸਦੀ ਹੈ॥ਸਗੋਂ ਗੁਰੂ ਜੀ ਨੇ ਇਕ ਠਾਇ ਜੁਗਾਂ ਦੀ ਗੱਲ ਕਰਦੇ ਆਖ ਦਿੱਤਾ..
ਸਤਜੁਗੁ ਤ੍ਰੇਤਾ ਦੁਆਪਰੁ ਭਣੀਐ ਕਲਿਜੁਗੁ ਊਤਮੋ ਜੁਗਾ ਮਾਹਿ ॥ 
ਅਹਿ ਕਰੁ ਕਰੇ ਸੁ ਅਹਿ ਕਰੁ ਪਾਏ ਕੋਈ ਨ ਪਕੜੀਐ ਕਿਸੈ ਥਾਇ ॥
ਸੋ ਅੰਤ ਵਿਚ ਇਹੀ ਕਹਿਆ ਜਾ ਸਕਦਾ ਹੈ ਕੇ ਧਰਮ ਦੇ ਨਾਮ ਉਤੇ ਹੋਂਦੇ ਕਰਮਾ ਬਾਰੇ ਗੁਰਬਾਣੀ ਦਾ ਅਟਲ ਫੈਸਲਾ ਹੈ ਕੇ...
ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ ॥
ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ ਨਿਮਖ ਸਿਮਰਤ ਜਿਤੁ ਛੂਟੈ ॥
ਧੰਨਵਾਦ

ਪਸੂ ਮਾਣਸ ਚੰਮਿ ਪਲੇਟੇ ਅੰਦਰਹੁ ਕਾਲਿਆ

ਪਬਰ ਤੂੰ ਹਰੀਆਵਲਾ ਕਵਲਾ ਕੰਚਨ ਵੰਨਿ ॥
ਵਾਹ ਸਰੋਵਰਾਂ ਤੇਰੇ ਤਾਜੇ ਪਾਣੀ ਦੀ ਤਾਜਗੀ ਜੀਵਨ ਵਿਚ ਆਏ ਖਿੜਾਵ ਵਰਗੀ ਹੈ ਤੇਰੇ ਕੰਡਿਆਂ ਉਤੇ ਉਗੇ ਸੁਨਹਿਰੀ ਫੁੱਲ ਤੇਰੀ ਸੁੰਦਰਤਾ ਵਿਚ ਚਾਰ ਚੰਨ ਲਾਉਂਦੇ ਹਨ॥
ਕੈ ਦੋਖੜੈ ਸੜਿਓਹਿ ਕਾਲੀ ਹੋਈਆ ਦੇਹੁਰੀ ਨਾਨਕ ਮੈ ਤਨਿ ਭੰਗੁ ॥ 
ਗੁਰੂ ਨਾਨਕ ਜੀ ਉਸੇ ਸਰੋਵਰ ਵਿਚ ਆਏ ਬਦਲਾਵ ਨੂੰ ਦੇਖ ਪੁੱਛਦੇ ਹਨ ਕੇ ਅੱਜ ਤੈਨੂੰ ਕੀ ਹੋ ਗਿਆ ਨਾਂਹ ਤੇਰੇ ਵਿਚ ਨਿਰਮਲਤਾ ਰਹੀ ਤੇ ਨਾਂਹ ਹੀ ਸੁੰਦਰਤਾ, ਕੀ ਵਾਪਰਿਆ ਤੇਰੇ ਨਾਲ ਕੇ ਤੇਰਾ ਰੂਪ ਕਰੂਪ ਹੋ ਗਿਆ ਹੈ॥ਤੇਰੀ ਇਸ ਆਕਾਰ ਰੂਪੀ ਦੇਹੀ ਨੇ ਕਿਹੜੀ ਜੀਵਨ ਦੀ ਮਰਿਯਾਦਾ ਭੰਗ ਕੀਤੀ ਹੈ॥
ਜਾਣਾ ਪਾਣੀ ਨਾ ਲਹਾਂ ਜੈ ਸੇਤੀ ਮੇਰਾ ਸੰਗੁ ॥
ਜਿਤੁ ਡਿਠੈ ਤਨੁ ਪਰਫੁੜੈ ਚੜੈ ਚਵਗਣਿ ਵੰਨੁ ॥੩੦॥
ਜਵਾਬ ਆਇਆ ਕੇ ਮੇਰੀ ਤਾਜਗੀ ਨਿਰਮਲਤਾ ਦੇ ਸਰੋਤ ਪਾਣੀ ਨਾਲੋਂ ਸੰਗ ਟੁੱਟ ਗਿਆ,ਜਿਸਦੇ ਕਾਰਣ ਅੱਜ ਮੈ ਕਰੂਪ ਹੋ ਛਪੜੀ ਬਣ ਕੇ ਰਹਿ ਗਈਆਂ ਹਾਂ॥
ਇਹ ਪਾਣੀ ਹੀ ਸੀ ਜਿਸ ਦੇ ਕਾਰਣ ਮੈ ਖੇੜੇ ਵਿਚ ਰਹਿੰਦਾ ਸੀ ਜੋ ਅੱਜ ਮੇਰੇ ਕੋਲੋਂ ਖੁਸ ਗਿਆ ਹੈ॥
ਬਸ ਇਸੇ ਤਰ੍ਹਾਂ ਸਿੱਖ ਦਾ ਜੀਵਨ ਹੈ ਜਦ ਤੱਕ ਗੁਰੂ ਦੇ ਉਪਦੇਸ਼ ਦੇ ਦਾਇਰੇ ਵਿਚ ਹੈ ਇਹ ਚੜਦੀਕਲਾ ਵਿਚ ਹੋਂਦਾ ਹੈ ਪਰ ਜਿਉ ਹੀ ਸਿੱਖ ਗੁਰੂ ਤੂੰ ਬੇਮੁਖ ਹੋਂਦਾ ਹੈ ਅਵਗੁਣਾਂ ਦਾ ਬਦਬੂ ਦਾਰ ਘਰ ਬਣਕੇ ਰਹਿ ਜਾਂਦਾ ਹੈ ਤੇ ਗੁਰੂ ਨੂੰ ਆਖਣਾ ਪੈਂਦਾ ਹੈ॥
ਮਨਮੁਖ ਵਿਣੁ ਨਾਵੈ ਕੂੜਿਆਰ ਫਿਰਹਿ ਬੇਤਾਲਿਆ ॥
ਪਸੂ ਮਾਣਸ ਚੰਮਿ ਪਲੇਟੇ ਅੰਦਰਹੁ ਕਾਲਿਆ ॥
ਧੰਨਵਾਦ

101 ਪਾਠਾਂ ਦੀ ਲੜੀ

6-7 ਸਾਲ ਪੁਰਾਣੀ ਗੱਲ ਹੈ ਕੇ ਗੁਰਦਾਸਪੁਰ ਦੇ ਨੇੜੇ ਇਕ ਗੁਰਦਵਾਰੇ 101 ਪਾਠਾਂ ਦੀ ਲੜੀ ਆਰੰਭੀ ਜਾਣੀ ਸੀ॥ਪਾਠੀ ਸਿੰਘਾਂ ਦਾ ਪੂਰਾ ਇੰਤਜਾਮ ਲੱਗਭਗ ਹੋਇਆ ਪਿਆ ਸੀ ਕੇ ਐਨ ਇਕ ਦਿਨ ਪਹਿਲਾ ਕਿਸੇ 50 ਪਾਠਾਂ ਦੀ ਪੂਜਾ ਇੰਨਚਾਰਜ ਨੂੰ ਜਮ੍ਹਾ ਕਰਵਾ ਦਿੱਤੀ॥ਇਕ ਪਾਠ ਦੀ11000 ਕੋ ਹਜ਼ਾਰ ਪੂਜਾ ਸੀ  ਅਤੇ 50 ਪਾਠਾਂ ਦੇ ਸਾਢੇ ਪੰਜ ਲੱਖ ਬਣਦੇ ਸਨ॥ਹੁਣ ਕਮੇਟੀ ਇੰਨੇ ਪੈਸਿਆਂ ਨੂੰ ਮਨ੍ਹਾ ਕਿਵੇਂ ਕਰਦੀ॥ਪਰ ਇੰਨੀ ਜਲਦੀ 200-250 ਪਾਠੀ ਹੋਰ ਕਿਥੋਂ ਲਿਆਉਣੇ ਸਨ॥ਉਹਨਾਂ ਲੋਕ ਜੋ ਬਚੇ ਬੁਢੇ ਖੰਡੇ ਦੀ ਪਾਹੁਲ ਵਾਲੇ ਸਨ ਸਭ ਪਾਠ ਕਰਨ ਲਈ ਲਾ ਦਿੱਤੇ॥
ਵਧੀਆ ਗੱਲ ਹੈ ਪਾਠ ਕਰਨਾ ਚਾਹੀਦਾ ਹੈ ਪਰ ਇਹ ਗੁਰੂ ਨਾਲ ਧੋਖਾ ਜਾਪਦਾ ਹੈ॥ਜਿਸ ਧੋਖੇ ਬਾਰੇ ਗੁਰੂ ਜੀ ਨੇ ਖੁਦ ਆਖਿਆ ਹੈ...
1.ਰੋਟੀਆ ਕਾਰਣਿ ਪੂਰਹਿ ਤਾਲ ॥ 
2.ਲੈ ''ਭਾੜਿ'' ਕਰੇ ਵੀਆਹੁ
ਇਹ ਤਾ ਅਸੀਂ ਫਿਰ ਗੁਰੂ ਦਾ ਵਾਪਰੀਕਰਨ ਕਰ ਦਿੱਤਾ ਸਗੋਂ ਇੰਨੀ ਨੀਚਤਾ ਵੀ ਵਿਖਾ ਦਿੱਤੀ॥
ਇਹ ਗੱਲ ਅੱਜ ਵੀ ਤੁਹਾਡੇ ਨੇੜੇ ਤੇੜੇ ਇਉ ਦੀ ਤਿਉ ਵਾਪਰ ਰਹੀ ਹੈ॥ਪਰ ਚੁਪੀ ਹੈ ਕੇਵਲ ਮੇਰੇ ਵਾਂਗ ਸਿਰਫ ਕਹਿਣ ਵਾਲੇ ਹਨ ਕੁਝ ਕਰਨ ਵਾਲੇ ਨਹੀਂ ਦਿਸਦੇ॥
ਕਾਸ਼ ਕੀਤੇ SGPC ਸਿਰਫ ਲੜੀਵਾਰ ਗੁਰੂ ਗਰੰਥ ਸਾਹਿਬ ਜੀ ਦੇ ਸਰੂਪ ਹੀ ਛਾਪੇ ਅਤੇ ਆਮ ਘਰਾਂ ਵਿਚ ਪਾਠ ਕਰਨ ਲਈ ਭਾਵੇ ਪਦ ਛੇਦ ਪੋਥੀਆ ਛਾਪਣ॥
ਇਸਦਾ ਨਤੀਜਾ ਇਹ ਹੋਵੇਗਾ ਕੇ ਉਹ ਹੀ ਪਾਠੀ ਸੰਗਤੀ ਰੂਪੀ ਵਿਚ ਪਾਠ ਕਰ ਸੁਣਾ ਸਕੇਗਾ ਜਿਸ ਨੂੰ ਜਾ ਤਾ ਬਾਣੀ ਕੰਠ ਹੈ ਜਾ ਪਦ ਛੇਦ ਦੀ ਵਿਆਕਰਨ ਪਤਾ ਹੈ॥
ਫਿਰ ਦੇਖਣਾ ਕੀਤੇ ਇਹ 100 200 ਪਾਠਾਂ ਦੀਆ ਲੜੀਆ ਨਜਰ ਨਹੀਂ ਆਉਣ ਗਈਆਂ॥ਕੋਈ ਪਾਠੀ ਸਿੰਘ ਬਿਨ੍ਹਾ ਇਕਾਗਰ ਚਿੱਤ ਹੋਏ ਪਾਠ ਸੰਗਤੀ ਰੂਪ ਵਿਚ ਕਰ ਹੀ ਨਹੀਂ ਪਾਵੇਗਾ॥
ਤਦ ਗੁਰਬਾਣੀ ਦਾ ਸਿਧਾਂਤ ਲਾਗੂ ਹੋਵੇਗਾ ਕੇ..
ਪ੍ਰਭ ਕੀ ਉਸਤਤਿ ਕਰਹੁ ਸੰਤ ਮੀਤ ॥
ਸਾਵਧਾਨ ਏਕਾਗਰ ਚੀਤ ॥
ਧੰਨਵਾਦ

Monday, October 17, 2016

ਮਨ ਨਾਲ ਗੱਲ ਬਾਤ

ਆਉ ਕਬੀਰ ਜੀ ਦੇ ਇਕ ਸਬਦੁ ਨੂੰ ਵਿਚਾਰਦੇ ਹੋਏ ਮਨ ਨਾਲ ਗੱਲ ਬਾਤ ਕਰੀਏ॥
ਬਸੰਤੁ ਕਬੀਰ ਜੀਉ ੴ ਸਤਿਗੁਰ ਪ੍ਰਸਾਦਿ ॥ 
ਸੁਰਹ ਕੀ ਜੈਸੀ ਤੇਰੀ ਚਾਲ ॥
ਤੇਰੀ ਪੂੰਛਟ ਊਪਰਿ ਝਮਕ ਬਾਲ ॥੧॥
ਹੇ ਮੇਰੇ ਸੁਧਾਰ ਵੱਲ ਨੂੰ ਤੁਰੇ ਮਨਾਂ ਹੁਣ ਤੇਰੀ ਚਾਲ ਕਿੰਨੀ ਠਹਰਾਵੈ ਵਾਲੀ ਹੈ ਮਾਨੋ ਜਿਵੇ ਗਾ ਤੁਰਦੀ ਹੋਵੇ॥ਮਨਾਂ ਤੇਰੇ ਮਾਇਆ ਰੂਪੀ ਪੂਛ ਗੁਰੂ ਸਿਖਿਆਵਾਂ ਦੇ ਅਧੀਨ ਹੋ ਕਿੰਨੀ ਚਮਕਦਾਰ ਹੋ ਗਈ ਹੈ॥ਭਾਵ ਅਵਗੁਣ ਦੀ ਰਾਤ ਗੁਣਾ ਦੇ ਪ੍ਰਗਾਸ ਨਾਲ ਰੋਸ਼ਨ ਹੋ ਗਈ ਹੈ॥
ਇਸ ਘਰ ਮਹਿ ਹੈ ਸੁ ਤੂ ਢੂੰਢਿ ਖਾਹਿ ॥
ਅਉਰ ਕਿਸ ਹੀ ਕੇ ਤੂ ਮਤਿ ਹੀ ਜਾਹਿ ॥੧॥ ਰਹਾਉ ॥
ਹੇ ਮੇਰੇ ਮਨਾਂ ਜੋ ਗੁਰੂ ਗਿਆਨ ਰਾਹੀਂ ਹਿਰਦੇ ਘਰ ਵਿਚ ਗੁਣਾ ਦਾ ਬੋਹਲ ਜਮਾ ਹੋਇਆ ਹੈ ਤੂੰ ਉਹ ਖੁਰਾਕ ਜੀ ਸਦਕੇ ਖਾ॥ਪਰ ਧਿਆਨ ਰੱਖੀ ਘਰ ਦੀ ਖੁਰਾਕ ਛੱਡ ਕਿਸੇ ਹੋਰ ਦੇ ਦਰ ਉਤੇ ਹਰਗਿਜ ਨਾਂਹ ਜਾਵੀ॥
ਚਾਕੀ ਚਾਟਹਿ ਚੂਨੁ ਖਾਹਿ ॥ 
ਚਾਕੀ ਕਾ ਚੀਥਰਾ ਕਹਾਂ ਲੈ ਜਾਹਿ ॥੨॥
ਹੇ ਮੇਰਾ ਮਨਾਂ ਜਦ ਤੂੰ ਬਾਹਰ ਦੀ ਖੁਰਾਕ ਨੂੰ ਆਪਣਾ ਭੋਜਨ ਮੰਨਣੀ ਬੈਠਾ ਸੀ ਤਦ ਤੇਰਾ ਸੁਭਾਅ ਇਹ ਹੋਂਦਾ ਸੀ ਕੇ ਤੂੰ ਵਿਕਾਰਾਂ ਰੂਪੀ ਚੂਨਾ ਖਾਂਦਾ ਸੀ ਤੇ ਤੇਰੇ ਅੰਦਰ ਲੋਭ ਦੀ ਇੰਨੀ ਪ੍ਰਭਲਤਾ ਹੋਂਦੀ ਸੀ ਕੇ ਤੂੰ ਚਾਕੀ ਦਾ ਚੀਥਰਾ ਵੀ ਚੱਕ ਭੱਜਣ ਦੀ ਕਰਦਾ ਸੀ ਭਾਵ ਪਦਾਰਥੀ ਜਕੜ ਸੀ॥ਖਾ ਪੀ ਕੇ ਵੀ ਸੰਤੋਖ ਨਹੀਂ ਸੀ ॥
ਛੀਕੇ ਪਰ ਤੇਰੀ ਬਹੁਤੁ ਡੀਠਿ ॥ 
ਮਤੁ ਲਕਰੀ ਸੋਟਾ ਤੇਰੀ ਪਰੈ ਪੀਠਿ ॥੩॥
ਤੇਰਾ ਨਿਗ੍ਹਾ ਉਚੇ ਟੰਗੇ ਛਿੱਕੇ ਉਤੇ ਰਹਿੰਦੀ ਸੀ ਭਾਵ ਕੇ ਮੱਤ ਹਮੇਸ਼ਾ ਉੱਚੀ ਹੋਂਦੀ ਹੈ ਪਰ ਮਨ ਦੀ ਕੋਸਿਸ ਰਹਿੰਦੀ ਹੈ ਕੇ ਮਤ ਨੂੰ ਚਪੱਟ ਲਵੇ ਤੇ ਮਨਮਤਿ ਨੂੰ ਜਨਮ ਦੇਵੇ॥ਜਦ ਮੱਤ ਮਨ ਦੇ ਵੱਸ ਹੋ ਮਨਮੱਤ ਹੋ ਜਾਂਦੀ ਹੈ ਤਾ ਅਜੇਹੀ ਅਵਸਥਾ ਨੂੰ ਹਲਕਾਇਆ ਹੋਇਆ ਮੰਨਿਆ ਜਾਂਦਾ ਹੈ ਤੇ ਸਾਨੂੰ ਸਭ ਨੂੰ ਪਤਾ ਹੈ ਹਲਕਾਏ ਨੂੰ ਹਮੇਸ਼ਾ ਦੂਜਿਆਂ ਤੂੰ ਮਾਰ ਪੈਂਦੀ ਹੈ॥
ਐਵੇ ਜਦ ਮਤ ਮਨ ਦੇ ਅਧੀਨ ਹੋ ਮਨਮਤਿ ਹੋ ਜਾਂਦੀ ਹੈ ਤਾ ਫਿਰ ਜੀਵਨ ਦੇ ਹਰ ਪੜਾਅ ਉਤੇ ਵਿਕਾਰਾਂ ਕੋਲੋਂ ਮਾਰ ਖਾਂਦੀ ਹੈ ਇਸੇ ਮਾਰ ਨੂੰ ਜਮਾ ਦੀ ਮਾਰ ਵੀ ਆਖਿਆ ਗਿਆ ਹੈ ਤੇ ਹੁਕਮ ਦਾ ਡੰਡਾ ਹੀ ਕਿਹਾ ਗਿਆ ਹੈ ॥
ਕਹਿ ਕਬੀਰ ਭੋਗ ਭਲੇ ਕੀਨ ॥ 
ਮਤਿ ਕੋਊ ਮਾਰੈ ਈਂਟ ਢੇਮ ॥੪॥੧॥ 
ਹੇ ਮੇਰੇ ਮਨ ਕਬੀਰ ਤਾ ਤੈਨੂੰ ਇਹੀ ਸੰਬੋਧਨ ਕਰਦਾ ਹੈ ਕੇ ਭਲੇ ਭੋਗ ਕਰ ਭਾਵ ਕੇ ''ਇਸ ਘਰ ਮਹਿ ਹੈ ਸੁ ਤੂ ਢੂੰਢਿ ਖਾਹਿ ॥ ਅਉਰ ਕਿਸ ਹੀ ਕੇ ਤੂ ਮਤਿ ਹੀ ਜਾਹਿ ॥'''ਜਦ ਇਹ ਗੱਲ ਤੂੰ ਮੰਨ ਲਈ ਫਿਰ ਕੋਈ ਤੇਰੇ ਵੱਲ ਕੋਈ ਉਗਲ ਤੱਕ ਨਹੀਂ ਕਰ ਸਕਦਾ ਮਾਰਨਾ ਤਾ ਦੂਰ ਦੀ ਗੱਲ ਰਹੀ॥
ਧੰਨਵਾਦ