Friday, September 30, 2016

ਏਕ ਓਟ ਏਕੋ ਆਧਾਰੁ

ਮਨਮਤੋ ਨੇ ਗੁਰਮਤੋ ਨੂੰ ਸਵਾਲ ਕਰਦੇ ਕਿਹਾ ਕੇ ਭੈਣੇ ਆਪਣੀ ਕੌਮ ਅੰਦਰ ਏਕਾ ਕਿਵੇਂ ਆ ਸਕਦਾ ਹੈ॥ਹਰ ਗੱਲ ਉਤੇ ਕੌਮ ਦੋ-ਫਾੜ ਕਿਉ ਹੋਈ ਪਈ ਹੈ॥
ਗੁਰਮਤੋ ਬੋਲੀ ਭੈਣੇ ਇਹ ਤਾ ਬੜ੍ਹੀ ਆਸਾਨ ਗੱਲ ਹੈ ਬਸ ਇਕ ਗੱਲ ਉਤੇ ਜੇ ਕੌਮ ਪਹਿਰਾ ਦੇਵੇ ਤਾ ਏਕਾ ਤਾ ਦੇਖਦੇ ਦੇਖਦੇ ਹੋ ਜਾਵੇਗਾ॥
ਮਨਮਤੋ ਬੋਲੀ ਭੈਣ ਉਹ ਕਿਹੜੀ ਗੱਲ ਹੈ ਰਤਾ ਦਸ ਤਾ ਸਹੀ॥
ਗੁਰਮਤੋ ਬੋਲੀ...
>>>ਇਕਾ ਬਾਣੀ..... ਇਕੁ ਗੁਰੁ....ਇਕੋ ਸਬਦੁ ਵੀਚਾਰਿ<<<
ਮਨਮਤੋ ਭੈਣੇ ਜਿਸ ਦਿਨ ਕੌਮ ਨੂੰ ਅੰਦਰੋਂ ਵਿਸ਼ਵਾਸ ਹੋ ਗਿਆ ਸਾਡਾ ਗੁਰੂ ਕੇਵਲ ਤੇ ਕੇਵਲ ਗੁਰੂ ਗਰੰਥ ਸਾਹਿਬ ਜੀ ਹੈ॥ਉਸ ਦਿਨ ਕੌਮ ਵਿਚ ਏਕਾ ਨਜਰ ਵੀ ਆਵੇਗਾ ਮਹਿਸੂਸ ਵੀ ਹੋਵੇਗਾ॥
ਕੌਮ ਹਿੱਕ ਦੇ ਜ਼ੋਰ ਉਤੇ ਕਹੇਗੀ ਕੇ ਕੋਈ ਲਿਖਾਰੀ ਗੁਰਬਾਣੀ ਤੂੰ ਉਚਾ ਨਹੀਂ, ਕੋਈ ਕਿਤਾਬ ਗੁਰਬਾਣੀ ਤੂੰ ਉੱਚੀ ਨਹੀਂ ਕੋਈ ਪ੍ਰਚਾਰਕ ਦੀ ਰਾਏ ਗੁਰਬਾਣੀ ਤੂੰ ਉੱਚੀ ਨਹੀਂ,ਕੋਈ ਇਤਹਾਸਿਕ ਹਵਾਲਾ ਗੁਰਬਾਣੀ ਤੂੰ ਉਚਾ ਨਹੀਂ ॥
ਮਨਮਤੋ ਭੈਣੇ ਉਸ ਦਿਨ ਅਸਲ ਵਿਚ ਕੌਮ...
>>>ਏਕ ਓਟ ਏਕੋ ਆਧਾਰੁ <<< 
ਉਤੇ ਆ ਖੜੀ ਹੋਵੇਗੀ॥ਜਦ ਦੂਜਾ ਤੀਜਾ ਕੋਈ ਰਿਹਾ ਹੀ ਨਹੀਂ ਫਿਰ ਦੋ-ਫਾੜ ਕੋਈ ਚਾਹ ਕੇ ਵੀ ਨਹੀਂ ਕਰ ਪਏਗਾ॥
ਪਰ ਦੁਖਾਂਤ ਤਾ ਇਹ ਮਨਮਤੋ ਭੈਣੇ ਅੱਜ ਹਰ ਕੋਈ ਆਖਦਾ ਸੁਣੀਦਾ ਹੈ ਕੇ ਇਸ ਕਿਤਾਬ ਵਿਚ ਇੱਦਾ ਲਿਖਿਆ ਹੈ ,ਇਸ ਲਿਖਾਰੀ ਨੇ ਇੰਝ ਕਿਹਾ ,ਇਥੇ ਇਤਿਹਾਸ ਇੰਝ ਆਖਦਾ ਹੈ, ਉਹ ਪ੍ਰਚਾਰਕ ਦਾ ਇਹ ਕਹਿਣਾ ਹੈ॥ਬਸ ਇਹ ਗੱਲਾਂ ਨਿਗਾਰ ਵੱਲ ਨੂੰ ਲੈ ਕੇ ਜਾ ਰਹੀਆ ਹਨ॥
ਕੋਈ ਇਹ ਨਹੀਂ ਪੁੱਛਦਾ ਕੇ ਭਲਾ ਗੁਰੂ ਕੀ ਆਖਦਾ ਹੈ॥ਸਾਡਾ ਹਾਲ ਭੈਣੇ ਮਨਮਤੋ ਉਹ ਮਾਲਣ ਵਾਂਗ ਹੈ ਜਿਸ ਬਾਰੇ ਕਬੀਰ ਜੀ ਆਖਿਆ..
ਭੂਲੀ ਮਾਲਨੀ ਹੈ ਏਉ ॥
ਸਤਿਗੁਰੁ ਜਾਗਤਾ ਹੈ ਦੇਉ ॥
ਅਸੀਂ ਕੇਵਲ ਗੁਰੂ ਜੀ ਦੀ ਪੂਜਾ ਤੱਕ ਸੀਮਤ ਹੋ ਗਏ ਹਾਂ ਤੇ ਅਸਲ ਨੂੰ ਭੁੱਲ ਬੈਠੇ ਹਾਂ ਜਿਸ ਬਾਰੇ ਗੁਰੂ ਜੀ ਨੇ ਆਖਿਆ..
ਹਉ ਆਪਹੁ ਬੋਲਿ ਨ ਜਾਣਦਾ ਮੈ ਕਹਿਆ ਸਭੁ ਹੁਕਮਾਉ ਜੀਉ ॥
ਸਾਹਿਬ ਨੇ ਸਾਡੀ ਰਸਨਾ ਰਾਹੀਂ ਆਪਣਾ ਬੋਲ ਅਖਵਾਣਾ ਹੈ॥
ਪ੍ਰਮਾਣ--ਪਿਤਾ ਹਮਾਰੇ ਪ੍ਰਗਟੇ ਮਾਝ ॥ ਪਿਤਾ ਪੂਤ ਰਲਿ ਕੀਨੀ ਸਾਂਝ ॥
ਕਹੁ ਨਾਨਕ ਜਉ ਪਿਤਾ ਪਤੀਨੇ ॥ ਪਿਤਾ ਪੂਤ ਏਕੈ ਰੰਗਿ ਲੀਨੇ ॥
ਜਦ ਭੈਣੇ ਮਨਮਤੋ '''ਪਿਤਾ ਪੂਤ ਏਕੈ ਰੰਗਿ ਲੀਨੇ''' ਦੇ ਸਿਧਾਂਤ ਉਤੇ ਆ ਖੜੇ ਤਦ ਏਕਾ ਹੀ ਏਕਾ ਹੋਵੇਗਾ ਤੇ ਦੂਜੇ ਪਾਸੇ ਇਹ ਵਿਸ਼ਵਾਸ ਅਟਲ ਬਣ ਜਾਵੇਗਾ..
ਇਕੋ ਸਤਿਗੁਰੁ ਜਾਗਤਾ ਹੋਰੁ ਜਗੁ ਸੂਤਾ ਮੋਹਿ ਪਿਆਸਿ॥
ਧੰਨਵਾਦ

ਜਨਮੇ ਕਾ ਫਲੁ ਕਿਆ ਗਣੀ ਜਾਂ ਹਰਿ ਭਗਤਿ ਨ ਭਾਉ ॥

ਜਨਮੇ ਕਾ ਫਲੁ ਕਿਆ ਗਣੀ ਜਾਂ ਹਰਿ ਭਗਤਿ ਨ ਭਾਉ ॥
ਗੁਰੂ ਨਾਨਕ ਜੀ ਕਰਮ ਖੇਤਰ ਨੂੰ ਵੇਖਦੇ ਹੋਏ ਹਲੂਣਾ ਦਿੰਦੇ ਹੋਏ ਆਖਦੇ ਹਨ ਕੇ ਜੀਵ ਜੇ ਤੇਰਾ ਸਾਹਿਬ ਦੀ ਬੰਦਗੀ ਪ੍ਰਤੀ ਪ੍ਰੇਮ ਭਾਉ ਹੀ ਨਹੀਂ ਤਾ ਤੇਰੇ ਜਨਮ ਦਾ ਕੀ ਲਾਹਾ ਹੋਇਆ॥
ਪੈਧਾ ਖਾਧਾ ਬਾਦਿ ਹੈ ਜਾਂ ਮਨਿ ਦੂਜਾ ਭਾਉ ॥ 
ਤੇਰਾ ਸਾਹਿਬ ਦੇ ਨਾਮੁ ਉਤੇ ਖਾਧਾ ਪਹਿਨਿਆ ਸਭ ਬੇਕਾਰ ਹੈ ਜੇ ਤੇਰੇ ਮਨ ਵਿਚ ਸਾਹਿਬ ਨੂੰ ਛੱਡ ਕੋਈ ਦੂਜਾ ਭਾਉ ਹੈ ॥
ਵੇਖਣੁ ਸੁਨਣਾ ਝੂਠੁ ਹੈ ਮੁਖਿ ਝੂਠਾ ਆਲਾਉ ॥ 
ਜੇ ਜੀਵ ਤੇਰੇ ਮੁਖੋ ਸਚੇ ਦੀ ਸਿਫਤ ਸਾਲਾਹ ਕਰਦੀ ਆਵਾਜ਼ ਨਹੀਂ ਨਿਕਲੀ ਤਾ ਤੇਰਾ ਵੇਖਿਆ ਸੁਣਿਆ ਸਭ ਝੂਠ ਰੂਪੀ ਢੋਂਗ ਹੈ॥
ਨਾਨਕ ਨਾਮੁ ਸਲਾਹਿ ਤੂ ਹੋਰੁ ਹਉਮੈ ਆਵਉ ਜਾਉ ॥੧੧॥
ਹੈ ਨਾਨਕ ਤੂੰ ਸਾਹਿਬ ਦੀ ਨਾਮੁ ਰੂਪੀ ਗੁਣਾ ਨੂੰ ਜੀਵਨ ਧਾਰਦੇ ਹੋਏ ਸਾਹਿਬ ਦੀ ਸਿਫਤ ਸਾਲਾਹ ਕਰ ਇਹੀ ਸੁਚੱਜਾ ਜੀਵਨ ਢੰਗ ਹੈ ਬਾਕੀ ਤਾ ਦੂਜੇ ਭਾਉ ਹੇਠ ਹਉਮੈ ਦਾ ਆਉਣ ਜਾਣ ਦਾ ਖੇਲ ਲੱਗਿਆਂ ਹੋਇਆ ਹੈ॥
ਸਮਝਣ ਦੀ ਲੋੜ ਹੈ ਕੇ ਬਿਨ੍ਹਾ ਸਾਹਿਬ ਦੀ ਬੰਦਗੀ ਵਾਲਾ ਜੀਵਨ ਕਉਡੀਆ ਦੇ ਭਾਅ ਚਲਾ ਜਾਂਦਾ ਹੈ ਤੇ ਗੁਰੂ ਜੀ ਨੂੰ ਆਖਣਾ ਪੈਂਦਾ ਹੈ॥
ਗੁਰ ਕਾ ਸਬਦੁ ਮਹਾ ਰਸੁ ਮੀਠਾ ਬਿਨੁ ਚਾਖੇ ਸਾਦੁ ਨ ਜਾਪੈ ॥
ਕਉਡੀ ਬਦਲੈ ਜਨਮੁ ਗਵਾਇਆ ਚੀਨਸਿ ਨਾਹੀ ਆਪੈ ॥
ਧੰਨਵਾਦ

Thursday, September 29, 2016

ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ॥

ਮਨਮਤੋ ਟੀਵੀ ਉਤੇ ਚਲਦੀ ਤਾਜਾ ਖਬਰ ਸੁਨ ਭੱਜੀ ਭੱਜੀ ਗੁਰਮਤੋ ਦੇ ਘਰ ਆਈ ਤੇ ਬੋਲੀ ਭੈਣੇ ਤੂੰ ਸੁਣਿਆ ਕੇ ਆਪਣੇ ਪੰਜਾਬ ਦੇ ਸਰਹੱਦੀ ਪਿੰਡ ਖਾਲੀ ਕਰਵਾ ਦਿੱਤੇ ਹਨ॥ਲੱਗਦਾ ਭਾਰਤ ਤੇ ਪਾਕਿਸਤਾਨ ਦੀ ਜੰਗ ਹੋਵੇਗੀ॥
ਗੁਰਮਤੋ ਹੋਕਾ ਭਰਦੀ ਹੈ ਭੈਣੇ ਸਾਡੇ ਪੰਜਾਬ ਦੇ ਕਰਮਾ ਵਿਚ ਉਜਾੜਾ ਹੀ ਲਿਖਿਆ ਹੈ॥ਪਹਿਲਾ ਮੁਗਲਾਂ ਨਾਲ ਸਾਡੇ ਵੱਡੇ ਵਡੇਰੇ ਮੱਥਾ ਲਾਉਂਦੇ ਰਹੇ ਫਿਰ ਅੰਗਰੇਜਾਂ ਨਾਲ ਜੰਗਾਂ ਹੋਇਆ ਫਿਰ ਲੋਕੀ ਆਖਦੇ 1947 ਵਿਚ ਹਿੰਦੁਸਤਾਨ ਤੇ ਪਾਕਿਸਤਾਨ ਦੀ ਵੰਡ ਹੋਈ ਪਰ ਅਸਲ ਵਿਚ ਵੰਡਿਆ ਤਾ ਪੰਜਾਬ ਗਿਆ, ਭੈਣੇ ਇੱਕਲਾ ਵੰਡਿਆ ਹੀ ਨਹੀਂ ਗਿਆ ਸਗੋਂ ਲੁਟਿਆ ਤੇ ਮਾਰਿਆ ਵੀ ਗਿਆ॥ਫਿਰ ਹਿੰਦੁਸਤਾਨ ਆਜ਼ਾਦ ਹੋਇਆ ਪਰ ਭੈੜੀ ਰਾਜਨੀਤੀ ਨੇ ਪੰਜਾਬ ਨੂੰ ਫਿਰ ਤਿੰਨ ਹਿੱਸਿਆਂ ਵਿਚ ਵੰਡ ਮਾਰਿਆ॥ਅਜਿਹੇ ਜਖਮ ਹਰੇ ਸਨ ਕੇ 1981 ਤੂੰ 1995 ਤੱਕ ਪੰਜਾਬ ਦੀ ਜਵਾਨੀ ਘਰੋਂ ਕੱਢ ਕੱਢ ਕੇ ਮਾਰੀ ਗਈ॥ਪਾਣੀ ਸਾਡੇ ਵੰਡੇ ਗਏ ਕਰਜਾ ਪੰਜਾਬ ਦੇ ਸਿਰ ਚਾੜ ਦਿੱਤਾ,ਸਾਡੀਆਂ ਪਾਣੀਆ ਤੂੰ ਬਿਜਲੀ ਬਣ ਦੂਜੀਆਂ ਨੂੰ ਸਸਤੀ ਤੇ ਸਾਨੂੰ ਮਹਿੰਗੀ ਮਿਲਦੀ ਹੈ॥ਅਸੀਂ ਕੀਤੇ ਨਾਲ ਲੱਗਦੇ ਇਲਾਕਿਆਂ ਵਿਚ ਜਮੀਨ ਨਹੀਂ ਖਰੀਦ ਸਕਦੇ ਪਰ ਬਾਹਰੀ ਆ ਸਾਰਾ ਪੰਜਾਬ ਖਰੀਦ ਲਿਆ॥ਪਾਣੀ ਸਾਡਾ ਫ੍ਰੀ ਵਰਤਣ ਪਰ ਬਦਲੇ ਵਿਚ ਇਕ ਦਮੜਾ ਨਾਂਹ ਦੇਣ॥
ਮਨਮਤੋ ਤੂੰ ਸੋਸ਼ਲ ਮੀਡੀਆ ਤੇ ਪੰਜਾਬੀਆ ਦਾ react ਵੀ ਦੇਖਿਆ?
ਨਹੀਂ ਭੈਣੇ ਗੁਰਮਤੋ ਕੀ ਆਖਦੇ ਸੋਸ਼ਲ ਮੀਡੀਆ ਉਤੇ ਪੰਜਾਬੀ॥
ਭੈਣੇ ਪੰਜਾਬੀ ਹੁਣ ਸਿਆਣੇ ਹੋ ਰਹੇ ਹਨ ਆਖਦੇ ਹਨ ਕੇ ਜੇ ਜੰਗ ਕਰਨੀ ਤਾ ਕੋਈ ਇੱਕਲਾ ਪੰਜਾਬ ਦਾ ਬਾਡਰ ਨਹੀਂ ਲੱਗਦਾ ਹੋਰ ਵੀ ਰਾਜ ਹਨ ਉਧਰੋਂ ਜਾ ਕੇ ਲੜੋ॥
ਅੰਦਰੋਂ ਹੀ ਅੰਦਰ ਅੱਜ ਪੰਜਾਬੀ ਬਹੁਤਾਂਤ ਪੰਜਾਬ ਦੀ ਨਾਲ ਪਿਆਰ ਤੇ ਹਿੰਦੁਸਤਾਨ ਦੀਆ ਗਲਤ ਨੀਤੀਆਂ ਕਰਕੇ ਇਹਨਾਂ ਤੂੰ ਨਫਰਤ ਕਰਨ ਲੱਗ ਪਏ॥ਕਿਉਂਕਿ ਅੱਜ ਦਾ ਨੌਜਵਾਨ ਤਥਾ ਉਤੇ ਵਿਚਾਰ ਕਰਨ ਲੱਗ ਪਿਆ ਹੈ ਕੇਵਲ ਫੂਕ ਛਕ ਕੇ ਇਹਨਾਂ ਰਾਜਨੇਤਾਵਾਂ ਦੀਆ ਗੱਲ ਵਿਚ ਨਹੀਂ ਆਉਂਦਾ॥
ਪੰਜਾਬੀ ਆਪਣੀਆਂ ਮੁਢਲੀਆਂ ਕਦਰਾਂ ਕੀਮਤਾਂ ਵੱਲ ਨੂੰ ਮੁੜ ਪਏ ਹਨ, ਹੁਣ ਅਕਸਰ ਕਹਿੰਦੇ ਤੇ ਕਮਾਉਂਦੇ ਸੁਣੇ ਜਾਂਦਾ ਹਨ ਕੇ...
ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ॥
ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ ॥
ਅਤੇ ਪਾਸੇ ਨਾਲ ਹੀ ਹੁਣ ਇਹ ਵੀ ਸਮਝ ਆ ਗਈ ਹੈ ਕੇ ਜੇ ਸਮਾਜਿਕ ਤੇ ਆਰਥਿਕ ਤਰੱਕੀ ਕਰਨੀ ਹੈ ਤਾ ਇਕ ਗੱਲ ਪੱਲੇ ਬੰਨਣੀ ਪਵੇਗੀ ਕੇ/...
ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ॥
ਕਿਉਂਕਿ ਅੱਜ ਪੰਜਾਬੀ ਦੁਨੀਆ ਦੇ ਹਰ ਕੋਨੇ ਵਿਚ ਮਜੂਦ ਹਨ ਇਸਲਈ ਉਹਨਾਂ ਦੀ ਵਰਤੋਂ ਵੀ ਹਰ ਇਕ ਫਿਰਕੇ ਨਾਲ ਵੱਧ ਰਹੀ ਹੈ॥ਜਿਸ ਨਿਗ੍ਹਾ ਨਾਲ ਹਿੰਦੁਸਤਾਨੀ ਲੋਕ ਪਾਕਿਸਤਾਨ ਨੂੰ ਵੇਖਦੇ ਹਨ ਉਸ ਨਿਗ੍ਹਾ ਨਾਲ ਅੱਜ ਪੰਜਾਬੀ ਪਾਕਿਸਤਾਨ ਨੂੰ ਨਹੀਂ ਦੇਖਦੇ ਹਨ॥
ਮਨਮਤੋ ਹਿੰਦੁਸਤਾਨੀ ਤਾ ਅੱਜ ਪਾਕਿਸਤਾਨ ਨੂੰ ਨਰਕ ਆਖਦੇ ਹਨ ਪਰ ਸਿੱਖ ਤਾ ਬਹਿੰਦੇ ਉਠਦੇ ਆਖਦੇ ਹਨ '''ਜੇ ਮਿਲੇ ਤਾ ਮਸਤਕ ਲਾਵਾ ਧੂੜ ਨਨਕਾਣੇ ਦੀ'''ਸਾਡੇ ਲਈ ਤਾ ਇਹੀ ਆਪਣੀ ਪਵਿੱਤਰ ਧਰਤੀ ਹੈ॥ਸਵੇਰੇ ਸ਼ਾਮ ਅਰਦਾਸ ਵਿਚ ਯਾਦ ਕਰਦੇ ਹਨ!!
ਸੋ ਭੈਣੇ ਮਨਮਤੋ ਸਮਾਂ ਬਦਲ ਰਿਹਾ ਹੈ ਤੇ ਸਮੇ ਨਾਲ ਪੰਜਾਬੀਆਂ ਦਾ ਨਜਰੀਆ ਵੀ ਸੁਚੱਜਾ ਤੇ ਹਾਂ-ਪੱਖੀ ਹੋ ਰਿਹਾ ਹੈ॥
ਅੱਜ ਪੰਜਾਬੀ ਸਮਝਣ ਲੱਗ ਪਏ ਹਨ ਕੇ ਸਾਡੇ ਸ਼ਹੀਦਾਂ ਦੀਆ ਸ਼ਹੀਦੀਆਂ ਦਾ ਕਿੰਨਾ ਕੋ ਮੁੱਲ ਪਾਇਆ ਹਿੰਦੁਸਤਾਨ ਦੀ ਹਕੂਮਤ ਨੇ॥
ਮਨਮਤੋ ਉਹ ਦਿਨ ਦੂਰ ਨਹੀਂ ਜਦ ਫਿਰ ਪੰਜਾਬ ਆਪਣੀ ਪੰਜਾਬੀਅਤ ਲਈ ਸੰਸਾਰ ਸਾਹਮਣੇ ਜਾਣਿਆ ਜਾਵੇਗਾ॥
ਧੰਨਵਾਦ

ਸਾਕਤ ਸਿਉ ਐਸੀ ਪ੍ਰੀਤਿ ਹੈ ਬੂਝਹੁ ਗਿਆਨੀ ਰੰਗਿ ॥

ਕਲਰ ਕੇਰੀ ਛਪੜੀ ਕਊਆ ਮਲਿ ਮਲਿ ਨਾਇ ॥ 
ਮਨੁ ਤਨੁ ਮੈਲਾ ਅਵਗੁਣੀ ਚਿੰਜੁ ਭਰੀ ਗੰਧੀ ਆਇ ॥ 
ਕਊਆ ਰੂਪੀ ਮਨ ਨੂੰ ਵਿਚਾਰ ਆਇਆ ਕਿਉ ਨਾਂਹ ਨਹਾ ਕੇ ਸਾਫ਼ ਸੁਥਰਾ ਹੋ ਨਿਕਲਿਆ ਜਾਵੇ ਪਰ ਕਉਏ ਮਨ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਸੀ ਗਾ ਕੇ '''ਵਿਣੁ ਗੁਰ ਨਿਧਿ ਜਲੁ ਨਾਹਿ''' ਸੋ ਹੋਇਆ ਇੰਝ ਕੇ ਕਲਰ ਦੀ ਛਪੜੀ ਜਾ ਚੁਬੀ ਲਾਈ॥ਚਾਹਤ ਤਾ ਸੁਥਰਾ ਹੋਣ ਦੀ ਸੀ ਪਰ ਵਿਕਾਰਾਂ ਦੀ ਛਪੜੀ ਵਿਚ ਚੁਬੀ ਲਾਉਣ ਨਾਲ ਮਨ ਤਨ ਦੋਵੇ ਮੈਲੇ ਹੋ ਗਏ ਤੇ ਮੂੰਹ ਛਪੜੀ ਵਿਚਲੀ ਗੰਦਗੀ ਰੂਪੀ ਕੂੜ ਨਾਲ ਭਰ ਗਿਆ॥
ਸਰਵਰੁ ਹੰਸਿ ਨ ਜਾਣਿਆ ਕਾਗ ਕੁਪੰਖੀ ਸੰਗਿ ॥
ਸਾਕਤ ਸਿਉ ਐਸੀ ਪ੍ਰੀਤਿ ਹੈ ਬੂਝਹੁ ਗਿਆਨੀ ਰੰਗਿ ॥ 
ਕਉਏ ਮਨ ਨੂੰ ਨਾਂਹ ਤਾ ਸਰਵਰ ਰੂਪੀ ਗੁਰੂ ਦਾ ਪਤਾ ਲੱਗਾ ਤੇ ਨਾਂਹ ਹੀ ਗੁਰੂ ਦੀਆਂ ਸਿਖਿਆਵਾਂ ਨੂੰ ਆਪਣਾ ਹੰਸ ਬਣਾ ਆਇਆ ,ਇਹ ਕੇਵਲ ਵਿਕਾਰ ਰੂਪੀ ਕਾਵਾਂ ਦੀ ਕੁਸੰਗਤ ਵਿਚ ਲੀਨ ਰਿਹਾ॥
ਹੇ ਗਿਆਨ ਨੂੰ ਪਾਉਣ ਵਾਲਿਉ ਪਾਂਧੀਓ ਬਿਲਕੁਲ ਏਵੈ ਦਾ ਸੰਗ ਸਾਕਤ ਵਿਰਤੀ ਦੇ ਮਾਲਿਕ ਜੀਵ ਦਾ ਹੋਂਦਾ ਹੈ ਜਿਸ ਨੂੰ ਨਾਂਹ ਤਾ ਸਚੇ ਗੁਰੂ ਬਾਰੇ ਕੁਝ ਪਤਾ ਹੋਂਦਾ ਹੈ ਤੇ ਨਾਂਹ ਹੀ ਉਸਦੀਆ ਸਿਖਿਆਵਾਂ ਨਾਲ ਕੋਈ ਲੈਣਾ ਦੇਣਾ ਹੋਂਦਾ ਹੈ॥
ਇਸਲਈ ਤਾ ਕਬੀਰ ਜੀ ਵੀ ਆਖਣਾ ਪਿਆ..
((ਕਬੀਰ ਸੰਗਤਿ ਕਰੀਐ ਸਾਧ ਕੀ ਅੰਤਿ ਕਰੈ ਨਿਰਬਾਹੁ ॥
ਸਾਕਤ ਸੰਗੁ ਨ ਕੀਜੀਐ ਜਾ ਤੇ ਹੋਇ ਬਿਨਾਹੁ ॥))
ਸੰਤ ਸਭਾ ਜੈਕਾਰੁ ਕਰਿ ਗੁਰਮੁਖਿ ਕਰਮ ਕਮਾਉ ॥ 
ਨਿਰਮਲੁ ਨ੍ਹ੍ਹਾਵਣੁ ਨਾਨਕਾ ਗੁਰੁ ਤੀਰਥੁ ਦਰੀਆਉ ॥੧੦॥
ਹੇ ਭਾਈ ਸੰਤ ਵਿਰਤੀ ਦੇ ਮਾਲਿਕ ਜਨਾ ਦਾ ਸੰਗ ਕਰ ਇਹੀ ਹੀ ਹਲਤ ਪਲਤ ਵਿਚ ਸੋਭਾ ਕਰਵਾਂਦਾ ਹੈ ਆਪਣੇ ਕਰਮ ਖੇਤਰ ਨੂੰ ਗੁਰਮਤਿ ਦੇ ਅਨਕੋਲ ਕਰ ਜੀਵਨ ਜੀਈ ॥
ਹੇ ਨਾਨਕ ਗੁਰੂ ਦੀ ਸਿਖਿਆਵਾਂ ਨਾਲ ਕਰਮ ਖੇਤਰ ਦੀ ਸਾਂਝ ਹੀ ਨਿਰਮਲ ਨਾਵਣ ਹੈ ਕਿਉਂਕਿ ਸਿੱਖ ਲਈ ਗੁਰੂ ਹੀ ਗਿਆਨ ਰੂਪੀ ਤੀਰਥ ਹੈ ਗੁਣਾਂ ਦਾ ਦਰਿਆ ਹੈ॥
ਧੰਨਵਾਦ

Wednesday, September 28, 2016

ਥਿਤੀ ਵਾਰ ਸੇਵਹਿ ਮੁਗਧ ਗਵਾਰ

ਵੀਰਵਾਰ ਦਾ ਦਿਨ ਸੀ ਤੇ ਮਨਮਤੋ ਵਟੋ ਵੱਟੀ ਤੇਜ ਤੇਜ ਤੁਰੀ ਜਾਵੇ॥ਗੁਰਮਤੋ ਵੀ ਘਰਦਾ ਕੂੜਾ ਕਰਕਟ ਸੁੱਟ ਮੁੜ ਘਰ ਆ ਰਹੀ ਸੀ॥ਮਨਮਤੋ ਨੂੰ ਵੇਖ ਗੁਰਮਤੋ ਸੋਚਣ ਲੱਗੀ ਅੱਜ ਭੈਣ ਕਿੱਧਰ ਨੂੰ ਭੱਜੀ ਜਾਂਦੀ ਸੀ ਵਾਪਿਸ ਆਉਣ ਤੇ ਪੁੱਛਦੀ ਹਾਂ॥ਕੁਝ ਚਿਰ ਮਗਰੋਂ ਜਦ ਮਨਮਤੋ ਵਾਪਿਸ ਮੁੜੀ ਤਾ ਗੁਰਮਤੋ ਨੇ ਆਖਿਆ ਭੈਣੇ ਕਾਹਲੀ ਵਿਚ ਕਿੱਧਰ ਨੂੰ ਤੁਰੀ ਜਾਂਦੀ ਸੀ॥ਮਨਮਤੋ ਬੋਲੀ ਭੈਣੇ ਮੈਨੂੰ ਯਾਦ ਹੀ ਭੁੱਲ ਗਿਆ ਸੀ ਕੇ ਅੱਜ ਵੀਰਵਾਰ ਸੀ ਤੇ ਪੈਲੀ ਵਾਲੀ ਮੜ੍ਹੀ ਵਿਚ ਦੀਵਾ ਬਾਲਣਾ ਸੀ॥ਗੁਰਮਤੋ ਬੋਲੀ ਪਤਾ ਨਹੀਂ ਭੈਣ ਤੂੰ ਕਦੋ ਇਹ ਵਹਿਮ ਭਰਮ ਛੱਡਣੇ ਹਨ॥ਮਨਮਤੋ ਬੋਲੀ ਭੈਣ ਗੱਲ ਖੋਲਕੇ ਦਸਿਆ ਕਰ ਏਵੈ ਨਾਂਹ ਆਖ ਦਿਆ ਕਰ॥ਗੁਰਮਤੋ ਬੋਲੀ ਫਿਰ ਹੁਣ ਬਹਿ ਕੇ ਗੁਰਮਤਿ ਸੁਣਕੇ ਕੇ ਜਾਈਏ॥
ਭੈਣੇ ਜਾਣੇ ਅਨਜਾਣੇ ਵਿਚ ਸਾਡੀ ਜਿੰਦਗੀ ਵਿਚ ਵਹਿਮ ਆਮ ਹੀ ਆ ਬੈਠਾ ਹਨ॥ ਅਸੀਂ ਦਿਨ ਮਹਨੇ ਵਿਚਾਰ ਕੇ ਕਾਰ ਵਿਹਾਰ ਕਰਦੇ ਹਾ॥
ਮੰਗਲਵਾਰ ਵੀਰਵਾਰ ਤੇ ਐਤਵਾਰ ਖਾਨ ਪੀਣ ਦਾ ਪਰਹੇਜ ਮੜ੍ਹੀਆ ਤੇ ਦੀਵੇ ਬਾਲਣੇ ,ਛਨੀਵਾਰ ਨਵੀ ਚੀਜ਼ ਦੀ ਖਰੀਦ ਦਾਰੀ ਤੂ ਪਰਹੇਜ ,ਕਾਲੇ ਮਹਨੇ ਵਿਚ ਖੁਸੀ ਦੀਆ ਰਸਮਾ ਤੂ ਪਰਹੇਜ,ਬੁਧ ਵਾਰ ਨੂ ਸ਼ੁੱਧ ਸਮਝਿਆ ਜਾਂਦਾ ਹੈ॥
ਪਰ ਰਤਾ ਗੌਰ ਨਾਲ ਸੋਚੀਏ ਕੇ ਮਹਨੇ ਆਦਿਕ ਜਾ ਸਮੇ ਨੂ ਮਾਪਣ ਦੇ ਮਾਪ ਦੰਡ ਤਾ ਸਾਡੇ ਹੀ ਘੜੇ ਹਨ, ਕੁਦਰਤ ਨੇ ਤਾ ਦਿਨ ਰਾਤ ਬਨਾਏ ਹਨ ਜਿੰਨਾ ਲਈ ਧਰਤੀ ਘੁਮਦੀ ਹੈ ਤੇ ਵਖ ਵਖ ਰੁਤਾ ਸਾਨੂ ਮਾਨਣ ਲਈ ਮਿਲਦੀਆ ਹਨ॥
ਗੁਰਬਾਣੀ ਤਾ ਅਜੇਹੇ ਭਟਕੇ ਜੀਵ ਲਈ ਆਖਦੀ ਹੈ..
>>>ਥਿਤੀ ਵਾਰ ਸੇਵਹਿ ਮੁਗਧ ਗਵਾਰ<<<
ਇਥੋ ਤੱਕ ਕੇ ਅਸੀਂ ਤਾ ਧਰਮ ਕਰਮ ਨੂ ਵੀ ਖਾਸ ਮਹੀਨਿਆ ਨਾਲ ਜੋੜਿਆ ਹੋਇਆ ਹੈ॥
ਹਿੰਦੂ ਵਰਤ ਰਖਣ ਨੂ ਤਰਜੀਵ ਦਿੰਦਾ ਹੈ ,ਮੁਸਲਿਮ ਰੋਜਿਆ ਲਈ ਖਾਸ ਮਹਨੇ ਤਰਜੀਵ ਦਿੰਦਾ ਹੈ ,ਅਸੀਂ ਸਿਖ ਮੱਸਿਆ ਸੰਗਰਾਂਦਾ ਤੇ ਮਾਘੀ ਆਦਿਕ ਲਈ ਦਿਨ ਮਹਨੇ ਚੁਨੇ ਹਨ॥
ਭੈਣੇ ਇਹ ਹਾਲਾਤ ਨੂ ਵੇਖ ਕਬੀਰ ਜੀ ਨੂ ਕਹਨਾ ਪਇਆ..
ਬ੍ਰਹਮਨ ਗਿਆਸ ਕਰਹਿ ਚਉਬੀਸਾ ਕਾਜੀ ਮਹ ਰਮਜਾਨਾ ॥
ਗਿਆਰਹ ਮਾਸ ਪਾਸ ਕੈ ਰਾਖੇ ਏਕੈ ਮਾਹਿ ਨਿਧਾਨਾ ॥
ਸਾਡਾ ਬੁਨਿਆਦੀ ਹਾਲ ਤਾ ਏਵੈ ਦਾ ਹੋਈ ਜਾਂਦਾ ਹੈ ਕੇ ਅਸੀਂ ਤਾ ਧਰਮ ਕਮਾਉਣ ਲਈ ਵੀ ਕੋਈ sale ਵਾਲੀ ਛੋਟ ਭਾਲਦੇ ਹਾ॥
ਇਹ ਹਾਲ ਹੀ ਭੈਣੇ ਮਨਮਤੋ ਦਾਨ ਪੁੰਨ ਦਾ ਧਰਮ ਦੇ ਨਾਮ ਹੇਠ ਕੀਤਾ ਗਿਆ..
ਸਤੀਆ ਮਨਿ ਸੰਤੋਖੁ ਉਪਜੈ ਦੇਣੈ ਕੈ ਵੀਚਾਰਿ ॥
ਦੇ ਦੇ ਮੰਗਹਿ ਸਹਸਾ ਗੂਣਾ ਸੋਭ ਕਰੇ ਸੰਸਾਰੁ ॥ 
ਜਦ ਦਾਨ ਪੁੰਨ ਨੂ ਵਾਪਰ ਦਾ ਰੰਗ ਚੜ ਦਿੱਤਾ ਗਿਆ ਕੇ ਇਕ ਦੇ ਸੌ ਭਾਲੇ ਜਾਂਦੇ ਹਨ ਤੇ ਨਾਲ ਮਾਨ ਸਨਮਾਨ ਵਖਰਾ॥ 
ਭੈਣੇ ਮਨਮਤੋ ਧਰਮ ਦਾ ਤਾ ਮੁਢਲਾ ਅਸੂਲ ਹੈ..''
ਫਲ ਕਾਰਨ ਫੂਲੀ ਬਨਰਾਇ ॥ ਫਲੁ ਲਾਗਾ ਤਬ ਫੂਲੁ ਬਿਲਾਇ ॥ 
ਗਿਆਨੈ ਕਾਰਨ ਕਰਮ ਅਭਿਆਸੁ ॥ ਗਿਆਨੁ ਭਇਆ ਤਹ ਕਰਮਹ ਨਾਸੁ ॥
ਇਥੇ ਤਾ ਆਪਾ ਖਤਮ ਕਰਨ ਨੂ ਤਰਜੀਵ ਮਿਲਦੀ ਹੈ,ਜਿਵੇ ਫਲ ਲਗਣ ਲਈ ਫੁੱਲ ਪਹਲਾ ਖਿਲਦਾ ਹੈ ਤੇ ਜਦ ਫਲ ਲਗਦਾ ਹੈ ਤਾ ਸਭ ਤੂ ਪਹਲਾ ਫੁੱਲ ਖਤਮ ਹੋਂਦਾ ਹੈ॥ਇਸੇ ਤਰਾ ਜਦ ਗਿਆਨ ਰੂਪੀ ਧਰਮ ਸਾਡੇ ਅੰਦਰ ਆ ਗਿਆ ਤਾ ਪਹਲਾ ਇਹ ਕਰਮ ਵਿਚ ਮੈ ਮੇਰੀ ਭਾਵਨਾ ਵਾਲਾ ਆਪਾ ਖਤਮ ਹੋਣਾ ਹੈ॥
ਜਦ ਮੈ ਮੇਰੀ ਨਾਹ ਰਹੀ ਫਿਰ ਕੀ ਦਿਨ ਤੇ ਕੀ ਮਹਨੇ ਸਭ ਗੁਰੂ ਦੇ ਰੰਗ ਵਿਚ ਰੰਗੇ ਨਜਰ ਆਉਣ ਗਏ॥
ਸਫਲ ਮੂਰਤੁ ਸਫਲਾ ਘੜੀ ਜਿਤੁ ਸਚੇ ਨਾਲਿ ਪਿਆਰੁ ॥
ਧੰਨਵਾਦ

ਬਿਨੁ ਗੁਰ ਪੰਥੁ ਨ ਸੂਝਈ

>>>>>>>>>>>>ਬਿਨੁ ਗੁਰ ਪੰਥੁ ਨ ਸੂਝਈ<<<<<<<<<<<<<
ਕਾਫੀ ਵਾਰੀ ਇਹ ਸਵਾਲ ਇਨਬਾਕਸ ਵਿਚ ਪੁੱਛਿਆ ਜਾਂਦਾ ਹੈ ਕੇ ਸਿੱਖ ਕੌਮ ਨਾਲ ਸੰਬਧਿਤ ਕਿਹੜੀ-ਕਿਹੜੀ ਕਿਤਾਬ ਜਾ ਲੇਖਕ ਨੂੰ ਪੜ੍ਹਿਆ ਜਾਵੇ॥
ਜਿੰਨੀ ਕੋ ਮੇਰੀ ਸਮਝ ਹੈ ਭਾਵੇ ਕਿਸੇ ਨੂੰ ਵੀ ਪੜ੍ਹੋ ਪਰ ਇਕ ਗੱਲ ਯਕੀਨੀ ਬਣਾਉ ਕੇ ਤੁਸੀਂ ਗੁਰੂ ਗਰੰਥ ਸਾਹਿਬ ਜੀ ਨੂੰ ਸਿੱਖ ਕੌਮ ਦਾ ਅਧਾਰ ਮੰਨਦੇ ਹੋਏ ਪੜ੍ਹਿਆ ਵਿਚਾਰਿਆ ਜਰੂਰ ਹੋਵੇ॥
ਜੇ ਅਜਿਹਾ ਨਹੀਂ ਕੀਤਾ ਹੋਵੇਗਾ ਤਾ ਤੁਸੀਂ ਕਦੇ ਵੀ ਨਹੀਂ ਜਾਣ ਪਾਵੋਗੇ ਕੇ ਜੋ ਕਿਸੇ ਲਿਖਿਆ ਹੈ ਕੀ ਇਹ ਸਿੱਖੀ ਕਿਰਦਾਰ ਹੋ ਸਕਦਾ ਹੈ? ਕੀ ਇਹ ਗੁਰੂ ਸਿਧਾਂਤ ਹੈ ?
ਅਜਿਹੇ ਸਥਿਤੀ ਵਿਚ ਜਾਣੇ ਅਣਜਾਣੇ ਵਿਚ ਹੀ ਤੁਸੀਂ ਕਿਸੇ ਦੀ ਮਨਮਤ ਦੇ ਸ਼ਿਕਾਰ ਹੋ ਜਾਵੋਗੇ ਤੇ ਦੁਖਾਂਤ ਇਹ ਹੋਵੇਗਾ ਕੇ ਤੁਸੀਂ ਉਸਨੂੰ ਗੁਰਮਤਿ ਸਮਝੀ ਬੈਠੇ ਹੋਵੋਗੇ॥
ਅਹਿਜਾ ਪਿਛਲੇ 350 ਸਾਲ ਵਿਚ ਬਹੁਤ ਹੋ ਚੁਕਾ ਹੈ ਤੇ ਹੋ ਰਿਹਾ ਹੈ॥
ਸੋ ਅਰਜੋਈ ਹੈ ਪਹਿਲਾ ਗੁਰੂ ਸਿਧਾਂਤ ਨਾਲ ਖੁਦ ਸਾਂਝ ਪਾਵੋ ਫਿਰ ਬਾਕੀ ਲਿਖਤਾਂ ਨੂੰ ਪੜ੍ਹਨਾ ਸ਼ੁਰੂ ਕਰੋ, ਮੈਨੂੰ ਨਿਜੀ ਯਕੀਨ ਹੈ ਕੇ ਕਈ ਕਿਤਾਬਾਂ ਤੁਸੀਂ 2-4 ਪੰਨੇ ਪੜ੍ਹ ਵਾਪਿਸ ਮੋੜ ਆਵੋਗੇ॥ਕਿਉਂਕਿ ਤੁਸੀਂ ਗੁਰੂ ਦੀ ਕਿਰਪਾ ਨਾਲ ਸਿਧਾਂਤ ਦੇ ਪਾਰਖੂ ਹੋ ਚੁਕੇ ਹੋਵੋਗੇ॥
ਅੰਧੇ ਅਕਲੀ ਬਾਹਰੇ ਕਿਆ ਤਿਨ ਸਿਉ ਕਹੀਐ ॥ ''''ਬਿਨੁ ਗੁਰ ਪੰਥੁ ਨ ਸੂਝਈ''' ਕਿਤੁ ਬਿਧਿ ਨਿਰਬਹੀਐ ॥੨॥
ਖੋਟੇ ਕਉ ਖਰਾ ਕਹੈ ਖਰੇ ਸਾਰ ਨ ਜਾਣੈ ॥ ਅੰਧੇ ਕਾ ਨਾਉ ਪਾਰਖੂ ਕਲੀ ਕਾਲ ਵਿਡਾਣੈ ॥੩॥
ਸੂਤੇ ਕਉ ਜਾਗਤੁ ਕਹੈ ਜਾਗਤ ਕਉ ਸੂਤਾ ॥ ਜੀਵਤ ਕਉ ਮੂਆ ਕਹੈ ਮੂਏ ਨਹੀ ਰੋਤਾ ॥੪॥
ਗੁਰਮਤਿ ਨਾਲ ਖੁਦ ਸਾਂਝ ਪਾ ਉਪਰ ਦਸੀ ਸਥਿਤੀ ਤੂੰ ਬਚਿਆ ਜਾ ਸਕਦਾ ਹੈ॥
ਧੰਨਵਾਦ

ਅਗਨਿ ਮਰੈ ਜਲੁ ਲੋੜਿ ਲਹੁ ਵਿਣੁ ਗੁਰ ਨਿਧਿ ਜਲੁ ਨਾਹਿ ॥

ਅਗਨਿ ਮਰੈ ਜਲੁ ਲੋੜਿ ਲਹੁ ਵਿਣੁ ਗੁਰ ਨਿਧਿ ਜਲੁ ਨਾਹਿ ॥ 
ਜਨਮਿ ਮਰੈ ਭਰਮਾਈਐ ਜੇ ਲਖ ਕਰਮ ਕਮਾਹਿ ॥
ਹੇ ਜੀਵ ਜੇ ਤੂੰ ਆਪਣੇ ਹਿਰਦੇ ਘਰ ਅੰਦਰੋਂ ਤ੍ਰਿਸ਼ਨਾ ਦੀ ਅਗਨ ਨੂੰ ਸਮਾਪਤ ਕਰਨਾ ਚਹਾਉਦਾ ਹੈ ਤਾ ਗੁਣਾ ਰੂਪੀ ਅੰਮ੍ਰਿਤ ਜਲ ਇਕੱਠਾ ਕਰ, ਪਰ ਇਕ ਗੱਲ ਦਾ ਧਿਆਨ ਰੱਖੀ ਸੱਚਾ ਸਾਹਿਬ ਹੀ ਗੁਣਾ ਦਾ ਸਰੋਵਰ ਹੈ ਤ੍ਰਿਸ਼ਨਾ ਨੂੰ ਖਤਮ ਕਰਨ ਵਾਲਾ ਅੰਮ੍ਰਿਤ ਰੂਪੀ ਗੁਣਾ ਦਾ ਜਲ ਕੇਵਲ ਗੁਰੂ ਸਰੋਵਰ ਤੂੰ ਹੀ ਮਿਲ ਸਕਦਾ ਹੈ॥
ਪਰ ਜੇ ਗੁਰੂ ਸਰੋਵਰ ਨੂੰ ਛੱਡ ਕਰਮਕਾਂਡਾ ਵਿਚ ਫਸ ਗਿਆ ਤਾ ਆਤਮਿਕ ਮਉਤ ਵਿਚ ਪਲ ਪਲ ਮਰ ਭਟਕਣਾ ਪਵੇਗਾ॥
ਜਮੁ ਜਾਗਾਤਿ ਨ ਲਗਈ ਜੇ ਚਲੈ ਸਤਿਗੁਰ ਭਾਇ ॥ 
ਨਾਨਕ ਨਿਰਮਲੁ ਅਮਰ ਪਦੁ ਗੁਰੁ ਹਰਿ ਮੇਲੈ ਮੇਲਾਇ ॥੯॥
ਦੂਜੇ ਪਾਸੇ ਜੇ ਕੇਵਲ ਗੁਰੂ ਸਰੋਵਰ ਦਾ ਓਟ ਆਸਰਾ ਲਿਆ ਤਾ ਵਿਕਾਰ ਕਮਾਦਿਕ ਵਗੈਰਾ ਕੁਝ ਨਹੀਂ ਵਿਗਾੜ ਸਕਦੇ ਬਸ ਲੋੜ ਹੈ ਗੁਰੂ ਦੇ ਕਹੇ ਅਨੁਸਾਰ ਚਲਣਦੀ॥
ਨਾਨਕ ਸੰਬੋਧਨ ਕਰਦਾ ਹੋਇਆ ਆਖਦਾ ਹੈ ਕੇ ਜੋ ਜੀਵ ਗੁਰੂ ਸਰੋਵਰ ਨਾਲ ਸਾਂਝ ਪਾ ਲੈਂਦੇ ਹਨ ਉਹਨਾਂ ਦਾ ਜੀਵਨ ਆਚਾਰ ਉਚਾ ਸੁਚਾ ਹੋ ਸਚਿਆਰ ਹੋ ਜਾਂਦਾ ਹੈ ਤੇ ਸਚਿਆਰ ਹੋਏ ਜੀਵ ਸਾਹਿਬ ਨੂੰ ਜਾ ਮਿਲਦੇ ਹਨ॥
ਅੱਜ ਗੁਰੂ ਸਰੋਵਰ ਅਤੇ ਛਪੜੀਆ ਮਾਲਿਕਾਂ ਵਿਚ ਪਛਾਣ ਕਰਨ ਦੀ ਲੋੜ ਹੈ ਜਿਸ ਦਿਨ ਸਾਨੂੰ ਪਛਾਣ ਕਰਨੀ ਆ ਗਈ ਉਸ ਦਿਨ ਸਾਡੀ ਜਿੰਦਗੀ ਵਿੱਚੋ ਵਾਦ -ਵਿਵਾਦ ਮੁੱਢ ਤੂੰ ਖਤਮ ਹੈ ਜਾਣਗੇ॥ਇਸਲਈ ਤਾ ਗੁਰੂ ਜੀ ਨੂੰ ਕਹਿਣਾ ਪਿਆ ,,
ਨਾਨਕ ਅੰਮ੍ਰਿਤੁ ਏਕੁ ਹੈ ਦੂਜਾ ਅੰਮ੍ਰਿਤੁ ਨਾਹਿ ॥
ਨਾਨਕ ਅੰਮ੍ਰਿਤੁ ਮਨੈ ਮਾਹਿ ਪਾਈਐ ਗੁਰ ਪਰਸਾਦਿ ॥
ਧੰਨਵਾਦ

Tuesday, September 27, 2016

ਦੀਸਤ ਮਾਸੁ ਨ ਖਾਇ ਬਿਲਾਈ ॥

ਦਰੇਕ ਦੀ ਛਾਵੇ ਬੈਠੀਆ ਮਨਮਤੋ ਤੇ ਗੁਰਮਤੋ ਦਾਲ ਵਿੱਚੋ ਕੰਕਰ ਚੁਣ ਰਹੀਆਂ ਸਨ॥ਗੁਰਮਤੋ ਇਕ ਦਮ ਬੋਲੀ ਭੈਣੇ ਜਿਵੇ ਅਸੀਂ ਕੰਕਰ ਚੁਣ ਚੁਣ ਦਾਲ ਵਿੱਚੋ ਬਾਹਰ ਸੁੱਟ, ਦਾਲ ਨੂੰ ਸਾਫ਼ ਤੇ ਖਾਣ ਲਾਇਕ ਬਣਾ ਰਹੀਆ ਹਾਂ ਤਿਵੈ ਹੀ ਗੁਰੂ ਸਾਡੇ ਆਚਾਰ-ਵਿਵਹਾਰ ਵਿੱਚੋ ਅਵਗੁਣ ਚੁਣ ਚੁਣ ਕੇ ਬਾਹਰ ਕੱਢ ਦਿੰਦਾ ਹੈ ਤੇ ਆਚਾਰ ਨੂੰ ਸਚਿਆਰ ਬਣਾ ਸਹਿਜ ਰੂਪੀ ਅਵਸਥਾ ਰਾਹੀਂ ਸਾਹਿਬ ਨਾਲ ਮੇਲ ਕਰਵਾ ਦਿੰਦਾ ਹੈ॥
ਮਨਮਤੋ ਬੋਲੀ ਜਰ੍ਹਾਂ ਹੋਰ ਖੁਲਕੇ ਭੈਣ ਗੁਰਬਾਣੀ ਦੇ ਹਵਾਲੇ ਨਾਲ ਸਮਝਾ॥
ਮਨਮਤੋ ਦੀ ਗੱਲ ਸੁਨ ਗੁਰਮਤੋ ਬੋਲੀ ਭੈਣ ਪਹਿਲਾ ਤਾ ਇਕ ਅਹਿਸਾਸ ਭਲੀ ਭਾਂਤ ਸਾਡੇ ਹਿਰਦੇ ਵਿਚ ਹੋਣਾ ਚਾਹੀਦਾ ਹੈ ਕੇ..
ਕ੍ਰਿਪਾ ਨਿਧਾਨ ਪ੍ਰੀਤਮ ਪ੍ਰਭ ਮੇਰੇ ॥ 
ਬਰਨਿ ਨ ਸਾਕਉ ਬਹੁ ਗੁਨ ਤੇਰੇ ॥
ਸਾਹਿਬ ਦਿਆਲੂ ਹੈ ਉਸਦੇ ਸਾਰੇ ਗੁਣਾ ਦਾ ਵਿਖਿਆਨ ਕਰਨਾ ਮਨੁੱਖੀ ਬੁਧੀ ਤੂੰ ਦੂਰ ਦੀ ਗੱਲ ਹੈ॥
ਹੁਣ ਜੇ ਦੂਜੇ ਪਾਸੇ ਆਈ ਏ ਕੇ ਗੁਰੂ ਜੀ ਕਿਹੜੇ ਕੰਕਰ ਆਚਾਰ ਵਿਚ ਕੱਢ ਕੇ ਬਦਲਵਾਂ ਰੂਪ ਦਿੰਦਾ ਹੈ ਤਾ ਗੁਰਬਾਣੀ ਆਖਦੀ ਹੈ॥
ਗਊ ਕਉ ਚਾਰੇ ਸਾਰਦੂਲੁ ॥ ਕਉਡੀ ਕਾ ਲਖ ਹੂਆ ਮੂਲੁ ॥
ਬਕਰੀ ਕਉ ਹਸਤੀ ਪ੍ਰਤਿਪਾਲੇ ॥ ਅਪਨਾ ਪ੍ਰਭੁ ਨਦਰਿ ਨਿਹਾਲੇ ॥੧॥
ਜਦੋ ਸਾਹਿਬ ਦੀ ਨਦਰਿ ਕਰਮ ਖੇਤਰ ਉਤੇ ਪੈਂਦੀ ਹੈ ਤਾ ਮਨ ਸ਼ੇਰ ਦੀ ਨਿਆਈ ਬਲਵਾਨ ਹੋ ਜਾਂਦਾ ਹੈ ਅਤੇ ਗਿਆਨ ਇੰਦ੍ਰੀਆ ਨੂੰ ਵਸ ਕਰ ਗੁਰੂ ਸਿਖਿਆ ਅਨੁਸਾਰ ਢਾਲਦਾ ਹੈ॥ਜੋ ਮਨ ਪਹਿਲਾ ਮਨਮਤ ਅਧੀਨ ਰਹਿ ਗੁਰੂ ਦੀ ਨਿਗਾਹ ਵਿਚ ਕਉਡੀ ਮੁੱਲ ਦਾ ਸੀ ਉਹ ਗੁਰੂ ਸਿਖਿਆਵਾਂ ਨੂੰ ਧਾਰ ਕਉਡੀ ਤੂੰ ਲਾਖੇਨਾ ਹੋ ਨਿਬੜਦਾ ਹੈ॥
ਕਿਉਕਿ ਹੁਣ ਮਨ ਨੇ ਹਾਥੀ ਵਾਲਾ ਅੰਹਕਾਰ ਪੁਣਾ ਛੱਡ ਬੱਕਰੀ ਵਾਲਾ ਸ਼ਾਂਤ ਸਹਿਜ ਭਰਿਆ ਸੁਭਾਅ ਪਾਲ ਲਿਆ ਹੋਂਦਾ ਹੈ॥
ਦੀਸਤ ਮਾਸੁ ਨ ਖਾਇ ਬਿਲਾਈ ॥ ਮਹਾ ਕਸਾਬਿ ਛੁਰੀ ਸਟਿ ਪਾਈ ॥ 
ਕਰਣਹਾਰ ਪ੍ਰਭੁ ਹਿਰਦੈ ਵੂਠਾ ॥ ਫਾਥੀ ਮਛੁਲੀ ਕਾ ਜਾਲਾ ਤੂਟਾ ॥੨॥
ਜਦ ਕਰਨਹਾਰ ਸਾਹਿਬ ਜੀਵ ਦੇ ਹਿਰਦੇ ਵਿਚ ਗੁਰ ਸਿਖਿਆਵਾਂ ਰਾਹੀਂ ਆ ਘਰ ਪਾਉਂਦਾ ਹੈ ਤਦ ਜੋ ਮਨ ਪਹਿਲਾ ਆਸਾ ਤ੍ਰਿਸ਼ਨਾ ਅਧੀਨ ਰਹਿ ਪਦਾਰਥੀ ਜਕੜ ਵਿਚ ਜੜਿਆ ਰਹਿੰਦਾ ਸੀ ਉਹ ਮਨ ਗੁਰੂ ਸਿਖਿਆਵਾਂ ਦਾ ਧਾਰਨੀ ਹੋਕੇ ਆਸਾ ਤ੍ਰਿਸ਼ਨਾ ਨੂੰ ਤਿਆਗ ਜਕੜ ਵਿਚ ਮੁਕਤ ਹੋ ਗਿਆ ਹੈ ਮਾਨੋ ਜਿਵੇ ਬਿੱਲੀ ਅਗੇ ਮਾਸ ਪਿਆ ਹੋਵੇ ਤੇ ਬਿੱਲੀ ਮੂੰਹ ਫੇਰ ਜਾਵੇ॥ਜੋ ਹਿਰਦੇ ਵਿਚ ਪਹਿਲਾ ਨਿਰਦਈਪਨ ਸੀ ਉਹ ਖਤਮ ਹੋ ਗਿਆ॥ਮਾਨੋ ਗੁਰੂ ਕਿਰਪਾ ਸਦਕਾ ਜੀਵ ਮਾਇਆ ਦੇ ਜਾਲ ਵਿੱਚੋ ਐਵੇ ਛੁਟ ਗਿਆ ਹੋਵੇ ਜਿਵੇ ਫਸੀ ਮੱਛੀ ਦਾ ਜਾਲ ਟੁੱਟ ਗਿਆ ਹੋਵੇ॥
ਸੂਕੇ ਕਾਸਟ ਹਰੇ ਚਲੂਲ ॥ ਊਚੈ ਥਲਿ ਫੂਲੇ ਕਮਲ ਅਨੂਪ ॥
ਅਗਨਿ ਨਿਵਾਰੀ ਸਤਿਗੁਰ ਦੇਵ ॥ ਸੇਵਕੁ ਅਪਨੀ ਲਾਇਓ ਸੇਵ ॥੩॥ 
ਜਦੋ ਗੁਰੂ ਦੀ ਕਿਰਪਾ ਸਦਕਾ ਜੀਵ ਗੁਰੂ ਦੀ ਸੇਵਾ ਵਿਚ ਵਿਚਰ ਦਾ ਹੈ ਤਾ ਉਸਦਾ ਜੀਵਨ ਐਵੇ ਹਰਿਆ ਭਰਿਆ ਹੋ ਜਾਂਦਾ ਹੈ ਜਿਵੇ ਕੋਈ ਸੁਕੀ ਕਾਠ ਦੁਬਾਰਾ ਪੁਗਰ ਉਠੀ ਹੋਵੇ॥ਜਦ ਗੁਰੂ ਜੀ ਨੇ ਹਿਰਦੇ ਵਿਚਲੀ ਤ੍ਰਿਸ਼ਨਾ ਰੂਪੀ ਅਗਨ ਖਤਮ ਕਰ ਗਿਆਨ ਦੀ ਵਰਖਾ ਕੀਤੀ ਤਾ ਜੋ ਹਿਰਦਾ ਪਹਿਲਾ ਬੰਜਰ ਜਮੀਨ ਵਰਗਾ ਸੀ, ਉਸ ਉਤੇ ਗੁਣਾ ਦੇ ਕੌਲ ਫੁੱਲ ਖਿਲ ਜਾਂਦੇ ਹਨ॥
ਅਕਿਰਤਘਣਾ ਕਾ ਕਰੇ ਉਧਾਰੁ ॥ ਪ੍ਰਭੁ ਮੇਰਾ ਹੈ ਸਦਾ ਦਇਆਰੁ ॥
ਸੰਤ ਜਨਾ ਕਾ ਸਦਾ ਸਹਾਈ ॥ ਚਰਨ ਕਮਲ ਨਾਨਕ ਸਰਣਾਈ ॥੪॥੩੯॥੫੦॥ 
ਨਾਨਕ ਤਾ ਅਜਿਹੇ ਸਾਹਿਬ ਨਾਲ ਹਮੇਸ਼ਾ ਜੁੜਕੇ ਰਹਿੰਦਾ ਹੈ ਜੋ ਨਾਂਹ ਸੁਕਰੀਆ ਦਾ ਵੀ ਉਧਾਰ ਕਰਦਾ ਹੈ, ਜੋ ਸਦਾ ਦਿਆਲਤਾ ਦੀ ਮੂਰਤ ਵਾਂਗ ਆਪਣੇ ਸੰਤ ਜਨਾ ਦੀ ਮਦਦ ਕਰਦਾ ਹੈ॥
ਭੈਣੇ ਮਨਮਤੋ ਐਵੇ ਗੁਰੂ ਸਾਡੇ ਜੀਵਨ ਦਾ ਉਧਾਰ ਕਰਦਾ ਹੈ ਤਾ ਜੋ ਅਸੀਂ ਸਾਹਿਬ ਨਾਲ ਮਿਲਾਪ ਪਾ ਮਿਲੇ ਸਵਾਸਾਂ ਦਾ ਸਦ ਉਪਯੋਗ ਕਰ ਸਕੀਏ॥
ਧੰਨਵਾਦ

ਬਾਘੁ ਮਰੈ ਮਨੁ ਮਾਰੀਐ

ਬਾਘੁ ਮਰੈ ਮਨੁ ਮਾਰੀਐ ਜਿਸੁ ਸਤਿਗੁਰ ਦੀਖਿਆ ਹੋਇ ॥
ਹੇ ਭਾਈ ਜਿਸ ਜੀਵ ਨੂੰ ਗੁਰੂ ਦੀ ਸਿਖਿਆਵਾਂ ਦਾ ਦਾਨ ਮਿਲਦਾ ਹੈ ਉਹ ਉਹਨਾਂ ਸਿਖਿਆਵਾਂ ਤੇ ਚਲਕੇ ਮਨ ਦੇ ਬੇਕਾਬੂਪਨ ਉਤੇ ਕਾਬੂ ਪਾ ਲੈਂਦਾ ਹੈ ਜਿਸਦੇ ਫਲਸਰੂਪ ਹੋਂਦਾ ਇਹ ਹੈ ਕੇ ਜੋ ਵਿਕਾਰਾਂ ਰੂਪੀ ਬਾਘ ਆਤਮਿਕ ਜੀਵਨ ਨੂੰ ਖਾਣ ਲਈ ਪਿੱਛੇ ਲੱਗੇ ਹੋਂਦੇ ਹਨ ਉਹ ਵੀ ਕਾਬੂ ਵਿਚ ਜਾਂਦੇ ਹਨ॥
ਆਪੁ ਪਛਾਣੈ ਹਰਿ ਮਿਲੈ ਬਹੁੜਿ ਨ ਮਰਣਾ ਹੋਇ॥
ਮਨ ਉਤੇ ਕਾਬੂ ਪਾਉਣ ਨਾਲ ਆਪੇ ਦੀ ਪਛਾਣ ਹੋ ਜਾਂਦੀ ਹੈ ਭਾਵ ਆਪਣੇ ਮੂਲ ਦਾ ਅਹਿਸਾਸ ਹੋ ਜਾਂਦਾ ਹੈ ਇਹ ਅਹਿਸਾਸ ਹੀ ਸਾਹਿਬ ਨਾਲ ਮਿਲਾਪ ਕਰਾ ਜਿੰਦਗੀ ਦੇ ਸਫ਼ਰ ਨੂੰ ਨਿਹਚਲ ਬਣਾ ਆਤਮਿਕ ਮੌਤ ਉਤੇ ਜਿੱਤ ਪਾ ਲੈਂਦਾ ਹੈ॥
ਕੀਚੜਿ ਹਾਥੁ ਨ ਬੂਡਈ ਏਕਾ ਨਦਰਿ ਨਿਹਾਲਿ ॥
ਜਦ ਜੀਵ ਨੂੰ ਆਪੇ ਦੀ ਪਛਾਣ ਹੋ ਇਕ ਸਾਹਿਬ ਦੀ ਹੋਂਦ ਦਾ ਅਹਿਸਾਸ ਹੋ ਜਾਂਦਾ ਹੈ ਅਤੇ ਇਕ ਸਾਹਿਬ ਦੀ ਕਿਰਪਾ ਦਾ ਪਾਤਰ ਬਣ ਜਾਂਦਾ ਹੈ ਫਿਰ ਅਜਿਹਾ ਜੀਵ ਕਦੇ ਵਿਕਾਰਾਂ ਦੇ ਝਿਕੜ ਨਾਲ ਆਪਣਾ ਆਪ ਨਹੀਂ ਲਿਬੇੜਦਾ॥
ਨਾਨਕ ਗੁਰਮੁਖਿ ਉਬਰੇ ਗੁਰੁ ਸਰਵਰੁ ਸਚੀ ਪਾਲਿ ॥੮॥
ਨਾਨਕ ਸੰਬੋਧਨ ਕਰਦਾ ਹੋਇਆ ਆਖਦਾ ਹੈ ਕੇ ਜਿਨ੍ਹਾਂ ਸੱਚ ਸਰੋਵਰ ਰੂਪੀ ਗੁਰੂ ਦੀ ਓਟ ਲੈ ਲਈ ਉਹ ਜਨ ਭਵ ਸਾਗਰ ਵਿੱਚੋ ਸਦਾ ਲਈ ਉਬਰ ਜਾਂਦੇ ਹਨ ਭਾਵ ਵਿਕਾਰਾਂ ਦੀ ਝਿਕੜ ਤੂੰ ਬਚ ਜਾਂਦੇ ਹਨ॥
ਸਾਰੀ ਗੱਲ ਆਪੇ ਦੀ ਪੜਚੋਲ ਉਤੇ ਖੜੀ ਹੈ ਜੋ ਮਿਲਾਪ ਦਾ ਵੀ ਕਾਰਨ ਬਣਦੀ ਹੈ ਅਤੇ ਝਿਕੜ ਰੂਪੀ ਵਿਕਾਰਾਂ ਤੂੰ ਵੀ ਬਚਾਉਂਦੀ ਹੈ॥
ਧੰਨਵਾਦ

Monday, September 26, 2016

ਧਰਮ ਦੇ ਠੇਕੇਦਾਰ ਕੌਣ

ਕਿਸੇ ਪੁੱਛਿਆ ਕੇ ਧਰਮ ਦੇ ਠੇਕੇਦਾਰ ਕੌਣ ਹੋਂਦੇ ਹਨ?
ਅਗੋ ਕਿਸੇ ਜਵਾਬ ਦਿੱਤਾ ਕੇ ਜੋ 1945 ਤੂੰ ਵਿਛੜੇ ਗੁਰਦਵਾਰਿਆਂ ਦੀ ਸੇਵਾ ਸੰਭਾਲ ਦੀ ਅਰਦਾਸ ਕਰਦੇ ਰਹੇ ਤੇ ਜਦ 2008 ਵਿਚ ਪਾਕਿਸਤਾਨ ਗੁਰਦਵਾਰਾ ਪ੍ਰਬੰਧਿਕ ਕਮੇਟੀ ਸੇਵਾ ਸੰਭਾਲ ਲਈ ਓਥੋਂ ਦੀ ਦੀ ਸਰਕਾਰ ਨੇ ਬਣਾਈ ਤਾ ਅਰਦਾਸ ਕਰਵਾਉਣ ਵਾਲਿਆਂ ਗੋਲਕ ਹੱਥੋਂ ਜਾਂਦੀ ਵੇਖ ਜਿਨ੍ਹਾਂ ਗੁਰਦਵਾਰਿਆਂ ਦੇ ਦਰਸ਼ਨ ਦੀਦਾਰਾਂ ਤੇ ਸੇਵਾ ਸੰਭਾਲ ਦੀ ਹੱਥ ਜੋੜ ਅਰਦਾਸ ਕਰਦੇ ਸਨ ਉਹਨਾਂ ਦਾ ਬਾਈਕਾਟ ਕਰ ਦਿੱਤਾ॥
ਸੋ ਗੁਰਬਾਣੀ ਵਿਚ ਪਹਿਲਾ ਦੱਸਿਆ ਗਿਆ ਹੈ ਜੋ ਅੰਦਰ ਹੋਂਦਾ ਉਹ ਸਮਾਂ ਪਾ ਬਾਹਰ ਆ ਜਾਂਦਾ ਹੈ॥
ਜੋ ਜੀਇ ਹੋਇ ਸੁ ਉਗਵੈ ਮੁਹ ਕਾ ਕਹਿਆ ਵਾਉ॥
ਅੰਦਰ ਤਾ ਗੋਲਕ ਸੀ ਫਿਰ ਮੂੰਹ ਦਾ ਕਿਹਾ ਕੇਵਲ ਹਵਾ ਦੇ ਆਉਣਾ ਜਾਣ ਨਾਲੋਂ ਵੱਧ ਕੇ ਕੁਝ ਵੀ ਨਹੀਂ ਸੀ॥
((SGPC =ਧਰਮ ਦੇ ਠੇਕੇਦਾਰ))

ਗੁਰਮਤਿ ਅਨੁਸਾਰ ਤੀਰਥ ਕੀ ਹੈ?

ਮਨਮਤੋ ਨੇ ਗੁਰਮਤੋ ਨੂੰ ਸਵਾਲ ਕੀਤਾ ਕੇ ਭੈਣੇ ਗੁਰਮਤਿ ਅਨੁਸਾਰ ਤੀਰਥ ਕੀ ਹੈ॥
ਗੁਰਮਤੋ ਜਵਾਬ ਦਿੰਦੀ ਹੋਈ ਬੋਲੀ...
ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ ॥ 
ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ ॥ 
ਭੈਣ ਮਨਮਤੋ ਸਿੱਖ ਸਿਖਿਆਰਥੀ ਲਈ ਗੁਰੂ ਗਰੰਥ ਸਾਹਿਬ ਜੀ ਦੀ ਸਬਦੁ ਵਿਚਾਰ ਹੀ ਸੱਚਾ ਤੀਰਥ ਹੈ॥ਇਸੇ ਸਚੇ ਤੀਰਥ ਤੇ ਨਿਤਾ ਪ੍ਰਤੀ ਜਦ ਸਿੱਖ ਸਿਖਿਆਰਥੀ ਮਨ ਨੂੰ ਗੁਰਬਾਣੀ ਦਾ ਇਸਨਾਨਾ ਕਰਵਾਂਦਾ ਹੈ ਤਾ ਮਨ ਨਿਰਮੋਲ ਹੋ ਆਪਣੇ ਮੂਲ ਨੂੰ ਪਛਾਣ ਲੈਂਦਾ ਹੈ॥
ਮਨਮਤੋ ਬੋਲੀ ਭੈਣੇ ਗੁਰਮਤਿ ਬਾਹਰੀ ਤੀਰਥ ਨੂੰ ਕਿਉ ਨਹੀਂ ਪ੍ਰਵਾਨ ਕਰਦੀ?
ਗੁਰਮਤੋ ਜਵਾਬ ਵਿਚ ਬੋਲੀ ..
ਤੀਰਥ ਨਾਤਾ ਕਿਆ ਕਰੇ ਮਨ ਮਹਿ ਮੈਲੁ ਗੁਮਾਨੁ ॥
ਬਾਹਰੀ ਤੀਰਥ ਕੇਵਲ ਤਨ ਦੀ ਮੈਲ ਧੋ ਸਕਦਾ ਹੈ ਭੈਣੇ ਪਰ ਮਨ ਦਾ ਗੁਮਾਨ ਤਾ ਫਿਰ ਉਥੇ ਦਾ ਉਥੇ ਖੜਾ ਰਹਿੰਦਾ ਹੈ ਸਗੋਂ ਗੁਰੂ ਜੀ ਨੇ ਆਖ ਦਿੱਤਾ....
ਨਾਵਣ ਚਲੇ ਤੀਰਥੀ ਮਨਿ ਖੋਟੈ ਤਨਿ ਚੋਰ ॥ ਇਕੁ ਭਾਉ ਲਥੀ ਨਾਤਿਆ ਦੁਇ ਭਾ ਚੜੀਅਸੁ ਹੋਰ ॥ 
ਬਾਹਰਿ ਧੋਤੀ ਤੂਮੜੀ ਅੰਦਰਿ ਵਿਸੁ ਨਿਕੋਰ ॥ ਸਾਧ ਭਲੇ ਅਣਨਾਤਿਆ ਚੋਰ ਸਿ ਚੋਰਾ ਚੋਰ ॥੨॥
ਜਦ ਤੱਕ ਮੰਨ ਦੀ ਮੈਲ ਨਹੀਂ ਉਤਰਦੀ ਤਦ ਤੱਕ ਬਾਹਰੀ ਕਰਮ ਕਰਮਕਾਂਡ ਬਣਕੇ ਰਹਿ ਜਾਂਦਾ ਹੈ ਸਗੋਂ ਤੀਰਥ ਉਤੇ ਨਹਾਉਣ ਦਾ ਹੋਰ ਗਰਬ ਆ ਘੇਰਦਾ ਹੈ॥ਇਸਲਈ ਤਾ ਭੈਣੇ ਗੁਰੂ ਜੀ ਨੇ ਜਪੁ ਬਾਣੀ ਵਿਚ ਹੀ ਆਖ ਦਿੱਤਾ...
ਤੀਰਥਿ ਨਾਵਾ ਜੇ ਤਿਸੁ ਭਾਵਾ ਵਿਣੁ ਭਾਣੇ ਕਿ ਨਾਇ ਕਰੀ ॥
ਜਿਸ ਕਰਮ ਵਿਚ ਮੇਰੇ ਸਾਹਿਬ ਦੀ ਖੁਸ਼ੀ ਨਹੀਂ ਹੈ ਉਸਨੂੰ ਕਰਨ ਦਾ ਕੀ ਲਾਹਾ ਹੈ॥
ਸੋ ਭੈਣੇ ਮਨਮਤੋ ਸਿੱਖ ਦਾ ਤੀਰਥ ਕੇਵਲ ਤੇ ਕੇਵਲ ਗੁਰੂ ਗਰੰਥ ਸਾਹਿਬ ਜੀ ਹੈ ਅਤੇ ਬਾਕੀ ਜੋ ਅਸੀਂ ਵੱਖ ਵੱਖ ਥਾਵਾਂ ਤੇ ਗੁਰਦਵਾਰਿਆਂ ਦੇ ਦਰਸ਼ਨ ਕਰਨ ਜਾਂਦੇ ਹਾਂ ਉਸਦੇ ਪਿੱਛੇ ਕਾਰਣ ਹੋਂਦਾ ਹੈ ਇਤਹਾਸਿਕ ਪੱਖ ਤੂੰ ਜਾਣੂ ਹੋਣਾ॥ਵੈਸੇ ਜੋ ਗੁਰੂ ਗਰੰਥ ਸਾਹਿਬ ਜੀ ਸਰੂਪ ਆਪਣੇ ਪਿੰਡ ਗੁਰਦਵਾਰੇ ਵਿਚ ਹੈ ਓਹੀ ਸਰੂਪ ਹਰ ਗੁਰਦਵਾਰੇ ਵਿਚ ਹੈ॥
ਗੁਰਬਾਣੀ ਦਾ ਰਸ ਹਰ ਥਾਂ ਇਕਸਾਰ ਹੈ ਬਸ ਲੋੜ ਹੈ ਤਵੱਜੋ ਦੇਣਦੀ ਭੈਣੇ ਮਨਮਤੋ॥
ਵਿਣੁ ਮਨੁ ਮਾਰੇ ਕੋਇ ਨ ਸਿਝਈ ਵੇਖਹੁ ਕੋ ਲਿਵ ਲਾਇ ॥
ਭੇਖਧਾਰੀ ਤੀਰਥੀ ਭਵਿ ਥਕੇ ਨਾ ਏਹੁ ਮਨੁ ਮਾਰਿਆ ਜਾਇ ॥ 
ਗੁਰਮੁਖਿ ਏਹੁ ਮਨੁ ਜੀਵਤੁ ਮਰੈ ਸਚਿ ਰਹੈ ਲਿਵ ਲਾਇ ॥
ਨਾਨਕ ਇਸੁ ਮਨ ਕੀ ਮਲੁ ਇਉ ਉਤਰੈ ਹਉਮੈ ਸਬਦਿ ਜਲਾਇ ॥
ਧੰਨਵਾਦ

ਰੇ ਮਨ ਡੀਗਿ ਨ ਡੋਲੀਐ ਸੀਧੈ ਮਾਰਗਿ ਧਾਉ ॥

ਰੇ ਮਨ ਡੀਗਿ ਨ ਡੋਲੀਐ ਸੀਧੈ ਮਾਰਗਿ ਧਾਉ ॥
ਹੇ ਮੇਰੇ ਮਨ ਸਿਧੇ ਰਾਹਾਂ ਉਤੇ ਚਲਣਾ ਹੀ ਸੁਚੱਜੇਪਣ ਦੀ ਨਿਸ਼ਾਨੀ ਹੋਂਦੀ ਹੈ ਜਿਸਦੇ ਫਲਸਰੂਪ ਡਿਗਣ ਡੋਲਣ ਵਾਲੀ ਅਵਸਥਾ ਨਹੀਂ ਬਣਦੀ॥
ਪਾਛੈ ਬਾਘੁ ਡਰਾਵਣੋ ਆਗੈ ਅਗਨਿ ਤਲਾਉ ॥
ਤੇਰੇ ਜਿੰਦਗੀ ਦੇ ਸਫ਼ਰ ਵਿਚ ਪਿੱਛੇ ਪਿੱਛੇ ਬਾਘ ਰੂਪੀ ਵਿਕਾਰ ਲਗੇ ਹਨ ਤੇ ਅਗੇ ਮਉਤ ਰੂਪੀ ਅਗਨ ਦਾ ਤਲਾਉ ਤੈਨੂੰ ਕਲਾਵੇ ਵਿਚ ਲੈਣ ਨੂੰ ਫਿਰਦਾ ਹੈ ॥
ਸਹਸੈ ਜੀਅਰਾ ਪਰਿ ਰਹਿਓ ਮਾ ਕਉ ਅਵਰੁ ਨ ਢੰਗੁ ॥ 
ਅਜੇਹੀ ਸਥਿਤੀ ਵਿਚ ਜਿੰਦ ਸਹਿਮੀ ਹੋਈ ਹੈ, ਬਚਾਉ ਦਾ ਹੋਰ ਢੰਗ ਨਹੀਂ ਹੈ॥
ਨਾਨਕ ਗੁਰਮੁਖਿ ਛੁਟੀਐ ਹਰਿ ਪ੍ਰੀਤਮ ਸਿਉ ਸੰਗੁ ॥੭॥
ਨਾਨਕ ਸੰਬੋਧਨ ਕਰਦਾ ਹੋਇਆ ਇਕੋ ਇਕ ਲੌਤਾ ਮਾਰਗ ਦਸਣਾ ਕਰਦਾ ਹੈ ਕੇ ਗੁਰੂ ਦੇ ਸਨਮੁਖ ਹੋ ਕੇ ਗੁਰੂ ਦੀਆ ਸਿਖਿਆਵਾਂ ਦਾ ਸੰਗ ਕਰਕੇ ਹੀ ''''ਪਾਛੈ ਬਾਘੁ ਡਰਾਵਣੋ ਆਗੈ ਅਗਨਿ ਤਲਾਉ''' ਤੂੰ ਬਚਿਆ ਜਾ ਸਕਦਾ ਹੈ॥
ਇਹੀ ਕਹਾਣੀ ਸਾਡੇ ਸਾਰਿਆਂ ਉਤੇ ਪੱਲ ਪੱਲ ਵਾਪਰ ਰਹੀ ਹੈ ਪਰ ਅਸੀਂ ਅਣਜਾਣ ਬਣਕੇ ਜੀਵਨ ਜੀਉ ਰਹੇ ਹਾਂ ਜਿਸਦਾ ਨਤੀਜਾ ਨਿਸਚਿਤ ਹੈ॥
ਕਹਿ ਕਬੀਰ ਕਿਛੁ ਗੁਨੁ ਬੀਚਾਰਿ ॥
ਚਲੇ ਜੁਆਰੀ ਦੁਇ ਹਥ ਝਾਰਿ ॥
ਧੰਨਵਾਦ

Sunday, September 25, 2016

ਬੁਧਿ ਬਦਲੀ ਸਿਧਿ ਪਾਈ

ਬੜ੍ਹੀ ਹੈਰਾਨੀ ਹੋਂਦੀ ਹੈ ਕੇ ਜਾਤ ਪਾਤ ਰੰਗ ਰੂਪ ਭੇਦ ਭਾਵ ਤੂੰ ਉਪਰ ਉਠੇ ਸਿੱਖੀ ਦੇ ਸਿਖਿਆਰਥੀ ਅੱਜ ਕੱਲ ਲੋਕਾਂ ਦੇ ਪਹਿਰਾਵੇ ਦਾ ਭੇਦ ਭਾਵ ਕਰਦੇ ਹਨ॥ਖੁਦ ਦੀ ਪੱਗ ਦੁਮਾਲੇ ਨੂੰ ਸਰੇਸ਼ਟ ਤੇ ਦੂਜੇ ਦੀ ਟੋਪੀ ਨੂੰ ਹੀਣਤਾ ਨਾਲ ਪੇਸ਼ ਕਰਦੇ ਹਨ॥
ਫਿਰ ਅਜਿਹੇ ਸਥਿਤੀ ਵਿਚ ਤਾ ਅਸੀਂ '''ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ ''''ਵਾਲਾ ਉਪਦੇਸ਼ ਤਾ ਵਿਸਾਰ ਦਿੱਤਾ॥ਉਲਟਾ ਭੇਦ ਭਾਵ ਦੀ ਸਭ ਤੂੰ ਗਿਰਹੇ ਹੋਏ ਮਿਆਰ ਦੇ ਪਾਂਧੀ ਬਣਗੇ॥
ਮੁੱਦਿਆਂ ਨੂੰ ਮੁੱਦਿਆਂ ਨਾਲ ਹੱਲ ਕਰੋ॥ਨਾਂਹ ਦੇਹ ਨੂੰ ਨਿਸ਼ਾਨਾ ਬਣਾਉ ਤੇ ਨਾਂਹ ਕਿਸੇ ਦੇ ਪਹਿਰਾਵੇ ਨੂੰ॥
ਜੇ ਸਾਡੀ ਵਾਲੀ ਸੋਚ ਗੁਰੂ ਨਾਨਕ ਜੀ ਦੀ ਹੋਂਦੀ ਤਾ ਗੁਰੂ ਜੀ ਆਪਣੀਆਂ ਉਦਾਸੀਆਂ ਵਿਚ ਲੋਕਾਂ ਨੂੰ ਇਹ ਦਸਦੇ ਰਹਿੰਦੇ ਕੇ ਇਹ ਪਾਇਆ ਕਰੋ ਤੇ ਇਹ ਨਹੀਂ॥
ਪਰ ਗੁਰੂ ਜੀ ਨੇ ਜ਼ੋਰ ਇਸ ਗੱਲ ਉਤੇ ਦਿੱਤਾ ਇਹ ਕਰਿਆ ਕਰੋ ਤੇ ਇਸਦਾ ਤਿਆਗ ਕਰੋ॥
ਕਿਉਂਕਿ ਗੁਰੂ ਜੀ ਦਾ ਅਟਲ ਵਿਸ਼ਵਾਸ ਹੈ ਕੇ ਦੇਹ ਵਿਚਲੀ ਸੁਰਤ ਬਦਲ ਦਿਉ ਸੂਰਤ ਆਪਣੇ ਆਪ ਨਿਖੜਕੇ ਕੇ ਸਾਹਮਣੇ ਆ ਜਾਂਦੀ ਹੈ॥
ਪਰ ਅਸੀਂ ਉਲਟੇ ਨਹੀਂ ਡਬਲ ਉਲਟੇ ਹੋ ਗਏ ਹਾਂ॥ਹਰ ਥਾਂ ਪਹਿਲਾ ਦੇਹ ਤੇ ਦੇਹ ਉਤਲੇ ਪਹਿਰਾਵੇ ਨੂੰ ਘਸੀਟਦੇ ਹਾਂ ॥
ਸੋ ਗੁਰਬਾਣੀ ਉਤੇ ਨਿਸਚਾ ਬਣਾਉ....
ਜਬ ਬੁਧਿ ਹੋਤੀ ਤਬ ਬਲੁ ਕੈਸਾ ਅਬ ਬੁਧਿ ਬਲੁ ਨ ਖਟਾਈ ॥
ਕਹਿ ਕਬੀਰ ਬੁਧਿ ਹਰਿ ਲਈ ਮੇਰੀ ਬੁਧਿ ਬਦਲੀ ਸਿਧਿ ਪਾਈ ॥
ਧੰਨਵਾਦ

ਫਰੀਦਾ ਏ ਵਿਸੁ ਗੰਦਲਾ ਧਰੀਆਂ ਖੰਡੁ ਲਿਵਾੜਿ॥

ਫਰੀਦਾ ਏ ਵਿਸੁ ਗੰਦਲਾ ਧਰੀਆਂ ਖੰਡੁ ਲਿਵਾੜਿ॥
ਇਕਿ ਰਾਹੇਦੇ ਰਹਿ ਗਏ ਇਕਿ ਰਾਧੀ ਗਏ ਉਜਾੜਿ॥੩੭॥
ਸੇਖ ਸਾਬ ਪਸਰੇ ਹੋਏ ਪਾਸਾਰੇ ਵਿਚ ਜੋ ਤਮਾਸ਼ਾ ਚਲ ਰਿਹਾ ਹੈ ਉਸਦੇ ਪਿਛੇ ਦੀ ਅਸਲ ਸਚਾਈ ਉਜਾਗਰ ਕਰਦੇ ਹੋਏ ਦਸ ਰਹੇ ਹਨ ਕੇ ਮਾਇਆ ਰੂਪੀ ਬੰਧਨ ਹੈ ਤਾ ਅਸਲ ਵਿਚ ਘਾਤਕ ਜਹਿਰ ਪਰ ਇਸ ਜਹਿਰ ਦੀ ਉਪਰਲੀ ਪਰਤ ਮਿਠੀ ਲਗਦੀ ਹੈ ਭਾਵ ਕੇ ਬੰਧਨ ਉਤੇ ਮੋਹ ਦੀ ਮਿਠਾਸ ਚੜੀ ਹੋਈ ਹੈ ਜੋ ਅਸਲ ਨੂ ਪਛਾਨਣ ਨਹੀ ਦਿੰਦੀ॥
ਵਿਚਾਰ ਅਗੇ ਤੋਰਦੇ ਹੋਏ ਸੇਖ ਸਾਬ ਆਖਦੇ ਹਨ ਕੇ ਇਹ ਬੰਧਨ ਰੂਪੀ ਜਾਲ ਜੀਵ ਸਾਰੀ ਉਮਰ ਖੁਦ ਹੀ ਬੁਨਦਾ ਰਹੰਦਾ ਹੈ ਤੇ ਆਖਰ ਆਪਣੇ ਬੁਨੇ ਜਾਲ ਵਿਚ ਫਸ ਸਵਾਸਾ ਦਾ ਖਜਾਨਾ ਗੁਆ ਤੁਰ ਜਾਂਦਾ ਹੈ॥
ਇਹਨਾ ਵਿਸੁ ਰੂਪੀ ਗੰਦਲਾ ਬਾਰੇ ਕਬੀਰ ਜੀ ਵੀ ਬਦਲੇਵੇ ਰੂਪੀ ਵਿਚ ਬਿਆਨ ਕਰਦੇ ਹਨ ਕੇ ਕਿਵੇ ਇਹ ਬੰਧਨਾ ਦਾ ਜਾਲ ਇਕ ਇਕ ਕਰ ਸਭ ਤੇ ਹਾਵੀ ਹੋਂਦਾ ਹੈ।
ਖਸਮੁ ਮਰੈ ਤਉ ਨਾਰਿ ਨ ਰੋਵੈ ॥ ਉਸੁ ਰਖਵਾਰਾ ਅਉਰੋ ਹੋਵੈ ॥ 
ਰਖਵਾਰੇ ਕਾ ਹੋਇ ਬਿਨਾਸ ॥ ਆਗੈ ਨਰਕੁ ਈਹਾ ਭੋਗ ਬਿਲਾਸ ॥੧॥ 
ਏਕ ਸੁਹਾਗਨਿ ਜਗਤ ਪਿਆਰੀ ॥ ਸਗਲੇ ਜੀਅ ਜੰਤ ਕੀ ਨਾਰੀ ॥
ਬੰਧਨ ਨਹੀ ਮਰਦੇ ਪਰ ਬੰਧਨਾ ਵਿਚ ਫਸਿਆ ਯਕੀਨਨ ਮਾਰਿਆ ਜਾਂਦਾ ਹੈ॥
ਇਸੇ ਬੰਧਨ ਨੂ ਮੁਖ ਰਖ ਸੇਖ ਸਾਬ ਨੇ ਆਪਣੇ ੩ ਨੰਬਰ,ਸਲੋਕ ਵਿਚ ਇਸਦਾ ਜਿਕਰ ਕੀਤਾ ਤੇ ਕੰਤ ਕਰਤਾਰ ਦਾ ਸੁਕਰ ਕੀਤਾ ਜਿਸਨੇ ਇਸ ਜਾਲ ਨੂ ਬਚਾ ਲਿਆ॥
ਕਿਝੁ ਨ ਬੁਝੈ ਕਿਝੁ ਨ ਸੁਝੈ ਦੁਨੀਆ ਗੁਝੀ ਭਾਹਿ ॥ 
ਸਾਂਈਂ ਮੇਰੈ ਚੰਗਾ ਕੀਤਾ ਨਾਹੀ ਤ ਹੰ ਭੀ ਦਝਾਂ ਆਹਿ ॥੩॥

ਬਿਰਹਾ ਬਿਰਹਾ ਆਖੀਐ ਬਿਰਹਾ ਤੂ ਸੁਲਤਾਨੁ॥

ਬਿਰਹਾ ਬਿਰਹਾ ਆਖੀਐ ਬਿਰਹਾ ਤੂ ਸੁਲਤਾਨੁ॥
ਫਰੀਦਾ ਜਿਤੁ ਤਨਿ ਬਿਰਹੁ ਨ ਊਪਜੈ ਸੋ ਤਨੁ ਜਾਣੁ ਮਸਾਨੁ॥੩੬॥
ਸੇਖ ਸਾਬ ਦੁਨਿਆਵੀ ਰੀਤ ਜਾ ਇਸਕ ਮਜਾਜੀ ਵਿਚ ਜੋ ਵਿਛੋੜੇ ਨੂ ਮਾੜਾ ਕੇਹਾ ਜਾਂਦਾ ਹੈ ਜਾ ਆਖਿਆ ਜਾਂਦਾ ਹੈ ਹਾਏ ਵਿਛੋੜਾ ਮਾੜਾ ਹੈ ਉਸਦੇ ਉਲਟ ਜਾਕੇ ਆਖਦੇ ਹਨ ਕੇ ਵਿਛੋੜੇ ਦਾ ਅਹਿਸਾਸ ਤਾ ਸਭ ਤੂ ਸ੍ਰੇਸਟ ਹੈ ਕਿਓਕੇ ਜਦ ਵਿਛੋੜੇ ਦਾ ਅਹਿਸਾਸ ਹੋਵੇਗਾ ਤਦ ਹੀ ਜੀਵ ਮਿਲਾਪ ਕਰਨ ਲਈ ਮਾਰਗ ਲਭੇਗਾ॥
ਪਰ ਸੇਖ ਸਾਬ ਆਖਦੇ ਹਨ ਜੇ ਕਿਸੇ ਨੂ ਵਿਛੋੜੇ ਦਾ ਅਹਿਸਾਸ ਹੀ ਨਾਹ ਹੋਵੇ ਭਾਵ ਓਸ ਨੂ ਇਹ ਹੀ ਮਹਸੂਸ ਨਾਹ ਹੋਵੇ ਕੇ ਓਹ ਆਪਣੇ ਕੰਤ ਕਰਤਾਰ ਤੂ ਵਿਛੜਿਆ ਹੋਇਆ ਤਾ ਮਾਨੋ ਓਹ ਤਨ ਜਾ ਦੇਹ ਤੁਰਦੀ ਫਿਰਦੀ ਲਾਸ਼ ਹੈ॥
ਸਮਝਣ ਵਾਲੀ ਗੱਲ ਇਹ ਹੈ ਕੇ ਕੋਈ ਵੀ ਤਲਾਸ ਉਦੋ ਆਰੰਭ ਹੋਂਦੀ ਹੈ ਜਦ ਪਤਾ ਲਗੇ ਕੇ ਕੁਝ ਖੁਸ ਗਿਆ ਹੈ ਭਾਵ ਕੋਈ ਵਿਛੜ ਗਿਆ ਹੈ॥
ਵਿਛੋੜੇ ਦਾ ਅਹਿਸਾਸ ਮਿਲਾਪ ਵੱਲ ਪੁਟਿਆ ਪਹਲਾ ਕਦਮ ਹੈ॥
ਇਸੇ ਤਰ੍ਹਾ ਮਹਲਾ ੨ ਆਖਦੇ ਹਨ.
ਜੋ ਸਿਰੁ ਸਾਂਈ ਨਾ ਨਿਵੈ ਸੋ ਸਿਰੁ ਦੀਜੈ ਡਾਰਿ ॥ 
ਨਾਨਕ ਜਿਸੁ ਪਿੰਜਰ ਮਹਿ ਬਿਰਹਾ ਨਹੀ ਸੋ ਪਿੰਜਰੁ ਲੈ ਜਾਰਿ ॥
ਜਿਥੇ ਸਾਹਿਬ ਨਾਲੋ ਵਿਛੋੜੇ ਦਾ ਅਹਿਸਾਸ ਨਹੀ ਉਥੇ ਸਾਹਿਬ ਪ੍ਰਤੀ ਸਤਕਾਰ ਕਦੇ ਵੀ ਨਹੀ ਹੋ ਸਕਦਾ॥

ਫਰੀਦਾ ਚਿੰਤ ਖਟੋਲਾ ਵਾਣੁ ਦੁਖੁ ਬਿਰਹਿ ਵਿਛਾਵਣ ਲੇਫੁ॥

ਫਰੀਦਾ ਚਿੰਤ ਖਟੋਲਾ ਵਾਣੁ ਦੁਖੁ ਬਿਰਹਿ ਵਿਛਾਵਣ ਲੇਫੁ॥
ਏਹੁ ਹਮਾਰਾ ਜੀਵਣਾ ਤੂ ਸਾਹਿਬ ਸਚੇ ਵੇਖੁ॥੩੫॥
ਸੇਖ ਸਾਬ ਆਤਮਿਕ ਸਥਿਤੀ ਦਾ ਚਿਤਰਣ ਚਿਤਰ ਦੇ ਹੋਏ ਆਖਦੇ ਹਨ ਕੇ '''ਸੁਤੀ ਆਇ ਨਚਿੰਦੁ''' ਦੀ ਅਵਸਥਾ ਕਰਕੇ ਮਾਨੋ ਚਿੰਤਾ ਰੂਪੀ ਮੰਜਾ ਹੈ ਤੇ ਇਹ ਮੰਜਾ ਦੁਖ ਰੂਪੀ ਵਾਣ ਦਾ ਬੁਨਿਆ ਹੋਇਆ ਹੈ ਤੇ ਉਪਰੋ ਕੰਤ ਕਰਤਾਰ ਨਾਲ ਵਿਛੋੜਾ ਤਲਾਈ ਦੇ ਰੂਪ ਵਿਚ ਵਿਛਿਆ ਹੋਇਆ ਹੈ॥ ਹੇ ਕੰਤ ਕਰਤਾਰ ਤੂ ਸਾਡੇ ਇਸ ਜੀਵਨ ਵੱਲ ਨਿਗਾਹ ਮਾਰ ਕੇ ਅਸੀਂ ਤੇਰੇ ਨਾਲੋ ਵਿਛੜ ਕਿਦਾ ਜੀਈ ਰਹੇ ਹਾ॥
ਸਮਝਣ ਵਾਲੀ ਗੱਲ ਹੈ ਜਿਸ ਜੀਵਨ ਜੀਣ ਦੀ ਵਿਉਤ ਵਿਚ ਚਿੰਤਾ ਦੁਖ ਤੇ ਵਿਛੋੜਾ ਹੋਵੇ ਓਹ ਜੀਵਨ ਕੇਵਲ ਕਹਨ ਸੁਣਨ ਤੱਕ ਜੀਵਨ ਹੈ ਅਸਲ ਵਿਚ ਇਹ ਆਤਮਿਕ ਤੋਰ ਤੇ ਮਰਿਆ ਹੋਇਆ ਜੀਵਨ ਹੈ ਜਿਸ ਵਿਚ ਸਚ ਨੂ ਦੂਰ ਦੂਰ ਤੱਕ ਕੋਈ ਥਾ ਨਹੀ॥
ਮਰੇ ਆਤਮਿਕ ਪਖ ਦਾ ਜਮੀਰੀ ਪਖ ਵੀ ਮਰਿਆ ਹੀ ਹੋਂਦਾ ਹੈ॥ਗੁਲਾਮੀ ਹੀ ਗੁਲਾਮੀ ਹਰ ਪਲ ਪੱਲੇ ਪੈਂਦੀ ਹੈ॥
ਇਸੇ ਤਥ ਨੂ ਮਦੇ ਨਜਰ ਰਖ ਮਹਲਾ ੧ ਨੇ ਆਖ ਦਿੱਤਾ....
ਸੋ ਜੀਵਿਆ ਜਿਸੁ ਮਨਿ ਵਸਿਆ ਸੋਇ ॥ ਨਾਨਕ ਅਵਰੁ ਨ ਜੀਵੈ ਕੋਇ ॥ 
ਜੇ ਜੀਵੈ ਪਤਿ ਲਥੀ ਜਾਇ ॥ ਸਭੁ ਹਰਾਮੁ ਜੇਤਾ ਕਿਛੁ ਖਾਇ ॥
ਰਾਜਿ ਰੰਗੁ ਮਾਲਿ ਰੰਗੁ ॥ ਰੰਗਿ ਰਤਾ ਨਚੈ ਨੰਗੁ ॥
ਨਾਨਕ ਠਗਿਆ ਮੁਠਾ ਜਾਇ ॥ ਵਿਣੁ ਨਾਵੈ ਪਤਿ ਗਇਆ ਗਵਾਇ ॥
ਇਹ ਸਾਰੇ ਓਹ ਹੀ ਹਨ ਜਿੰਨਾ ਬਾਰੇ ਆਖਿਆ ਗਿਆ..''ਏਹੁ ਹਮਾਰਾ ਜੀਵਣਾ ਤੂ ਸਾਹਿਬ ਸਚੇ ਵੇਖੁ

ਜੋਬਨ ਜਾਂਦੇ ਨਾ ਡਰਾਂ ਜੇ ਸਹ ਪ੍ਰੀਤਿ ਨ ਜਾਇ ॥

ਜੋਬਨ ਜਾਂਦੇ ਨਾ ਡਰਾਂ ਜੇ ਸਹ ਪ੍ਰੀਤਿ ਨ ਜਾਇ ॥
ਫਰੀਦਾ ਕਿਤੀ ਜੋਬਨ ਪ੍ਰੀਤਿ ਬਿਨੁ ਸੁਕਿ ਗਏ ਕੁਮਲਾਇ ॥੩੪॥
ਸੇਖ ਸਾਬ ਆਖ ਰਹੇ ਹਨ ਕੇ ਜਿੰਦਗੀ ਦਾ ਸਫਰ ਜੋ ਬਚਪਨ ਤੂ ਜਵਾਨੀ ਤੇ ਜਵਾਨੀ ਤੂ ਬੁਢਾਪੇ ਵੱਲ ਜਾਂਦਾ ਵੇਖ ਮੈਨੂ ਕੋਈ ਚਿੰਤਾ ਜਾ ਢੋਰਾ ਨਹੀ ਖਾਂਦਾ ਜੇ ਮੇਰੇ ਪ੍ਰੀਤ ਕੰਤ ਕਰਤਾਰ ਨਾਲ ਬਣੀ ਰਹੇ॥
ਅਗੇ ਸੇਖ ਸਾਬ ਬਿਆਨ ਕਰਦੇ ਹਨ ਕਿਓਕੇ ਇਥੇ ਕਈ ਜੋਬਨ ਬਿਨਾ ਸਾਹਿਬ ਨਾਲ ਪ੍ਰੀਤ ਪਾਏ ਖਤਮ ਹੋ ਗਏ ਹਨ ਭਾਵ ਜਿੰਦਗੀ ਦਾ ਸਫਰ '''ਸੁਤੀ ਆਇ ਨਚਿੰਦੁ ''ਵਿਚ ਹੀ ਕਢ ਦਿੱਤਾ॥
'''ਕਿਤੀ ਜੋਬਨ ਪ੍ਰੀਤਿ ਬਿਨੁ ਸੁਕਿ ਗਏ ਕੁਮਲਾਇ'''
ਵਿਚਾਰ ਨੂ ਮਦੇ ਨਜਰ ਰਖਦੇ ਗੁਰੂ ਜੀ ਨੂ ਹੋਕਾ ਦੇਣਾ ਪਿਆ॥
ਪ੍ਰਾਣੀ ਤੂੰ ਆਇਆ ਲਾਹਾ ਲੈਣਿ ॥ 
ਲਗਾ ਕਿਤੁ ਕੁਫਕੜੇ ਸਭ ਮੁਕਦੀ ਚਲੀ ਰੈਣਿ ॥
ਦੂਜੇ ਪਾਸੇ ਜਿੰਨਾ ਨੇ ਕੰਤ ਕਰਤਾਰ ਨਾਲ ਪ੍ਰੀਤ ਪਾਈ ਹੈ ਉਹਨਾ ਬਾਰੇ ਆਖ ਦਿੱਤਾ॥
ਪ੍ਰੀਤਿ ਲਗੀ ਤਿਸੁ ਸਚ ਸਿਉ ਮਰੈ ਨ ਆਵੈ ਜਾਇ ॥ ਨਾ ਵੇਛੋੜਿਆ ਵਿਛੁੜੈ ਸਭ ਮਹਿ ਰਹਿਆ ਸਮਾਇ ॥ 
ਸਮਝਣ ਲੋੜ ਹੈ ਜੋ ਉਦੇ ਹੋਇਆ ਹੈ ਉਸਨੇ ਅਸਤ ਵੀ ਹੋਣਾ ਹੀ ਹੈ ਬਸ ਫਰਕ ਇੰਨਾ ਕੋ ਹੈ ਕੇ ਉਦੇ ਤੂ ਅਸਤ ਹੋਣ ਦਾ ਸਫਰ ਕਿਵੇ ਗੁਜਾਰਿਆ ਗਿਆ॥

ਨਾਤੀ ਧੋਤੀ ਸੰਬਹੀ ਸੁਤੀ ਆਇ ਨਚਿੰਦੁ ॥

ਨਾਤੀ ਧੋਤੀ ਸੰਬਹੀ ਸੁਤੀ ਆਇ ਨਚਿੰਦੁ ॥ 
ਫਰੀਦਾ ਰਹੀ ਸੁ ਬੇੜੀ ਹਿੰਙੁ ਦੀ ਗਈ ਕਥੂਰੀ ਗੰਧੁ ॥੩੩॥
ਸੇਖ ਸਾਬ ਸਿਰਫ ਧਾਰਮਿਕ ਅਖਵਾਣ ਦੇ ਇਕ ਮੁਢਲੇ ਤੱਤ ਉਤੇ ਵਿਅੰਗ ਕਰਦੇ ਆਖ ਰਹੇ ਹਨ ਕੇ ਕੰਤ ਕਰਤਾਰ ਨੂ ਮਿਲਣ ਲਈ ਜੀਵ ਇਸਤਰੀ ਨੇ ਦੇਹ ਦਾ ਤਾ ਪੂਰਾ ਸਿਂਗਾਰ ਕੀਤਾ ਪਰ ਸੁਰਤ ਪਖੋ ਸੁਤੀ ਰਹੀ॥
ਭਾਵ...
ਮਾਥੇ ਤਿਲਕੁ ਹਥਿ ਮਾਲਾ ਬਾਨਾਂ ॥
ਲੋਗਨ ਰਾਮੁ ਖਿਲਉਨਾ ਜਾਨਾਂ '''
ਅਗੇ ਸੇਖ ਸਾਬ ਆਖਦੇ ਹਨ ਇਹ ਤਾ ਇੰਜ ਹੋਇਆ ਕੇ ਕਸਤੂਰੀ ਵਾਲੀ ਸੁਗੰਧ ਤਾ ਉਡ ਗਈ ਤੇ ਇਹ ਕੇਵਲ ਹਿਙ ਦੀ ਦੁਰਗੰਧ ਤੱਕ ਸੀਮਤ ਹੋ ਰਹ ਗਈ॥
ਭਾਵ ਬਾਹਰੀ ਦਿਖਾਵੇ ਦੀ ਦੁਰਗੰਧ ਹਿਙ ਦੀ ਗੰਧ ਵਾਂਗ ਇੰਨੀ ਤੇਜ ਹੋਂਦੀ ਹੈ ਕੇ ਇਹ ਅੰਦਰੋ ਆਉਂਦੀ ਕਸਤੂਰੀ ਦੀ ਸੁਗੰਧ ਉਤੇ ਹਾਵੀ ਹੋ ਜਾਂਦੀ ਹੈ॥
ਇਸਲਈ ਗੁਰਬਾਣੀ ਦਾ ਪਹਲਾ ਉਪਦੇਸ਼ ਹੈ,,
ਪ੍ਰਥਮੇ ਮਨੁ ਪਰਬੋਧੈ ਅਪਨਾ ਪਾਛੈ ਅਵਰ ਰੀਝਾਵੈ ॥ 
ਰਾਮ ਨਾਮ ਜਪੁ ਹਿਰਦੈ ਜਾਪੈ ਮੁਖ ਤੇ ਸਗਲ ਸੁਨਾਵੈ ॥
ਸਭ ਤੂ ਪਹਲਾ ਮਨ ਦਾ ਸਿਂਗਾਰ ਗੁਰਬਾਣੀ ਅਭਿਆਸ ਨਾਲ ਕਰਨਾ ਹੈ ਦੇਹ ਤਾ ਆਪਣੇ ਆਪ ਬਾਅਦ ਵਿਚ ਹੁਕਮ ਦੇ ਦਾਇਰੇ ਵਿਚ ਆ ਜਾਣੀ ਹੈ॥
ਅਚਾਰਵੰਤਿ ਸਾਈ ਪਰਧਾਨੇ ॥ ਸਭ ਸਿੰਗਾਰ ਬਣੇ ਤਿਸੁ ਗਿਆਨੇ ॥
ਸਾ ਕੁਲਵੰਤੀ ਸਾ ਸਭਰਾਈ ਜੋ ਪਿਰਿ ਕੈ ਰੰਗਿ ਸਵਾਰੀ ਜੀਉ ॥

ਸਾਹੁਰੈ ਪੇਈਐ ਕੰਤ ਕੀ ਕੰਤੁ ਅਗੰਮੁ ਅਥਾਹੁ ॥

ਸਾਹੁਰੈ ਪੇਈਐ ਕੰਤ ਕੀ ਕੰਤੁ ਅਗੰਮੁ ਅਥਾਹੁ ॥ 
ਨਾਨਕ ਸੋ ਸੋਹਾਗਣੀ ਜੁ ਭਾਵੈ ਬੇਪਰਵਾਹ ॥੩੨॥
ਸੇਖ ਸਾਬ ਦੇ ਪਿਛਲੇ ਸਲੋਕ ਦੀ ਵਿਚਾਰ ਨੂ ਅਗੇ ਤੋਰਦਾ ਹੋਇਆ ਇਹ ਸਲੋਕ ਮਹਲਾ ੧ ਦਾ ਹੈ ਜਿਸ ਵਿਚ ਗੁਰੂ ਜੀ ਆਖ ਰਹੇ ਹਨ ਸਾਹੁਰੇ ਤੇ ਪੇਈਐ ਦੋਵੇ ਥਾਈ ਕੰਤ ਕਰਤਾਰ ਵਰਤਦਾ ਹੈ ਕਿਓਕੇ ਕੰਤ ਕਰਤਾਰ '''ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ'''ਹੈ ਭਾਵ ਉਸਦੀ ਪਹੁਚ ਉਥੇ ਤੱਕ ਹੈ ਜਿਥੇ ਕੋਈ ਦੂਜਾ ਪਹੁਚ ਨਹੀ ਸਕਦਾ ਉਸਦੀ ਵਿਚਾਰਿਕ ਗਹਰਾਈ ਅਸੀਮ ਹੈ॥
ਸਤਿਗੁਰੁ ਪੁਰਖੁ ਅਗੰਮੁ ਹੈ ਜਿਸੁ ਅੰਦਰਿ ਹਰਿ ਉਰਿ ਧਾਰਿਆ ॥ 
ਸਤਿਗੁਰੂ ਨੋ ਅਪੜਿ ਕੋਇ ਨ ਸਕਈ ਜਿਸੁ ਵਲਿ ਸਿਰਜਣਹਾਰਿਆ ॥
ਸਲੋਕ ਨੂ ਅਗੇ ਤੋਰਦੇ ਹੋਏ ਗੁਰੂ ਨਾਨਕ ਜੀ ਸੰਬੋਧਨ ਕਰਦੇ ਹਨ ਅਸਲ ਮੈਨਿਆ ਵਿਚ ਸੋਹਾਗਣ ਓਹ ਹੋਂਦੀ ਹੈ ਜੋ ਅਗੰਮ ਅਥਾਹ ਬੇ-ਪਰਵਾਹ ਸਾਹਿਬ ਨੂ ਭਾ ਜਾਵੇ॥
ਇਸੇ ਗੱਲ ਨੂ ਮਹਲਾ ੩ ਨੂ ਏਵੈ ਖੋਲਕੇ ਆਖਦੇ ਹਨ..'' ਸੂਹਬ ਤਾ ਸੋਹਾਗਣੀ ਜਾ ਮੰਨਿ ਲੈਹਿ ਸਚੁ ਨਾਉ ॥ ਸਤਿਗੁਰੁ ਅਪਣਾ ਮਨਾਇ ਲੈ ਰੂਪੁ ਚੜੀ ਤਾ ਅਗਲਾ ਦੂਜਾ ਨਾਹੀ ਥਾਉ ॥ ਐਸਾ ਸੀਗਾਰੁ ਬਣਾਇ ਤੂ ਮੈਲਾ ਕਦੇ ਨ ਹੋਵਈ ਅਹਿਨਿਸਿ ਲਾਗੈ ਭਾਉ ॥ ਨਾਨਕ ਸੋਹਾਗਣਿ ਕਾ ਕਿਆ ਚਿਹਨੁ ਹੈ ''ਅੰਦਰਿ ਸਚੁ'' ..ਮੁਖੁ ਉਜਲਾ.. ਖਸਮੈ ਮਾਹਿ ਸਮਾਇ॥

ਸਾਹੁਰੈ ਢੋਈ ਨਾ ਲਹੈ ਪੇਈਐ ਨਾਹੀ ਥਾਉ ॥

ਸਾਹੁਰੈ ਢੋਈ ਨਾ ਲਹੈ ਪੇਈਐ ਨਾਹੀ ਥਾਉ ॥ 
ਪਿਰੁ ਵਾਤੜੀ ਨ ਪੁਛਈ ਧਨ ਸੋਹਾਗਣਿ ਨਾਉ ॥੩੧॥
ਸੇਖ ਸਾਬ ''ਅੰਗੁ ਮੁੜੇ ਮੁੜਿ ਜਾਇ''ਦੀ ਵਿਚਾਰ ਨੂ ਅਗੇ ਤੋਰਦੇ ਹੋਏ ਆਖਦੇ ਹਨ ਕੇ ਜੋ ਜੀਵ ਇਸਤਰੀਆ ਕੰਤ ਕਰਤਾਰ ਦੇ ਸੰਗ ਤੂ ਖੁੰਝ ਜਾਂਦੀਆ ਹਨ, ਕੰਤ ਕਰਤਾਰ ਉਹਨਾ ਦੀ ਪ੍ਰੇਮ ਕਰਕੇ ਰਤਾ ਜਿੰਨੀ ਵੀ ਪ੍ਰਵਾਹ ਨਹੀ ਕਰਦਾ ਹੈ ਭਾਵੇ ਅਜੇਹੀਆ ਜੀਵ ਇਸਤਰੀਆ ਆਪਣੇ ਆਪ ਨੂ ਜਿੰਨਾ ਮਰਜੀ ਸੋਹਾਗਣ ਆਖੀ ਜਾਣ॥
ਅਜੇਹੀਆ ਜੀਵ ਇਸਤਰੀਆ ਦੀ ਨਾਹ ਤਾ ਕੰਤ ਕਰਤਾਰ ਅਗੇ ਢੋਈ ਪੈਂਦੀ ਹੈ ਤੇ ਨਾਹ ਹੀ ਸੰਸਾਰ ਘਰ ਪੁਛ ਹੋਂਦੀ ਹੈ॥
ਜਿਵੇ ਮਹਲਾ ੧ ਸਿਰੀ ਰਾਗ ਵਿਚ ਆਖਦੇ ਹਨ..'''ਕਾਮਣਿ ਕਾਮਿ ਨ ਆਵਈ ਖੋਟੀ ਅਵਗਣਿਆਰਿ ॥ ਨਾ ਸੁਖੁ ਪੇਈਐ ਸਾਹੁਰੈ ਝੂਠਿ ਜਲੀ ਵੇਕਾਰਿ ॥ ਆਵਣੁ ਵੰਞਣੁ ਡਾਖੜੋ ਛੋਡੀ ਕੰਤਿ ਵਿਸਾਰਿ ॥
ਢੋਈ ਨਾ ਮਿਲਣ ਦਾ ਮੁਖ ਕਾਰਣ ਹੈ ਅਗਿਆਨਤਾ॥
ਦੂਜੇ ਪਾਸੇ ਜਦ ਗੁਰੂ ਗਿਆਨ ਨਾਲ ਸਾਂਝ ਪੈਂਦੀ ਹੈ ਤਾ ਗੁਰਬਾਣੀ ਹਾਮੀ ਭਰਦੀ ਹੋਏ ਆਖਦੀ ਹੈ..''ਉਪਜਿਆ ਤਤੁ ਗਿਆਨੁ ਸਾਹੁਰੈ ਪੇਈਐ ਇਕੁ ਹਰਿ ਬਲਿ ਰਾਮ ਜੀਉ ॥
ਬਸ ਇਹ ਗੱਲ ਸਮਝਣ ਵਾਲੀ ਹੈ ਕੇ ਬਿਨਾ ਗੁਣਾ ਨੂ ਕਿਰਦਾਰ ਵਿਚ ਢਾਲੇ ਜਿੰਨਾ ਮਰਜੀ ਦਾਵਾ ਕਰੀ ਜਾਈਏ ਕੇ ਅਸੀਂ ਸਿਖ ਹਾ ਪਰ ਇਹ ਦਾਵਾ ਗੁਰੂ ਤਾਈ ਫੋਕਾ ਹੋ ਗੁਜਰੇਗਾ॥ਕਿਓਕੇ ''ਪਿਰੁ ਵਾਤੜੀ ਨ ਪੁਛਈ ਧਨ ਸੋਹਾਗਣਿ ਨਾਉ''
ਕੇਵਲ ਅਖਵਾਣ ਨਾਲ ਸਿਖ ਨਹੀ ਹੋਈ ਦਾ ਸਗੋ ਸਿਖੀ ਕਮਾਉਣ ਨਾਲ ਸਿਖ ਹੋ ਨਿਬੜੀ ਦਾ ਹੈ॥
ਸੋ ਜੋ ਕੇਵਲ ਸਿਖ ਹੋਣ ਦਾ ਦਾਵਾ ਕਰਦੇ ਹਨ ਓਹ ਅਸਲ ਵਿਚ ਖੁੰਝੇ ਹੋਏ ਹੋਂਦੇ ਹਨ ਜੋ ਨਾਹ ਇਧਰ ਦੇ ਹੋਂਦੇ ਹਨ ਨਾਹ ਉਧਰ ਦੇ ਹੋਂਦੇ ਹਨ॥

ਰੁਖੀ ਸੁਖੀ ਖਾਇ ਕੈ ਠੰਢਾ ਪਾਣੀ ਪੀਉ ॥

ਰੁਖੀ ਸੁਖੀ ਖਾਇ ਕੈ ਠੰਢਾ ਪਾਣੀ ਪੀਉ ॥
ਫਰੀਦਾ ਦੇਖਿ ਪਰਾਈ ਚੋਪੜੀ ਨਾ ਤਰਸਾਏ ਜੀਉ ॥੨੯॥
ਸੇਖ ਸਾਬ ਸਾਡੇ ਤਾਈ ਸਮਝਾਉਂਦੇ ਹੋਏ ਆਖਦੇ ਹਨ ਦਸ ਨੁੰਹਾ ਦੀ ਕਿਰਤ ਕਰਕੇ ਜੋ ਰੁਖੀ ਸੁਖੀ ਮਿਲਦੀ ਹੈ ਓਹ ਖਾ ਲੈ ਤੇ ਠੰਡਾ ਪੀ ਲੈ ਇੰਨੇ ਵਿਚ ਹੀ ਸਬਰ ਕਰਕੇ ਖੁਸ ਰਹੀ, ਦੇਖੀ ਕੀਤੇ ਫਰੀਦਾ ਦੂਜਿਆ ਦੀਆ ਚੋਪੜੀਆ ਵੇਖ ਤੇਰਾ ਮਨ ਨਾਹ ਤਰਸ ਪਏ ॥
ਸਮਝਣ ਦੀ ਗੱਲ ਹੈ ਕੇ ਸਬਰ ਵਰਗੀ ਕੋਈ ਦਾਤ ਨਹੀ ਹੈ॥ ਆਪਣੇ ਨਿਰਜੀਵਕਾ ਤੂ ਸੰਤੋਖ ਵਿਚ ਰਹਨਾ ਵੀ ਕਿਸੇ ਕਿਸੇ ਦੇ ਵੱਸ ਦੀ ਗੱਲ ਹੋਂਦੀ ਹੈ॥ ਬੁਹਤਾਤ ਤਾ ਅਸੀਂ ਗਿਲੇ ਸ਼ਿਕਵੇ ਕਰਨ ਵਾਲੇ ਹਾ ਉਸਨੂ ਇੰਨਾ ਦਿੱਤਾ ਪਰ ਮੈਨੂ ਥੋੜਾ ਦਿੱਤਾ॥
ਦੂਜਿਆ ਦੀ ਪਦਾਰਥੀ ਅਮੀਰ ਵੇਖ ਅੰਦਰੋ ਅੰਦਰ ਤਰਸਦੇ ਹਾ ਕੇ ਕੀਤੇ ਮੇਰੇ ਕੋਲ ਇੰਨੀ ਧੰਨ ਦੋਲਤ ਹੋਂਦੀ॥ਇਹ ਭਾਵਨਾ ਅਗੇ ਚਲ ਕੇ ਮਾੜੇ ਜਾ ਗਲਤ ਰਾਹ ਦੇ ਪਾਂਧੀ ਬਣਾ ਦਿੰਦੀ ਹੈ!!
ਜਦ ਗੁਰਬਾਣੀ ਦਾ ਫੁਰਮਾਨ ਆਉਂਦਾ ਹੈ..''ਜੇ ਸੁਖੁ ਦੇਹਿ ਤ ਤੁਝਹਿ ਅਰਾਧੀ ਦੁਖਿ ਭੀ ਤੁਝੈ ਧਿਆਈ ॥੨॥ ਜੇ ਭੁਖ ਦੇਹਿ ਤ ਇਤ ਹੀ ਰਾਜਾ ਦੁਖ ਵਿਚਿ ਸੂਖ ਮਨਾਈ ॥..ਤਾ ਇਹ ਗੱਲ ਸਿਰਫ ਓਹ ਹੀ ਅੰਦਰੋ ਬਾਹਰੋ ਕਹ ਸਕਦਾ ਹੈ ਜੋ ਸਬਰ ਸੰਤੋਖ ਦਾ ਭਰਿਆ ਹੋਵੇ॥
ਜਦ ਅਰਦਾਸ ਦੀ ਗੱਲ ਆਈ ਤਾ ਸਾਹਿਬ ਨੂ ਸੰਤੋਖ ਦਾ ਜਿਕਰ ਕਰਨਾ ਪਿਆ..'''ਤੁਧਨੋ ਨਿਵਣੁ ਮੰਨਣੁ ਤੇਰਾ ਨਾਉ ॥ ਸਾਚੁ ਭੇਟ ਬੈਸਣ ਕਉ ਥਾਉ ॥ ਸਤੁ '''ਸੰਤੋਖੁ''' ਹੋਵੈ ਅਰਦਾਸਿ ॥ ਤਾ ਸੁਣਿ ਸਦਿ ਬਹਾਲੇ ਪਾਸਿ ॥
ਸੇਖ ਸਾਬ ਸਲੋਕਾ ਦੀ ਲੜੀ ਵਿਚ ਅਗੇ ਚਲ ਸਬਰ ਸੰਤੋਖ ਨੂ ਹੋਰ ਖੁਲ ਕੇ ਬਿਆਨ ਕਰਕੇ ਸਮਝਾਣਗੇ॥

ਫਰੀਦਾ ਸਕਰ ਖੰਡੁ ਨਿਵਾਤ ਗੁੜੁ ਮਾਖਿਉ ਮਾਂਝਾ ਦੁਧੁ ॥

ਫਰੀਦਾ ਸਕਰ ਖੰਡੁ ਨਿਵਾਤ ਗੁੜੁ ਮਾਖਿਉ ਮਾਂਝਾ ਦੁਧੁ ॥
ਸਭੇ ਵਸਤੂ ਮਿਠੀਆਂ ਰਬ ਨ ਪੁਜਨਿ ਤੁਧੁ ॥੨੭॥
ਸੇਖ ਸਾਬ ਜੀ ਆਖ ਰਹੇ ਹਨ ਸ਼ੱਕਰ ,ਖੰਡ, ਮਿਸਰੀ, ਗੁੜ, ਸ਼ਹਿਦ ਅਤੇ ਮੱਝ ਦਾ ਦੁੱਧ - ਇਹ ਸਾਰੀਆਂ (ਦੁਨਿਆਵੀ ) ਚੀਜ਼ਾਂ ਮਿੱਠੀਆਂ ਹਨ । ਪਰ ਹੇ ਮੇਰੇ ਮਾਲਿਕ ਇੰਨਾ ਸਭ ਦੀ ਮਿਠਾਸ ਤੇਰੇ ਨਾਮੁ ਅਗੇ ਫਿੱਕੀ ਹੈ ਭਾਵ ਇਹ ਨਾਮੁ ਦੀ ਮਿਠਾਸ ਦਾ ਮੁਕਾਬਲਾ ਨਹੀ ਕਰ ਸਕਦੇ ਹਨ॥
ਜੇ ਤਮੰਨਾ ਜਾਗੇ ਕੇ ਇਹ ਜਾਣਿਆ ਜਾਵੇ ਤਾ ਸੂਹੀ ਰਾਗ ਵਿਚ ਮਹਲਾ ੫ ਦਾ ਸਬਦੁ ਵਿਚਾਰਨਾ ਲਾਜਮੀ ਬਣਦਾ ਹੈ 
''ਮਿਠ ਬੋਲੜਾ ਜੀ ਹਰਿ ਸਜਣੁ ਸੁਆਮੀ ਮੋਰਾ ॥ ਹਉ ਸੰਮਲਿ ਥਕੀ ਜੀ ਓਹੁ ਕਦੇ ਨ ਬੋਲੈ ਕਉਰਾ ॥ ਕਉੜਾ ਬੋਲਿ ਨ ਜਾਨੈ ਪੂਰਨ ਭਗਵਾਨੈ ਅਉਗਣੁ ਕੋ ਨ ਚਿਤਾਰੇ ॥ ਪਤਿਤ ਪਾਵਨੁ ਹਰਿ ਬਿਰਦੁ ਸਦਾਏ ਇਕੁ ਤਿਲੁ ਨਹੀ ਭੰਨੈ ਘਾਲੇ ॥ ਘਟ ਘਟ ਵਾਸੀ ਸਰਬ ਨਿਵਾਸੀ ਨੇਰੈ ਹੀ ਤੇ ਨੇਰਾ ॥ ਨਾਨਕ ਦਾਸੁ ਸਦਾ ਸਰਣਾਗਤਿ ''ਹਰਿ ਅੰਮ੍ਰਿਤ ਸਜਣੁ ਮੇਰਾ''॥
ਅੰਤਮ ਪੰਗਤੀ ਵਿਚ ਗੁਰੂ ਜੀ ਆਖ ਦਿੱਤਾ..'''ਹਰਿ ਅੰਮ੍ਰਿਤ ਸਜਣੁ ਮੇਰਾ''
ਪਰ ਇਥੇ ਇਕ ਸ਼ਰਤ ਲਗਦੀ ਹੈ ,,''ਜਿਨਿ ਇਹ ਚਾਖੀ ਸੋਈ ਜਾਣੈ ਗੂੰਗੇ ਕੀ ਮਿਠਿਆਈ ॥
ਗੁਰਬਾਣੀ ਅਭਿਆਸ ਤੂ ਬਾਅਦ ਹੀ ਇਸ ਮਿਠਾਸ ਦਾ ਅਹਿਸਾਸ ਹੋ ਸਕਦਾ ਹੈ॥

ਫਰੀਦਾ ਮੈ ਭੋਲਾਵਾ ਪਗ ਦਾ ਮਤੁ ਮੈਲੀ ਹੋਇ ਜਾਇ ॥

ਫਰੀਦਾ ਮੈ ਭੋਲਾਵਾ ਪਗ ਦਾ ਮਤੁ ਮੈਲੀ ਹੋਇ ਜਾਇ ॥
ਗਹਿਲਾ ਰੂਹੁ ਨ ਜਾਣਈ ਸਿਰੁ ਭੀ ਮਿਟੀ ਖਾਇ ॥੨੬॥
ਸੇਖ ਸਾਬ ਆਖ ਰਹੇ ਹਨ ਕੇ ਮੈ ਇਸ ਫਿਕਰ ਨਾਲ ਗ੍ਰਸਤ ਹਾ ਕੇ ਕੀਤੇ ਮੇਰੀ ਪੱਗ ਮਿੱਟੀ ਘੱਟੇ ਨਾਲ ਨਾਹ ਮੈਲੀ ਹੋ ਜਾਵੇ ਪਰ ਮੇਰੀ ਜਿੰਦ ਇਹ ਗੱਲ ਭੁੱਲੀ ਬੈਠੀ ਹੈ ਕੇ ਪੱਗਾ ਤਾ ਇਕ ਪਾਸੇ, ਸਮਾ ਆਉਣ ਤੇ ਮਿੱਟੀ ਨੇ ਜਿਸ ਸਿਰ ਉਤੇ ਪੱਗ ਟਿਕੀ ਹੈ ਉਸ ਨੂ ਵੀ ਗਾਲਾ ਸਾੜ ਦੇਣਾ ਹੈ॥
ਇਹ ਤਾ ਹੋਈ ਅਖਰੀ ਅਰਥੀ ਵਿਚਾਰ ਪਰ ਜੇ ਭਾਵ ਅਰਥ ਨਾਲ ਸਾਂਝ ਕੀਤੀ ਜਾਵੇ ਤਾ ਜੋ ਅਸੀਂ ਲੋਕ ਲੱਜਾ ਨੂ ਆਪਣੀ ਇਜ਼ਤ ਮੰਨ ਕੇ ਬੇ ਲੋੜੀਆ ਜਰੂਰਤਾ ਪਾਲਦੇ ਹਾ ਤੇ ਇਹਨਾ ਜਰੂਰਤਾ ਨੂ ਆਪਣਾ ਮਾਨ ਸਨਮਾਨ ਸਮਝਣ ਲੱਗ ਪੈਂਦੇ ਹਾ॥
ਸਮਾ ਆਉਣ ਉਤੇ ਇਹ ਬੇ ਫਜੂਲ ਲੋੜਾ ਹੀ ਗਲੇ ਦਾ ਫੰਦਾ ਬਣਦੀਆ ਹਨ॥
ਜੇ ਅਸੀਂ ਇਹ ਜਾਣ ਲਈ ਕੇ ਪਦਾਰਥ ਤਾ ਦੂਰ ਦੀ ਗੱਲ ਤੋੜ ਨਾਲ ਤਾ ਖੁਦ ਦੇ ਸਰੀਰ ਨੇ ਨਹੀ ਨਿਭਾਉਣੀ ਤਾ ਇਹ ਪਦਾਰਥੀ ਦੋੜ ਫਜੂਲ ਨਜਰ ਆਉਣ ਲੱਗ ਪਵੇਗੀ॥
ਆਮ ਸੁਣਨ ਨੂ ਮਿਲਦਾ ਹੈ ਕੇ ਜੇ ਤੁਸੀਂ ਗਰੀਬ ਦੇ ਘਰ ਜੰਮੇ ਹੋ ਤਾ ਤੁਹਾਡਾ ਕੋਈ ਦੋਸ ਨਹੀ ਪਰ ਜੇ ਤੁਸੀਂ ਗਰੀਬ ਹੀ ਮਰ ਗਏ ਤਾ ਤੁਹਾਡਾ ਦੋਸ ਮੰਨਿਆ ਜਾਵੇਗਾ॥ ਪਰ ਪਰਮਾਰਥ ਦੇ ਮਾਰਗ ਉਤੇ ਇਹ ਗੱਲ ਸਹੀ ਨਹੀ ਟੁਕਦੀ॥
ਤੁਸੀਂ ਅਮੀਰ ਜੰਮੋ ਜਾ ਗਰੀਬ ਮਰੋ ਪਰ ਇਕ ਸੁਚਜਾ ਤੇ ਸਚਾ ਸੁਚੇ ਆਚਰਨ ਵਾਲਾ ਜੀਵਨ ਜੀ ਕੇ ਸਮਾਜ ਦੀ ਹਾ ਪਖੀ ਉਸਾਰੀ ਵਿਚ ਯੋਗਦਾਨ ਪਵੋ ਇਹ ਗੱਲ ਵਧ ਮਾਇਨੇ ਰਖਦੀ ਹੈ॥

ਭਿਜਉ ਸਿਜਉ ਕੰਬਲੀ ਅਲਹ ਵਰਸਉ ਮੇਹੁ ॥

ਭਿਜਉ ਸਿਜਉ ਕੰਬਲੀ ਅਲਹ ਵਰਸਉ ਮੇਹੁ ॥
ਜਾਇ ਮਿਲਾ ਤਿਨਾ ਸਜਣਾ ਤੁਟਉ ਨਾਹੀ ਨੇਹੁ ॥੨੫॥
ਸੇਖ ਸਾਬ ਪਿਛਲੇ ਸਲੋਕ ਵਿਚ ਜੋ ਰੁਕਾਵਟ ''ਗਲੀਏ ਚਿਕੜੁ ਦੂਰਿ ਘਰੁ''' ਕਰਕੇ ਉਤਪਨ ਹੋਈ ਸੀ ਤੇ ਜਿਸਨੇ ਇਹ ਅਸਮੰਜਿਸ਼ '''ਚਲਾ ਤ ਭਿਜੈ ਕੰਬਲੀ ਰਹਾਂ ਤ ਤੁਟੈ ਨੇਹੁ ''ਪੈਦਾ ਕਰ ਦਿੱਤੀ ਸੀ ਇਸ ਸਲੋਕ ਵਿਚ ਉਸ ਰੁਕਾਵਟ ਨੂ ਦਰਕਰਾਰ ਕਰਕੇ ਆਖ ਰਹੇ ਹਨ ਕੇ ਭਾਵੇ ਇਸ ਸੰਸਾਰ ਵਿਚ ਵਿਚਰਦਿਆ ਭਾਵੇ ਇਹ ਵਿਕਾਰ ਰੂਪੀ ਕਮਾਦਿਕ ਮੇਰੇ ਕਿਰਦਾਰ ਨੂ ਭੀਉਣ ਦੀ ਕੋਸਿਸ ਕਰਨ ਭਾਵੇ ਸਾਹਿਬ ਦੇ ਪੈਦਾ ਕੀਤੇ ਹੋਏ ਕਮਾਦਿਕ ਦੀ ਵਾਰਿਸ ਮਿਲਾਪ ਦੇ ਰਾਹ ਉਤੇ ਹੋਂਦੀ ਹੋਵੇ॥
ਪਰ ਸੇਖ ਸਾਬ ਆਪਣਾ ਵਿਸਵਾਸ ਸਚ ਦੇ ਪਾਂਧੀਆ ਪ੍ਰਤੀ ਦਿਖਾਉਂਦੇ ਹੋਏ ਆਖਦੇ ਹਨ ਕੇ ਇੰਨੇ ਸਭ ਕੁਝ ਦੇ ਬਾਵਜੂਦ ਮੈ ਰੱਬ ਦੇ ਪਿਆਰ ਨੂ ਜਾ ਮਿਲਣ ਦੀ ਤਾਂਘ ਰਖਦਾ ਹਾ ਤਾ ਜੋ ਸਾਹਿਬ ਤੇ ਸਾਹਿਬ ਦੇ ਪਿਆਰਿਆ ਨਾਲ ਮੇਰੀ ਪ੍ਰੀਤ ਨਾਹ ਟੁਟੇ॥
ਸੇਖ ਸਾਬ ਇਕ ਵਿਸਵਾਸ ਜਾਹਿਰ ਕਰ ਰਹੇ ਹਨ ਕੇ ''ਸਾਧ ਕੈ ਸੰਗਿ ਮੁਖ ਊਜਲ ਹੋਤ ॥ ਸਾਧਸੰਗਿ ਮਲੁ ਸਗਲੀ ਖੋਤ ॥ ਸਾਧ ਕੈ ਸੰਗਿ ਮਿਟੈ ਅਭਿਮਾਨੁ ॥ ਸਾਧ ਕੈ ਸੰਗਿ ਪ੍ਰਗਟੈ ਸੁਗਿਆਨੁ ॥ ਸਾਧ ਕੈ ਸੰਗਿ ਬੁਝੈ ਪ੍ਰਭੁ ਨੇਰਾ ॥ ਸਾਧਸੰਗਿ ਸਭੁ ਹੋਤ ਨਿਬੇਰਾ ॥ ਸਾਧ ਕੈ ਸੰਗਿ ਪਾਏ ਨਾਮ ਰਤਨੁ ॥ ਸਾਧ ਕੈ ਸੰਗਿ ਏਕ ਊਪਰਿ ਜਤਨੁ ॥ ਸਾਧ ਕੀ ਮਹਿਮਾ ਬਰਨੈ ਕਉਨੁ ਪ੍ਰਾਨੀ ॥ ਨਾਨਕ ਸਾਧ ਕੀ ਸੋਭਾ ਪ੍ਰਭ ਮਾਹਿ ਸਮਾਨੀ ॥੧॥
ਸਲੋਕ ਦੀ ਵਿਚਾਰ ਧਿਆਨ ਨੂ ਸੂਹੀ ਰਾਗ ਵਿਚ ਮਹਲਾ ੪ ਦੇ ਫ਼ਰਮਾਨ ਵੱਲ ਲੈ ਕੇ ਜਾਂਦੀ ਜਿਥੇ ਗੁਰੂ ਜੀ ਆਖ ਰਹੇ ਹਨ ..''
ਝਖੜੁ ਝਾਗੀ ਮੀਹੁ ਵਰਸੈ ਭੀ ਗੁਰੁ ਦੇਖਣ ਜਾਈ ॥੧੩॥ ਸਮੁੰਦੁ ਸਾਗਰੁ ਹੋਵੈ ਬਹੁ ਖਾਰਾ ਗੁਰਸਿਖੁ ਲੰਘਿ ਗੁਰ ਪਹਿ ਜਾਈ ॥੧੪॥ ਜਿਉ ਪ੍ਰਾਣੀ ਜਲ ਬਿਨੁ ਹੈ ਮਰਤਾ ਤਿਉ ਸਿਖੁ ਗੁਰ ਬਿਨੁ ਮਰਿ ਜਾਈ ॥੧੫॥ ਜਿਉ ਧਰਤੀ ਸੋਭ ਕਰੇ ਜਲੁ ਬਰਸੈ ਤਿਉ ਸਿਖੁ ਗੁਰ ਮਿਲਿ ਬਿਗਸਾਈ ॥੧੬॥ ਸੇਵਕ ਕਾ ਹੋਇ ਸੇਵਕੁ ਵਰਤਾ ਕਰਿ ਕਰਿ ਬਿਨਉ ਬੁਲਾਈ ॥੧੭॥ ਨਾਨਕ ਕੀ ਬੇਨੰਤੀ ਹਰਿ ਪਹਿ ''''ਗੁਰ ਮਿਲਿ'' ''ਗੁਰ ਸੁਖੁ''' ਪਾਈ ॥੧੮॥

ਫਰੀਦਾ ਗਲੀਏ ਚਿਕੜੁ ਦੂਰਿ ਘਰੁ ਨਾਲਿ ਪਿਆਰੇ ਨੇਹੁ ॥

ਫਰੀਦਾ ਗਲੀਏ ਚਿਕੜੁ ਦੂਰਿ ਘਰੁ ਨਾਲਿ ਪਿਆਰੇ ਨੇਹੁ ॥ 
ਚਲਾ ਤ ਭਿਜੈ ਕੰਬਲੀ ਰਹਾਂ ਤ ਤੁਟੈ ਨੇਹੁ ॥੨੪॥ 
ਸੇਖ ਸਾਬ '''ਨਿਰੰਕਾਰ ਆਕਾਰ ਆਪਿ ਨਿਰਗੁਨ ਸਰਗੁਨ ਏਕ ॥ ਏਕਹਿ ਏਕ ਬਖਾਨਨੋ ਨਾਨਕ ਏਕ ਅਨੇਕ'''ਦੀ ਲੰਮੀ ਯਾਤਰਾ ਦਾ ਵਰਣਨ ਕਰਦੇ ਹੋਏ ਆਖ ਰਹੇ ਹਨ ਕੇ ਸਾਹਿਬ ਨਾਲ ਮਿਲਾਪ ਦਾ ਰਾਹ ਬਹੁਤ ਲੰਮਾ ਹੈ ਤੇ ਰਾਹ ਪੂਰੀ ਤਰ੍ਹਾ ਕਮਾਦਿਕ(ਕਾਮ ਕ੍ਰੋਧ ਲੋਬ ਮੋਹ ਅਹੰਕਾਰ) ਅਨਸਰਾ ਨੇ ਘੇਰਿਆ ਹੋਇਆ ਹੈ ਪਰ ਕਰਾ ਕੀ ਸਾਹਿਬ ਪ੍ਰਤੀ ਪ੍ਰੀਤ ਕਰਕੇ ਜਾਣਾ ਵੀ ਜਰੂਰੀ ਹੈ॥
ਹੁਣ ਮੁਸਕਿਲ ਇਹ ਆਉਂਦੀ ਹੈ ਕੇ ਜੇ ਆਪਾ ਭਾਵ ਲੈ ਕੇ ਤੁਰਦਾ ਹਾ ਤੇ ਇਹ ਝਿਕੜ ਰੂਪੀ ਕਮਾਦਿਕ ਮੇਰੇ ਕਿਰਦਾਰ ਨੂ ਛਲਦੇ ਹਨ ਤੇ ਜੇ ਨਾਹ ਜਾਵਾ ਤਾ ਸਾਹਿਬ ਪ੍ਰਤੀ ਪ੍ਰੀਤ ਟੁਟਦੀ ਹੈ॥
ਸਲੋਕ ਦਾ ਤਤ ਸਾਰ ਇਹ ਹੈ ਕੇ ਇਕ ਤੂ ਅਨੇਕ ਤੇ ਅਨੇਕ ਤੂ ਇਕ ਹੋਣ ਦਾ ਸਫਰ ਆਪਾ ਤਿਆਗ ਕੇ ਹੀ ਕੀਤਾ ਜਾ ਸਕਦਾ ਹੈ ਨਹੀ ਤਾ ਆਪਾ ਹੀ ਸਭ ਤੂ ਵੱਡਾ ਦੁਸ਼ਮਨ ਬਣਦਾ ਹੈ ਕਿਓ ਜੋ ਵਿਛੋੜੇ ਦਾ ਕਾਰਣ ਹੀ ਆਪਾ ਭਾਵ ਹੈ॥
ਕਬੀਰ ਜੀ ਵੀ ਇਸ ਯਾਤਰਾ ਬਾਰੇ ਆਪਣੇ ਸਲੋਕ ਵਿਚ ਦਸਦੇ ਹਨ ਕੇ ਕਿਵੇ ਮਿਲਾਪ ਕਦਮ ਦਰ ਕਦਮ ਹੋਂਦਾ ਹੈ ਤੇ ਓਹ ਕਦਮ ਦੁਨੀਆ ਦਾਰੀ ਦੀ ਪਾਈ ਲੀਹ ਤੂ ਵਖਰੇ ਹੋਂਦੇ ਹਨ॥
ਕਬੀਰ ਜਿਹ ਮਾਰਗਿ ਪੰਡਿਤ ਗਏ ਪਾਛੈ ਪਰੀ ਬਹੀਰ ॥ 
ਇਕ ਅਵਘਟ ਘਾਟੀ ਰਾਮ ਕੀ''' ਤਿਹ ਚੜਿ ਰਹਿਓ ਕਬੀਰ ॥੧੬੫॥

ਗੁਰਮਤੋ ਤੇ ਮਨਮਤੋ ਦੇ ਕਿੱਸੇ(4)

ਗੁਰਮਤੋ ਤੇ ਮਨਮਤੋ ਬਾਜ਼ਾਰ ਤੂੰ ਸਬਜ਼ੀ ਭਾਜੀ ਲੈ ਕੇ ਵਾਪਿਸ ਘਰ ਨੂੰ ਮੁੜ ਰਹੀਆਂ ਸਨ॥ਮਨਮਤੋ ਨੇ ਗੁਰਮਤੋ ਨੂੰ ਕਿਹਾ ਕੇ ਭੈਣੇ ਇਕ ਗੱਲ ਅਕਸਰ ਲੋਕੀ ਗੁਰੂ ਦੇ ਚਰਨਾਂ ਬਾਰੇ ਆਖਦੇ ਹਨ ਕੇ ਜਿਸ ਪੇੜੇ ਉਤੇ ਗੁਰੂ ਦਾ ਪ੍ਰਗਾਸ ਹੋਂਦਾ ਹੈ ਉਸਦੇ ਪਾਵੇ ਗੁਰੂ ਦੇ ਚਰਨ ਹੋਂਦੇ ਹਨ ਤੇ ਕਈ ਆਖਦੇ ਹਨ ਜਦ ਗੁਰੂ ਕਾਇਆ ਵਿਚ ਵਰਤਿਆ ਓਦੋ ਲੋਕੀ ਗੁਰੂ ਦੇ ਚਰਨਾਂ ਨੂੰ ਧੋ ਕੇ ਪੀਣ ਨੂੰ ਚਰਨ ਅੰਮ੍ਰਿਤ ਆਖਦੇ ਸਨ॥
ਗੁਰਮਤੋ ਮੁਸਕਰਾ ਕੇ ਬੋਲੀ ਕੇ ਭੈਣੇ ਆ ਅਸੀਂ ਇਹ ਗੱਲ ਗੁਰਬਾਣੀ ਕੋਲੋਂ ਹੀ ਪੁੱਛਦੇ ਹਾਂ॥ਵੇਖ ਭੈਣੇ ਗੁਰੂ ਜੀ ਆਖਦੇ ਹਨ॥
ਮਾਈ ਚਰਨ ਗੁਰ ਮੀਠੇ ॥
ਵਡੈ ਭਾਗਿ ਦੇਵੈ ਪਰਮੇਸਰੁ ਕੋਟਿ ਫਲਾ ਦਰਸਨ ਗੁਰ ਡੀਠੇ ॥
ਹੁਣ ਮਨਮਤੋ ਤੂੰ ਸੋਚ ਕੇ ਕਿਸੇ ਪੇੜੇ ਦੇ ਪਾਵੇ ਮਿੱਠੇ ਹੋ ਸਕਦੇ ਹਨ ਜਾ ਕਿਸੇ ਕਾਇਆ ਦੇ ਚਰਨ ਮਿੱਠੇ ਹੋ ਸਕਦੇ ਹਨ॥
ਮਨਮਤੋ ਨੇ ਹੋਕਾ ਭਰਕੇ ਕਿਹਾ ਨਹੀਂ ਭੈਣੇ ਇੱਦਾ ਤਾ ਨਹੀਂ ਹੋ ਸਕਦਾ, ਫਿਰ ਤੂੰ ਹੀ ਦਸ ਕੀ ਰਮਜ ਹੈ ਇਸ ਵਿਚ ॥
ਗੁਰਮਤੋ ਨੇ ਜਵਾਬ ਵਿਚ ਗੁਰਬਾਣੀ ਦੀਆ ਪੰਗਤੀਆ ਉਚਾਰੀਆਂ...
ਮੀਠੇ ਹਰਿ ਗੁਣ ਗਾਉ ਜਿੰਦੂ ਤੂੰ ਮੀਠੇ ਹਰਿ ਗੁਣ ਗਾਉ ॥ 
ਸਚੇ ਸੇਤੀ ਰਤਿਆ ਮਿਲਿਆ ਨਿਥਾਵੇ ਥਾਉ ॥੧॥
ਭੈਣੇ ਮਨਮਤੋ ਦਰਅਸਲ ਗੁਰੂ ਦੀਆ ਸਿਖਿਆਵਾਂ ਦੇ ਮਾਰਗ ਨੂੰ ਗੁਰੂ ਦੇ ਚਰਨ ਆਖਿਆ ਜਾਂਦਾ ਹੈ, ਇਸਲਈ ''ਮੀਠੇ ਹਰਿ ਗੁਣ ਗਾਉ'''' ਨੂੰ ਦੂਜੇ ਲਵਜਾ ਵਿਚ '''ਮਾਈ ਚਰਨ ਗੁਰ ਮੀਠੇ''' ਆਖਿਆ ਹੈ॥
ਨਾਲੇ ਮਨਮਤੋ ਭੈਣੇ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ॥
ਰੂਪੁ ਨ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭ ਭਿੰਨ ॥ 
ਤਿਸਹਿ ਬੁਝਾਏ ਨਾਨਕਾ ਜਿਸੁ ਹੋਵੈ ਸੁਪ੍ਰਸੰਨ ॥
ਸਿੱਖ ਕਦੇ ਕਿਸੇ ਬੋਧਿਕ ਜਾ ਸਥੂਲ ਦਾ ਪੂਜਾਰੀ ਨਹੀਂ ਹੋ ਸਕਦਾ ਹੈ॥
ਬਸ ਭੈਣ ਮਨਮਤੋ ਜਦ ਚਰਨ ਪਦ ਦੀ ਸਮਝ ਆ ਜਾਂਦੀ ਹੈ ਤਾ ਫਿਰ ਇਹ ਸੋਝੀ ਦੀ ਗੁਰੂ ਬਖਸ ਕਰ ਦਿੰਦਾ ਹੈ ਕੇ ਗੁਰੂ ਦੇ ਚਰਨ ਰੂਪੀ ਸਿਖਿਆਵਾਂ ਨੂੰ ਕਿਥੇ ਟਿਕਾਣਾ ਹੈ॥
ਹਰਿ ਕੇ ਚਰਨ ਹਿਰਦੈ ਬਸਾਵੈ ॥
ਨਾਨਕ ਐਸਾ ਭਗਉਤੀ ਭਗਵੰਤ ਕਉ ਪਾਵੈ ॥
ਇਹੀ ਭੈਣ ਸਾਹਿਬ ਨਾਲ ਮਿਲਾਪ ਦਾ ਮਾਰਗ ਬਣਦੇ ਹਨ॥
ਮਨਮਤੋ ਨੇ ਗੁਰਮਤੋ ਦਾ ਹੱਥ ਘੁਟਦੇ ਹੋਏ ਕਿਹਾ ਭੈਣੇ ਤੂੰ ਤਾ ਮੇਰਾ ਵਹਿਮ ਦੂਰ ਕਰ ਦਿੱਤਾ॥ਗੁਰਮਤੋ ਅਗੋ ਬੋਲੀ..
ਕਰਣ ਕਾਰਣ ਪ੍ਰਭੁ ਏਕੁ ਹੈ ਦੂਸਰ ਨਾਹੀ ਕੋਇ ॥
ਨਾਨਕ ਤਿਸੁ ਬਲਿਹਾਰਣੈ ਜਲਿ ਥਲਿ ਮਹੀਅਲਿ ਸੋਇ ॥੧॥..ਧੰਨਵਾਦ

ਫਰੀਦਾ ਲੋੜੈ ਦਾਖ ਬਿਜਉਰੀਆਂ ਕਿਕਰਿ ਬੀਜੈ ਜਟੁ ॥

ਫਰੀਦਾ ਲੋੜੈ ਦਾਖ ਬਿਜਉਰੀਆਂ ਕਿਕਰਿ ਬੀਜੈ ਜਟੁ ॥
ਹੰਢੈ ਉਂਨ ਕਤਾਇਦਾ ਪੈਧਾ ਲੋੜੈ ਪਟੁ ॥੨੩॥
ਸੇਖ ਸਾਬ ''''ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ '''ਗੁਰਮਤ ਦੇ ਸਿਧਾਤ ਨੂ ਸਮਝਾਉਂਦੇ ਹੋਏ ਆਖ ਰਹੇ ਹਨ ਕੇ ਜੀਵ ਧਿਆਨ ਦੇ ਜੇ ਕੋਈ ਜੱਟ ਬੀਜੇ ਕਿੱਕਰਾਂ ਤੇ ਭਾਲੀਏ ਬਿਜੌਰ ਦੇ ਇਲਾਕੇ ਦੇ ਅੰਗੂਰ ਤਾ ਇਹ ਉਵੇ ਹੋਵੇਗਾ ਜਿਵੇ ਕੋਈ ਕਤਦਾ ਉਨ ਹੋਵੇ ਤੇ ਦਿਲ ਵਿਚ ਚਾਹਨਾ ਰੇਸ਼ਮ ਪਾਉਣ ਦੀ ਰਖਦਾ ਹੋਵੇ॥
ਇਥੇ ਸਿਧੇ ਤੋਰ ਉਤੇ ਸਮਝਣ ਦੀ ਗੱਲ ਹੈ ਕੇ ਹੁਕਮੀ ਦੇ ਹੁਕਮ ਖੇਤਰ ਵਿਚ ਕਰਮ ਦਾ ਫਲ ਖੁਦ ਕਰਮ ਵਿਚਲਾ ਸੁਕਰਮ ਜਾ ਵਿਕਰਮ ਨਿਸਚਿਤ ਕਰਵਾਉਂਦਾ ਹੈ॥
''ਜੇਹਾ ਬੀਜੈ ਸੋ ਲੁਣੈ'' ਦੇ ਸਿਧਾਤ ਉਤੇ ਹੀ ਸਾਹਿਬ ਦਾ '''ਨਿਰਵੈਰੁ''' ਹੋਣ ਦਾ ਸਿਧਾਤ ਖੜਾ ਹੈ॥ ਸਾਹਿਬ ਨੇ ਹੁਕਮ ਦੇ ਰੂਪ ਵਿਚ ਕੇਵਲ ਪੈਮਾਨਾ ਨਿਸਚਿਤ ਕੀਤਾ ਹੈ ਕੇ ਕਿੱਕਰ ਬੀਜਣ ਉਤੇ ਕੰਡੇ ਮਿਲਦੇ ਹਨ ,ਉਨ ਕੱਤਣ ਉਤੇ ਉਨ ,ਤੇ ਰੇਸਮ ਉਤੇ ਰੇਸਮ॥ ਜੋ ਗੁਰਮਤ ਦਾ ਮੁਖ ਸਿਧਾਤ ਹੈ ਓਹ ਕਰਮ ਕਰਨ ਦੀ ਆਜ਼ਾਦੀ ਬਖਸ਼ਦਾ ਹੈ''ਕਰਮੀ ਆਪੋ ਆਪਣੀ॥
ਜੋ ਕਰੋ ਗੇ ਓਹ ਹੀ ਭਰੋ ਗੇ॥

ਫਰੀਦਾ ਜੇ ਮੈ ਹੋਦਾ ਵਾਰਿਆ ਮਿਤਾ ਆਇੜਿਆਂ॥

ਫਰੀਦਾ ਜੇ ਮੈ ਹੋਦਾ ਵਾਰਿਆ ਮਿਤਾ ਆਇੜਿਆਂ॥
ਹੇੜਾ ਜਲੈ ਮਜੀਠ ਜਿਉ ਉਪਰਿ ਅੰਗਾਰਾ॥ ੨੨॥
ਸੇਖ ਸਾਬ ਇਕ ਦਰਵੇਸ਼ ਵਿਰਤੀ ਦੇ ਮਾਲਿਕ ਸੁਭਾਅ ਵਾਲੇ ਜਨ ਦੀ ਅੰਦਰਲੀ ਇਕ ਵਿਰਤੀ ਨੂ ਉਜਗਾਰ ਕਰਦੇ ਹੋਏ ਆਖ ਰਹੇ ਹਨ ਕੇ ਜੇ ਕੋਈ ਲੋੜਵੰਦ ਅਜੇਹੀ ਵਿਰਤੀ ਦੇ ਮਾਲਿਕ ਦੇ ਦਰ ਉਤੇ ਮਦਦ ਲਈ ਆਵੇ ਤੇ ਅਗੋ ਓਹ ਜੀਵ ਕਿਸੇ ਕਾਰਨ ਕਰਕੇ ਮਦਦ ਨਾਹ ਕਰ ਸਕੇ ਤਾ ਉਸ ਦਰਵੇਸ ਵਿਰਤੀ ਦੇ ਮਾਲਿਕ ਜਨ ਦੀ ਅੰਦਰਲੀ ਅਵਸਥਾ ਏਵੈ ਹੋਂਦੀ ਹੈ ਜਿਵੇ ਕੋਲਿਆਂ ਉੱਤੇ ਮਜੀਠ ਧੁਖ ਧੁਖ ਕੇ ਸੜਦਾ ਹੈ॥
ਇਹ ਸਲੋਕ ਨਿਤਾ ਪ੍ਰਤੀ ਜੀਵਨ ਵਿਚ ਅਕਸਰ ਹਢਾਉਣ ਨੂ ਮਿਲਦਾ ਹੈ, ਕਈ ਵਾਰ ਚਾਹ ਕੇ ਵੀ ਕਿਸੇ ਦੀ ਮਦਦ ਤੂ ਬੰਦਾ ਅਸਮਰਥ ਮਹਸੂਸ ਕਰਦਾ ਹੈ॥
ਵੰਡ ਛਕਣ ਦਾ ਸਿਧਾਤ ਇਥੋ ਹੀ ਜਨਮ ਲੈਂਦਾ ਹੈ॥ਘਰਿ ਆਏ ਦੀ ਸਹਾਇਤਾ ਕਰਨਾ ਦਰਵੇਸ਼ੀ ਦੇ ਨਿਯਮਾਂ ਵਿੱਚੋਂ ਇੱਕ ਅਹਿਮ ਨਿਯਮ ਹੈ।

ਫਰੀਦਾ ਰਾਤੀ ਵਡੀਆਂ ਧੁਖਿ ਧੁਖਿ ਉਠਨਿ ਪਾਸ ॥

ਫਰੀਦਾ ਰਾਤੀ ਵਡੀਆਂ ਧੁਖਿ ਧੁਖਿ ਉਠਨਿ ਪਾਸ ॥ 
ਧਿਗੁ ਤਿਨ੍ਹਾ ਦਾ ਜੀਵਿਆ ਜਿਨਾ ਵਿਡਾਣੀ ਆਸ ॥੨੧॥
ਸੇਖ ਸਾਬ ਆਖ ਰਹੇ ਹਨ ਕੇ ਸਿਆਲ ਦੀਆ ਰਾਤਾ ਬਹੁਤ ਲੰਮੀਆ ਹੋਂਦੀਆ ਹਨ ਤੇ ਸਉ ਸਉ ਕੇ ਪਾਸੇ ਵੀ ਦੁਖਣ ਲੱਗ ਪੈਂਦੇ ਹਨ॥ ਇਹਨੀ ਲੰਮੀ ਰਾਤ ਜੋ ਪਰਾਏ(ਦੂਜੇ ਭਾਉ) ਦੀ ਉਡੀਕ ਵਿਚ ਕਢ ਦੇਣ ਉਹਨਾ ਦਾ ਜੀਵਿਆ ਘਣਤਾ ਦੇ ਸਾਮਾਨ ਹੈ॥
ਇਹ ਤਾ ਸਨ ਅਖਰੀ ਅਰਥ ਪਰ ਜਿਸ ਲੰਮੀ ਰਾਤ ਦੀ ਸੇਖ ਸਾਬ ਗੱਲ ਕਰ ਰਹੇ ਹਨ ਓਹ ਹੈ ਇਹ ਮਨੁਖੀ ਦੇਹ ਵਿਚਲਾ ਜੀਵਨ ਜੋ ਜੀਆ ਜਾ ਰਿਹਾ ਹੈ ॥
ਮਹਲਾ ੨ ਇਸੇ ਤਰਜ ਉਤੇ ਹਲੂਣਾ ਦਿੰਦੇ ਆਖਦੇ ਹਨ ..''
ਰਾਤਿ ਕਾਰਣਿ ਧਨੁ ਸੰਚੀਐ ਭਲਕੇ ਚਲਣੁ ਹੋਇ ॥ 
ਨਾਨਕ ਨਾਲਿ ਨ ਚਲਈ ਫਿਰਿ ਪਛੁਤਾਵਾ ਹੋਇ ॥੨॥
ਹੁਣ ਜੇ ''ਧਨੁ ਸੰਚੀਐ'' ਪਦ ਦੀ ਸਮਝ ਆ ਜਾਵੇ ਤਾ ''ਧਿਗੁ ਤਿਨ੍ਹਾ ਦਾ ਜੀਵਿਆ ਜਿਨਾ ਵਿਡਾਣੀ ਆਸ॥ ਆਪਣੇ ਆਪ ਸਮਝ ਆ ਜਾਵੇਗਾ॥
ਤੇ ''ਧਨੁ ਸੰਚੀਐ'' ਲਈ ਮਹਲਾ ੫ ਕੋਲੋ ਜਾ ਕੇ ਪੁਛਣ ਤੇ ਪਤਾ ਚਲਦਾ ਹੈ...
ਖੋਜਤ ਖੋਜਤ ਖੋਜਿਆ ਨਾਮੈ ਬਿਨੁ ਕੂਰੁ ॥ 
ਜੀਵਨ ਸੁਖੁ ਸਭੁ ਸਾਧਸੰਗਿ ਪ੍ਰਭ ਮਨਸਾ ਪੂਰੁ ॥
ਗੁਰੂ ਜੀ ਸਾਫ਼ ਦਸਦੇ ਹਨ ਕੇ ''ਧਨੁ ਸੰਚੀਐ'' ਸਭ ਕੂੜ ਰੂਪ ਹੈ ,ਜੇ ਕੁਝ ਸਚਨਾ ਹੈ ਤਾ ਓਹ ਹੈ ਇਕ ਸਚੇ ਸਾਹਿਬ ਦਾ ਨਾਮੁ ਉਸ ਤੂ ਬਿਨਾ ਸਭ ਧਿਰਗ ਹੈ॥

ਫਰੀਦਾ ਇਨੀ ਨਿਕੀ ਜੰਘੀਐ ਥਲ ਡੂੰਗਰ ਭਵਿਓਮ੍ਹਿ ॥

ਫਰੀਦਾ ਇਨੀ ਨਿਕੀ ਜੰਘੀਐ ਥਲ ਡੂੰਗਰ ਭਵਿਓਮ੍ਹਿ ॥ 
ਅਜੁ ਫਰੀਦੈ ਕੂਜੜਾ ਸੈ ਕੋਹਾਂ ਥੀਓਮਿ ॥੨੦॥
ਸੇਖ ਸਾਬ ਕਾਇਆ ਦੀ ਜੀਵਨ ਪਧਤੀ ਨੂ ਸਾਹਮਣੇ ਰਖ ਕੇ ਵਿਚਾਰ ਦੇ ਰਹੇ ਹਨ ਕੇ ਜਿੰਨਾ ਲੱਤਾ ਦੇ ਬਲ ਨਾਲ ਜਵਾਨੀ ਵੇਲੇ ਸਭ ਉਚੇ ਨੀਵੇ ਥਾ ਗਾਹ ਮਾਰੀਏ ਅੱਜ ਓਹਨਾ ਹੀ ਲੱਤਾ ਨੂ ਬੁਢਾਪੇ ਵੇਲੇ ਕੋਲ ਪਿਆ ਪਾਣੀ ਦਾ ਕੂਜਾ ਵੀ ਏਵੈ ਲੱਗਦਾ ਹੈ ਜਿਵੇ ਸੌ ਕੋਹ ਤੇ ਪਾਇਆ ਹੋਵੇ॥
ਮਹਲਾ ੯ ਜੀਵਨ ਪਧਤੀ ਬਾਰੇ ਖੋਲ ਕੇ ਆਖਦੇ ਹਨ ..''
ਬਾਲ ਜੁਆਨੀ ਅਰੁ ਬਿਰਧਿ ਫੁਨਿ ਤੀਨਿ ਅਵਸਥਾ ਜਾਨਿ ॥ 
ਕਹੁ ਨਾਨਕ ਹਰਿ ਭਜਨ ਬਿਨੁ ਬਿਰਥਾ ਸਭ ਹੀ ਮਾਨੁ ॥
੧.ਬਾਲ-ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਬਾਲਕ ਬੁਧਿ ਅਚੇਤੁ ॥..ਅਚੇਤ ਪੁਣਾ ਇਹ ਸਮਾ ਜਿਆਦਾ ਤਰ ਬੇ ਧਿਆਨੀ ਵਿਚ ਹੀ ਗੁਜਰਾਵਾਹ ਦਿੰਦਾ ਹੈ॥
੨. ਜੁਆਨੀ-ਦੂਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਭਰਿ ਜੁਆਨੀ ਲਹਰੀ ਦੇਇ ॥ ਬੁਰਾ ਭਲਾ ਨ ਪਛਾਣਈ ਵਣਜਾਰਿਆ ਮਿਤ੍ਰਾ ਮਨੁ ਮਤਾ ਅਹੰਮੇਇ ॥....ਸਰੀਰੀ ਬਲ ਦਾ ਮਾਨ ਮੱਤ ਉਤੇ ਹਾਵੀ ਹੋਇਆ ਰਹੰਦਾ ਹੈ॥
੩.ਬਿਰਧਿ-ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਬਿਖੁ ਸੰਚੈ ਅੰਧੁ ਅਗਿਆਨੁ ॥...ਮੱਤ ਨੇ ਜੁਆਨੀ ਤੂ ਬੁਢਾਪੇ ਤੱਕ ਆਉਂਦਿਆ ਆਉਂਦਿਆ ਇੰਨਾ ਅਗਿਆਨ ਇਕਠਾ ਕਰ ਲਿਆ ਹੋਂਦਾ ਕੇ ਕਿਸੇ ਵਿਰਲੇ ਨੂ ਹੀ ਬੁਢਾਪੇ ਵਿਚ ਆ ਅਸਲ ਪਰਮਾਰਥ ਦਾ ਰਾਹ ਦਿਸਦਾ ਹੈ॥
ਸੋ, ਸਮਝਣ ਵਾਲੀ ਗੱਲ ਇੰਨੀ ਕੋ ਹੈ ਕੇ ਜੋ ਕਾਇਆ ਸਾਨੂ ਮਿਲੀ ਹੈ ਉਸ ਕਾਇਆ ਮਿਲਣ ਦਾ ਅਸਲ ਮਨੋਰਥ ਸਮਾ ਰਹੰਦੇ ਸਮਝ ਲਿਆ ਜਾਵੇ..ਸੁਣਿ ਮਨ ਮਿਤ੍ਰ ਪਿਆਰਿਆ ਮਿਲੁ ਵੇਲਾ ਹੈ ਏਹ ॥ ਜਬ ਲਗੁ ਜੋਬਨਿ ਸਾਸੁ ਹੈ ਤਬ ਲਗੁ ਇਹੁ ਤਨੁ ਦੇਹ ॥ ਬਿਨੁ ਗੁਣ ਕਾਮਿ ਨ ਆਵਈ ਢਹਿ ਢੇਰੀ ਤਨੁ ਖੇਹ ॥

ਫਰੀਦਾ ਜੰਗਲੁ ਜੰਗਲੁ ਕਿਆ ਭਵਹਿ ਵਣਿ ਕੰਡਾ ਮੋੜੇਹਿ ॥

ਫਰੀਦਾ ਜੰਗਲੁ ਜੰਗਲੁ ਕਿਆ ਭਵਹਿ ਵਣਿ ਕੰਡਾ ਮੋੜੇਹਿ ॥ 
ਵਸੀ ਰਬੁ ਹਿਆਲੀਐ ਜੰਗਲੁ ਕਿਆ ਢੂਢੇਹਿ ॥੧੯॥ 
ਸੇਖ ਸਾਬ ਆਖ ਰਹੇ ਹਨ ਕੇ ਜੀਵ ਬਾਹਰ ਜੰਗਲ ਬੇੜਿਆ ਵਿਚ ਕਿਥੇ ਰੱਬ ਨੂ ਭਾਲਦਾ ਫਿਰਦਾ ਹੈ,ਕਿਉ ਜੰਗਲਾ ਵਿਚ ਕੰਡੇ ਲਤਾੜਦਾ ਫਿਰਦਾ ਹੈ॥ਜਿਸ ਰੱਬ ਨੂ ਤੂ ਬਾਹਰ ਲਭਦਾ ਫਿਰਦਾ ਹੈ ਓਹ ਤਾ ਤੇਰੇ ਅੰਦਰ ਹਿਰਦੇ ਘਰ ਵਿਚ ਵੱਸਦਾ ਹੈ॥
ਕਬੀਰ ਸਾਬ ਜਦ ਹਿੰਦੂ ਮੁਸਲਿਮ ਦੇ ਰੱਬ ਪ੍ਰਾਪਤੀ ਦੇ ਰਸਤੇ ਬਾਰੇ ਬਿਆਨ ਕਰਦੇ ਹਨ ਤਾ ਬਿਲਕੁਲ ਇਸੇ ਤਰ੍ਹਾ ਦਾ ਉਪਦੇਸ਼ ਕਰਦੇ ਹਨ....''
ਦਖਨ ਦੇਸਿ ਹਰੀ ਕਾ ਬਾਸਾ ਪਛਿਮਿ ਅਲਹ ਮੁਕਾਮਾ ॥ 
ਦਿਲ ਮਹਿ ਖੋਜਿ ਦਿਲੈ ਦਿਲਿ ਖੋਜਹੁ ਏਹੀ ਠਉਰ ਮੁਕਾਮਾ॥
ਸਾਹਿਬ ਦਾ ਠਉਰ ਤਾ ਸਾਡਾ ਹਿਰਦੇ ਘਰ ਹੈ॥
ਕਬੀਰ ਜੀ ਆਪਣੇ ਇਕ ਸਲੋਕ ਵਿਚ ਇਸ ਵਿਚਾਰ ਨੂ ਅਗਲੇ ਪੜਾਅ ਵਿਚ ਖੜ ਆਖਦੇ ਹਨ...''
ਕਬੀਰ ਜਾ ਕਉ ਖੋਜਤੇ ਪਾਇਓ ਸੋਈ ਠਉਰੁ ॥ 
ਸੋਈ ਫਿਰਿ ਕੈ ਤੂ ਭਇਆ ਜਾ ਕਉ ਕਹਤਾ ਅਉਰੁ ॥੮੭॥
ਸਾਹਿਬ ਦਾ ਠਉਰ ਹਿਰਦੇ ਘਰ ਤਾ ਹੈ ਪਰ ਉਸ ਪਖ ਨੂ ਜਾਣਨ ਤੂ ਬਾਅਦ ਤੂ ਖੁਦ ਉਸਦਾ ਰੂਪ ਹੋ ਨਿਬੜਦਾ ਹੈ॥
ਇਸ ਦੋਵੇ ਸਿਧਾਤਾ ਨੂ ਦੇਖਦੇ ਹੋਏ ਰਾਗ ਭੈਰਉ ਵਿਚ ਮਹਲਾ ੫ ਨੇ ਸਿਖੀ ਦੇ ਵਿਲਖਣ ਸਿਧਾਤ ਨੂ ਸਾਹਮਣੇ ਰਖਿਆ ਤੇ ਆਖ ਦਿੱਤਾ ..'
ਪਿਤਾ ਹਮਾਰੇ ਪ੍ਰਗਟੇ ਮਾਝ ॥ ਪਿਤਾ ਪੂਤ ਰਲਿ ਕੀਨੀ ਸਾਂਝ ॥ 
ਕਹੁ ਨਾਨਕ ਜਉ ਪਿਤਾ ਪਤੀਨੇ ॥ ਪਿਤਾ ਪੂਤ ਏਕੈ ਰੰਗਿ ਲੀਨੇ ॥
ਇਹਨਾ ਸਾਰਿਆ ਸਿਧਾਤਾ ਉਤੇ ਸਿਖੀ ਦਾ '''
ਗੁਰੂ ਸਿਖੁ ਸਿਖੁ ਗੁਰੂ ਹੈ ਏਕੋ ਗੁਰ ਉਪਦੇਸੁ ਚਲਾਏ''ਸਿਧਾਤ ਖੜਾ ਹੈ॥

ਫਰੀਦਾ ਜਾ ਲਬੁ ਤਾ ਨੇਹੁ ਕਿਆ ਲਬੁ ਤ ਕੂੜਾ ਨੇਹੁ ॥

ਫਰੀਦਾ ਜਾ ਲਬੁ ਤਾ ਨੇਹੁ ਕਿਆ ਲਬੁ ਤ ਕੂੜਾ ਨੇਹੁ ॥
ਕਿਚਰੁ ਝਤਿ ਲਘਾਈਐ ਛਪਰਿ ਤੁਟੈ ਮੇਹੁ ॥੧੮॥
ਸੇਖ ਸਾਬ ਆਪਣੇ ਇਸ ਸਲੋਕ ਵਿਚ ਸਾਹਿਬ ਪ੍ਰਤੀ ਪ੍ਰੀਤ ਦੀ ਰੀਤ ਦਾ ਬਿਆਨ ਕਰਦੇ ਹੋਏ ਸਮਝਾ ਰਹੇ ਹਨ ਜੇ ਪ੍ਰੀਤ ਵਿਚ ਲਾਲਚ ਕੰਮ ਕਰ ਰਿਹਾ ਹੈ ਤਾ ਓਹ ਪ੍ਰੀਤ ਕਿਸ ਕੰਮ ਦੀ ਹੈ, ਦਰਾਸਲ ਓਹ ਪ੍ਰੀਤ ਲਾਲਚ ਕਰਕੇ ਕੂੜ ਦਾ ਰੂਪ ਹੈ ਭਾਵ ਵਾਪਰ ਹੈ॥
ਇਹ ਖਿਆਲ ਰਖ ਟੁਟੇ ਬੰਨ ਵਾਲੇ ਛਪੜ ਵਿਚ ਮੀਹ ਦਾ ਪਾਣੀ ਕਿੰਨੇ ਕੋ ਚਿਰ ਰੁਕਨਾ ਹੈ ਭਾਵ ਇਹ ਸਰੀਰ ਵਿਚ ਸਵਾਸਾ ਕਿੰਨਾ ਕੋ ਚਿਰ ਠਹਰਨਾ ਹੈ ਆਖਰ ਕਾਰ ਪਦਾਰਥੀ ਦੋੜ ਵਿਚ ਬਾਜੀ ਹਾਰਨੀ ਹੀ ਪੈਣੀ ਹੈ ॥
ਜਦ ਆਮ ਜਿੰਦਗੀ ਵਿਚ ਵਿਚਰੀਏ ਤਾ ਆਮ ਸਿਆਣੇ ਇਕ ਗੱਲ ਆਖਦੇ ਹਨ''ਜਿਥੇ ਹੋਏ ਪਿਆਰ ਉਥੇ ਕਦੇ ਨਾਹ ਕਰੀਏ ਵਾਪਾਰ''॥ ਕਾਰਣ ਵਾਪਰ ਤੇ ਪਿਆਰ ਕਦੇ ਇਕਠੇ ਨਹੀ ਹੋਂਦੇ ਹਨ॥ ਵਾਪਰ ਵਿਚ ਕਿਸੇ ਨਾਹ ਕਿਸੇ ਰੂਪ ਵਿਚ ਲਾਲਚ ਛੁਪਿਆ ਹੋਂਦਾ ਹੈ ਤੇ ਦੂਜੇ ਪਾਸੇ ਪਿਆਰ ਵਿਚ ਇਕ ਦੂਜੇ ਪ੍ਰਤੀ ਸਮਰਪਣ ਹੋਂਦਾ ਹੈ॥
ਇਸੇ ਗੱਲ ਨੂ ਮਦੇ ਨਜਰ ਰਖਦਿਆ ਮਹਲਾ ੫ ਨੇ ਆਖਿਆ .''ਆਸਕੁ ਆਸਾ ਬਾਹਰਾ ਮੂ ਮਨਿ ਵਡੀ ਆਸ ''
ਕੇ ਸਾਹਿਬ ਪ੍ਰਤੀ ਪ੍ਰੀਤ ਵਿਚ ਆਸਾ ਦੀ ਕੋਈ ਜਗ੍ਹਾ ਨਹੀ ਹੋਂਦੀ ਹੈ ਬਲਕੇ ਆਸਾ ਹੀ ਵਿਛੋੜੇ ਦਾ ਕਾਰਣ ਹੈ॥
ਜੇ ਹੋਰ ਅਗੇ ਜਾਣਨ ਦੀ ਚਾਹਤ ਹੋਵੇ ਤਾ ਅਸੀਂ ਪਿਛਲੇ ਸਮੇ ਵਿਚ ਆਸਾ ਦੀ ਵਾਰ ਵਿਚ ਵਿਚਾਰਿਆ ਸੀ ਕੇ .'''ਸਲੋਕੁ ਮਹਲਾ ੨ ॥ ਏਹ ਕਿਨੇਹੀ ਆਸਕੀ ਦੂਜੈ ਲਗੈ ਜਾਇ ॥ ਨਾਨਕ ਆਸਕੁ ਕਾਂਢੀਐ ਸਦ ਹੀ ਰਹੈ ਸਮਾਇ ॥ ਚੰਗੈ ਚੰਗਾ ਕਰਿ ਮੰਨੇ ਮੰਦੈ ਮੰਦਾ ਹੋਇ ॥ ''''ਆਸਕੁ ਏਹੁ ਨ ਆਖੀਐ ਜਿ ਲੇਖੈ ਵਰਤੈ ਸੋਇ''''' ॥੧॥

ਫਰੀਦਾ ਖਾਕੁ ਨ ਨਿੰਦੀਐ ਖਾਕੂ ਜੇਡੁ ਨ ਕੋਇ ॥

ਫਰੀਦਾ ਖਾਕੁ ਨ ਨਿੰਦੀਐ ਖਾਕੂ ਜੇਡੁ ਨ ਕੋਇ ॥
ਜੀਵਦਿਆ ਪੈਰਾ ਤਲੈ ਮੁਇਆ ਉਪਰਿ ਹੋਇ ॥੧੭॥
ਸੇਖ ਸਾਬ ''ਥੀਉ ਪਵਾਹੀ ਦਭੁ''ਦੀ ਵਿਚਾਰ ਨੂ ਅਗੇ ਤੋਰਦੇ ਆਖਦੇ ਹਨ ਕੇ ਮਿੱਟੀ ਨੂ ਨਾਹ ਨਿੰਦ ਇਸ ਮਿੱਟੀ ਵਰਗਾ ਕੋਈ ਨਹੀ ਹੋਂਦਾ, ਧਿਆਨ ਦੇ ਜਿਉਂਦੇ ਜੀ ਇਹ ਤੇਰੇ ਪੈਰਾ ਥਲੇ ਅਧਾਰ ਬਣਦੀ ਹੈ ਤੇ ਮਰਨ ਤੂ ਬਾਅਦ ਤੇਰੀ ਦੇਹ ਨੂ ਢਕਦੀ ਹੈ॥
ਇਹ ਤਾ ਅਖਰੀ ਅਰਥ ਹਨ ਪਰ ਜੇ ਹੁਣ ਥੋੜੀ ਜੇਹੀ ਪੜਚੋਲ ਕਰਨ ਦੀ ਕੋਸਿਸ ਕਰੀਏ ਤਾ ਕੇ ਪਤਾ ਲਗੇ ਆਖਰ ਕਾਰ ਸੇਖ ਸਾਬ ਕਿਸ ਮਿੱਟੀ (ਖਾਕ)ਦੀ ਗੱਲ ਕਰ ਰਹੇ ਹਨ॥
ਜੇ ਅਸੀਂ ਆਪਣਾ ਧਿਆਨ ਬਾਰਹ ਮਾਹਾ ਵਿਚ ਭਾਦੁਇ ਮਹਨੇ ਵੱਲ ਖੜੀਏ ਤਾ ਇਕ ਪੰਗਤੀ ਆਉਂਦੀ ਹੈ ..''ਜੇਹਾ ਬੀਜੈ ਸੋ ਲੁਣੈ '''ਕਰਮਾ'' ਸੰਦੜਾ ਖੇਤੁ॥134
ਹੁਣ ਮਾਝ ਰਾਗ ਦੀ ਇਕ ਪਉੜੀ ਵੱਲ ਧਿਆਨ ਮਾਰਦੇ ਹਾ...''ਆਪੇ ਕੁਦਰਤਿ ਸਾਜਿ ਕੈ ਆਪੇ ਕਰੇ ਬੀਚਾਰੁ ॥ ਇਕਿ ਖੋਟੇ ਇਕਿ ਖਰੇ ਆਪੇ ਪਰਖਣਹਾਰੁ ॥ ਖਰੇ ਖਜਾਨੈ ਪਾਈਅਹਿ ਖੋਟੇ ਸਟੀਅਹਿ ਬਾਹਰ ਵਾਰਿ ॥
ਹੁਣ ਆਉ ਗੁਰਮਤ ਦੇ ਮੁਖ concept ਵੱਲ....ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ॥
ਹੁਣ ਆਉ ਫਿਰ ਮਜੂਦਾ ਸਲੋਕ ਦੀ ਵਿਚਾਰ ਉਤੇ ਦਰਾਸਲ ਇਹ ਖਾਕ ਦੀ ਵਰਤੋ ਕਰਕੇ ਇਸ਼ਾਰਾ ਸਾਡੇ ਕਰਮਖੇਤਰ ਵੱਲ ਕੀਤਾ ਜਾ ਰਿਹਾ ਹੈ, ਜਿਸ ਨੂ ਜਿੰਦੇ ਜੀ ਅਸੀਂ ਸਾਹਿਬ ਦੇ ਅਧੀਨ ਕਰਕੇ ਜਾ ਅਨਕੂਲ ਕਰਕੇ ਆਪਾ ਮਾਰਨਾ ਹੈ ਭਾਵ ਨਿਮਾਨਤਾ ਹਾਸਿਲ ਕਰਨੀ ਹੈ ਤੇ ਫਿਰ ਇਸ ਹੀ ਨਿਮਾਨਤਾ ਨੇ ਸਾਹਿਬ ਵਿਚ ਇਕ ਮਿਕਤਾ ਵੇਲੇ ਵਿਕਰਮਾ ਦਾ ਪੜਦਾ ਕਝਨਾ ਹੈ॥
ਕਰਮ ਵਿਚਲੇ ਗੁਣ ਹੀ ਹਨ ਜੋ ਜਿੰਦੇ ਜੀ ਜੀਵਨ ਦਾ ਅਧਾਰ ਬਣਦੇ ਹਨ ਤੇ ਕਰਮ ਵਿਚਲੇ ਗੁਣ ਹੀ ਹੋਂਦੇ ਹਨ ਜੋ ਜੀਵਨ ਉਤੇ ਮਾਇਆ ਦਾ ਪ੍ਰਭਾਵ ਨਹੀ ਪੇਣ ਦਿੰਦੇ॥
ਕਰਮ ਦੀ ਆਜ਼ਾਦੀ ਹੀ ਸਾਹਿਬ ਦੀ ਖੇਲ ਨੂ ਬਚਿਆ ਦੇ ਗੁਡੇ ਗੁਡੀਆ ਦੀ ਖੇਲ ਤੂ ਵਖ ਬਣਾਉਦੀ ਹੈ॥ ਅਸੀਂ ਹਾ ਤਾ ਸਾਹਿਬ ਦੇ ਖਿਲੌਨੇ ਪਰ ਹਾ ਸਰਜੀਉ ਰੂਪ ਵਿਚ ਚੋਣ ਕਰਨੀ ਦੀ ਆਜ਼ਾਦੀ ਨਾਲ ਅਜਾਦ॥ ਕਰਮ ਤੂ ਭਾਵ ਸਾਡੀ ਕਰਣੀ ਕੀ ਹੈ॥
ਸਤਿਗੁਰਿ ਹਰਿ ਪ੍ਰਭੁ ਬੁਝਿਆ '''ਗੁਰ ਜੇਵਡੁ ਅਵਰੁ''' ਨ ਕੋਇ ॥ ਹਉ ਗੁਰ ਸਰਣਾਈ ਢਹਿ ਪਵਾ ਕਰਿ ਦਇਆ ਮੇਲੇ ਪ੍ਰਭੁ ਸੋਇ ॥੨॥ ਮਨਹਠਿ ਕਿਨੈ ਨ ਪਾਇਆ ਕਰਿ ਉਪਾਵ ਥਕੇ ਸਭੁ ਕੋਇ ॥ ਸਹਸ ਸਿਆਣਪ ਕਰਿ ਰਹੇ ਮਨਿ ਕੋਰੈ ਰੰਗੁ ਨ ਹੋਇ ॥ ਕੂੜਿ ਕਪਟਿ ਕਿਨੈ ਨ ਪਾਇਓ ਜੋ ਬੀਜੈ ਖਾਵੈ ਸੋਇ ॥

ਫਰੀਦਾ ਥੀਉ ਪਵਾਹੀ ਦਭੁ

ਫਰੀਦਾ ਥੀਉ ਪਵਾਹੀ ਦਭੁ ॥ ਜੇ ਸਾਂਈ ਲੋੜਹਿ ਸਭੁ ॥ 
ਇਕੁ ਛਿਜਹਿ ਬਿਆ ਲਤਾੜੀਅਹਿ ॥ ਤਾਂ ਸਾਈ ਦੈ ਦਰਿ ਵਾੜੀਅਹਿ ॥੧੬॥ 
ਫਰੀਦ ਸਾਬ ਸਮਝਾ ਰਹੇ ਹਨ ਕੇ ਜੇ ਸਾਹਿਬ ਨੂ ਘਟ ਘਟ ਵਿਚ ਦੇਖਣ ਦੀ ਚਾਹਨਾ ਹੈ ਤਾ ਆਪਣੇ ਆਪ ਨੂ ਰਸਤੇ ਉਤੇ ਉਗੇ ਦਭੁ(ਘਾਹ) ਵਰਗਾ ਕਰ ਲੈ ਭਾਵ ਜਿਵੇ ਇਕ ਬੂਟੇ ਨੂ ਪੁਟਣ ਲਈ ਦੂਜੇ ਤਾਈ ਪੈਰ ਧਰਿਆ ਜਾਂਦਾ ਹੈ ਜਿਸ ਦੇ ਫਲਸਰੂਪ ਇਕ ਬੂਟਾ ਤਾ ਪੁਟਿਆ ਜਾਂਦਾ ਹੈ ਤੇ ਦੂਜਾ ਪੁਟਣ ਵੇਲੇ ਪੈਰ ਹੇਠਾ ਲਤਾੜਿਆ ਜਾਂਦਾ ਹੈ॥
ਸੋ ਇਸ ਤਰ੍ਹਾ ਬੰਦਗੀ ਕਰ ਇਕ ਅਵਗੁਣ ਮਰਨ ਨਾਲ ਦੂਜਾ ਖੁਦ ਬਰ ਖੁਦ ਮਰ ਜਾਵੇ ਤਾ ਕੀਤੇ ਤੂ ਸਾਹਿਬ ਦੇ ਦਰ ਉਤੇ ਪਰਵਾਨ ਹੋਵੇਗਾ॥
ਕਬੀਰ ਜੀ ਵੀ ਆਪਣੇ ਇਕ ਸਲੋਕ ਵਿਚ ਕੁਝ ਰਲਦੀ ਮਿਲਦੀ ਵਿਚਾਰ ਪੇਸ਼ ਕਰਦੇ ਹੋਏ ਆਖਦੇ ਹਨ...
ਕਬੀਰ ਏਕ ਮਰੰਤੇ ਦੁਇ ਮੂਏ ਦੋਇ ਮਰੰਤਹ ਚਾਰਿ॥
ਚਾਰਿ ਮਰੰਤਹ ਛਹ ਮੂਏ ਚਾਰਿ ਪੁਰਖ ਦੁਇ ਨਾਰਿ॥੯੧॥
ਕਬੀਰ ਜੀ ਆਖ ਰਹੇ ਹਨ ਕੇ ਇਕ ਮਨ ਮਾਰਨ ਨਾਲ(ਭਾਵ ਮਨ ਦੀਆ ਮਾੜੀਆ ਪਰਵਿਰਤੀਆ ਦੂਰ ਕਰਨ ਨਾਲ)ਪਹਲਾ ਆਸਾ ਤੇ ਤਿਰਸਨਾ ਦੀ ਪਰਵਿਰਤੀ ਮਰ ਗਈ॥ ਇਹਨਾ ਦੋ ਦੇ ਮਰਣ ਨਾਲ ਚਾਰ (ਕਾਮ ਕ੍ਰੋਧ ਲੋਭ ਤੇ ਮੋਹ)ਮਰ ਗਏ ਤੇ ਇਸ ਤਰ੍ਹਾ ਇਕ ਮਨ ਮਾਰਨ ਨਾਲ ਕੁਲ ਛੇ ਮਾਰੇਗੇ ਜਿਨਾ ਵਿਚ ਚਾਰ ਪੁਰਖ ਹਨ(ਕਾਮ ਕ੍ਰੋਧ ਲੋਭ ਤੇ ਮੋਹ) ਤੇ ਦੋ ਨਾਰਾ (ਆਸਾ ਅਤੇ ਤਿਰਸਨਾ) ਹਨ॥
ਜੇ ਦੋਵੇ ਸਲੋਕਾ ਦਾ ਸਾਰ ਕਢਣਾ ਹੋਵੇ ਤਾ ਜਪੁ ਬਾਣੀ ਵਿਚ ਫੁਰਮਾਨ ਹੈ.... 
==>ਮਨਿ ਜੀਤੈ ਜਗੁ ਜੀਤੁ<==
ਮਹਲਾ ੩ ਤਾ ਹੋਰ ਜੋਰ ਦੇਕੇ ਸਮਝਾਂਦੇ ਹਨ॥
ਗੁਰਮੁਖਿ ਆਪਣਾ ਮਨੁ ਮਾਰਿਆ ਸਬਦਿ ਕਸਵਟੀ ਲਾਇ ॥
ਮਨ ਹੀ ਨਾਲਿ ਝਗੜਾ...ਮਨ ਹੀ ਨਾਲਿ ਸਥ.. ਮਨ ਹੀ ਮੰਝਿ ਸਮਾਇ ॥
ਸੋ ਮਨ ਨੂ ਨਿਵਾਣਾ ਕਰਕੇ ਹੀ ਸਾਹਿਬ ਦੇ ਦਰ ਉਤੇ ਪਰਵਾਨਗੀ ਮਿਲਣੀ ਹੈ॥ਇਸੇ ਨਿਮਾਨਤਾ ਵਿਚ ਆਕੇ ਮਹਲਾ ੫ ਨੇ ਸਾਹਿਬ ਤੱਕ ਇਕ ਅਰਜੋਹੀ ਕਰ ਦਿੱਤੀ..''ਨਾਨਕੁ ਗਰੀਬੁ ਬੰਦਾ ਜਨੁ ਤੇਰਾ ॥ ਰਾਖਿ ਲੇਇ ਸਾਹਿਬੁ ਪ੍ਰਭੁ ਮੇਰਾ ॥

ਫਰੀਦਾ ਕੂਕੇਦਿਆ ਚਾਂਗੇਦਿਆ ਮਤੀ ਦੇਦਿਆ ਨਿਤ ॥

ਫਰੀਦਾ ਕੂਕੇਦਿਆ ਚਾਂਗੇਦਿਆ ਮਤੀ ਦੇਦਿਆ ਨਿਤ ॥
ਜੋ ਸੈਤਾਨਿ ਵੰਞਾਇਆ ਸੇ ਕਿਤ ਫੇਰਹਿ ਚਿਤ ॥੧੫॥ 
ਸੇਖ ਸਾਬ ਬੜ੍ਹੇ ਹੀ ਸਿਧੇ ਲਿਹਜੇ ਨਾਲ ਉਪਦੇਸ਼ ਕਰਦੇ ਆਖਦੇ ਹਨ ਕੇ ਜਿਹਨਾ ਦੇ ਹਿਰਦੇ ਘਰ ਉਤੇ ਵਿਕਾਰਾ ਰੂਪੀ ਸੈਤਾਨ ਨੇ ਘਰ ਪਾ ਲਿਆ ਹੈ ਉਹਨਾ ਨੂ ਭਾਵੇ ਜਿੰਨੀ ਮਰਜੀ ਕੂਕ ਪੁਕਾਰ ਕਰਕੇ ਸਚਾਰੋ ਮਤ ਦਿੱਤੀ ਜਾਵੇ ਓਹ ਸਚਾਰੋ ਮਤ ਅਜੇਹੇ ਜੀਵਾ ਤੱਕ ਕੇਵਲ ਕੂਕ ਪੁਕਾਰ ਮਹਿਜ ਬਣ ਕੇ ਰਹ ਜਾਂਦੀ ਹੈ॥
ਜੇ ਗੱਲ ਹੋਰ ਖੋਲ ਕੇ ਸਮਝਣੀ ਹੋਵੇ ਤਾ ਮਹਲਾ ੧ ਆਖਦੇ ਹਨ॥
ਸਲੋਕ ਮਃ ੧ ॥ ਚੋਰਾ ਜਾਰਾ ਰੰਡੀਆ ਕੁਟਣੀਆ ਦੀਬਾਣੁ ॥
ਮਹਲਾ ੧ ਆਖ ਰਹੇ ਹਨ ਕੇ ਜੀਵ ਅੰਦਰ ਇਕ ਵਿਰਤੀ ਪ੍ਰਬਲ ਹੈ ਕੇ ਇਸ ਨੂ ਆਪਣੇ ਸੁਭਾਅ ਨਾਲ ਮੇਲ ਖਾਂਦੇ ਦੂਜੇ ਜੀਵ ਦੀ ਦੋਸਤੀ ਜਾ ਸੰਗਤ ਵਿਚ ਵਿਚਰਨ ਵਿਚ ਫਕਰ ਮਹਸੂਸ ਹੋਂਦਾ ਹੈ॥
ਪ੍ਰਮਾਨ-((ਰੂਪੈ ਕਾਮੈ ਦੋਸਤੀ ਭੁਖੈ ਸਾਦੈ ਗੰਢੁ ॥ ਲਬੈ ਮਾਲੈ ਘੁਲਿ ਮਿਲਿ ਮਿਚਲਿ ਊਂਘੈ ਸਉੜਿ ਪਲੰਘੁ ॥))
ਇਸਲਈ ਮਹਲਾ ੧ ਨੇ ਜਿਕਰ ਕੀਤਾ ਚੋਰਾ,ਸੇਖਚਿਲੀਆ ,ਦੁਹਾਗਨਾ ,ਕੁਟਨੀਆ ਨੂ ਇਕ ਦੂਜੇ ਕੋਲ ਬਹਿ ਪੰਸਦ ਹੋਂਦਾ ਹੈ॥
ਵੇਦੀਨਾ ਕੀ ਦੋਸਤੀ ਵੇਦੀਨਾ ਕਾ ਖਾਣੁ ॥ 
ਇਹਨਾ ਸਚ ਦੇ ਮਾਰਗ ਤੂ ਖੁੰਝੀਆ ਦੀ ਦੋਸਤੀ ਦੇ ਦੀਬਾਨ (ਸਭਾ)ਵਿਚ ਸਚ ਤੂ ਹਟ ਕੇ ਲੁਟ ਕੁਸਟ ਦੀ ਕਮਾਈ ਖਾਣ ਦੀ ਸਲਾਹਾ ਘੜੀਆ ਜਾਂਦੀਆ ਹਨ॥(( ਦੁਸਟ ਸਭਾ ਮਿਲਿ ਮੰਤਰ ਉਪਾਇਆ))
ਸਿਫਤੀ ਸਾਰ ਨ ਜਾਣਨੀ ਸਦਾ ਵਸੈ ਸੈਤਾਨੁ ॥ 
ਅਜੇਹੇ ਸਚ ਦੇ ਮਾਰਗ ਤੂ ਖੁੰਝੇ ਜੀਵ ਸਾਹਿਬ ਦੀ ਸਿਫਤ ਦੀ ਸਾਰ ਕਿਥੋ ਜਾਣਨ ਗਏ ਜਦ ਕੇ ਇਹਨਾ ਦੇ ਅੰਦਰ ਹਰ ਵੇਲੇ ਕੁਕਰਮੀ ਵਿਰਤੀ ਹਾਵੀ ਰਹੰਦੀ ਹੈ॥
ਗਦਹੁ ਚੰਦਨਿ ਖਉਲੀਐ ਭੀ ਸਾਹੂ ਸਿਉ ਪਾਣੁ ॥
ਅਜੇਹੇ ਸਚ ਤੂ ਖੁੰਝੇ ਜੀਵਾ ਦਾ ਹਾਲ ਏਵੈ ਦਾ ਹੋ ਗਿਆ ਹੋਂਦਾ ਹੈ ਜਿਵੇ ਗਧੇ ਨੂ ਭਾਵੇ ਚੰਦਨ ਮਲ ਦਿਤਾ ਜਾਵੇ ਪਰ ਗਧੇ ਦੇ ਅੰਦਰ ਜੋ ਮਿੱਟੀ ਸੂਆ ਵਿਚ ਲੇਟਣ ਦੀ ਵਿਰਤੀ ਪ੍ਰਬਲ ਹੋਂਦੀ ਹੈ ਓਹ ਚੰਦਨ ਦੀ ਕਦਰ ਨਹੀ ਪੇਣ ਦਿੰਦੀ ਭਾਵ ਸੁਭਾਅ ਦੀ ਖਿਚ ਕੁਕਰਮ ਵੱਲ ਨੂ ਹੀ ਰਹੰਦੀ ਹੈ॥((ਜੈਸੀ ਆਸਾ ਤੈਸੀ ਮਨਸਾ))
ਨਾਨਕ ਕੂੜੈ ਕਤਿਐ ਕੂੜਾ ਤਣੀਐ ਤਾਣੁ ॥
ਨਾਨਕ ਤਾ ਸੰਬੋਧਨ ਕਰਦਾ ਹੋਇਆ ਆਖਦਾ ਹੈ ਜੇ ਕਰਮ ਦਾ ਕਤਨਾ ਹੀ ਕੂੜ ਹੋ ਜਾਵੇ ਤੇ ਤਦ ਕੂੜ ਹੀ ਤਾਣਿਆ ਜਾਵੇਗਾ॥((ਜੋ ਬੀਜੇ ਸੋ ਖਾਇ))
ਕੂੜਾ ਕਪੜੁ ਕਛੀਐ ਕੂੜਾ ਪੈਨਣੁ ਮਾਣੁ ॥੧॥ 
ਜਦ ਤਣੀਆ ਹੀ ਕੂੜ ਹੈ ਫਿਰ ਕਰਮ ਨੂ ਢਕਨ ਲਈ ਕਪੜਾ ਵੀ ਕੂੜ ਦਾ ਹੀ ਹੋਵੇਗਾ ਤੇ ਹੈਰਾਨੀ ਦੀ ਗੱਲ ਇਹ ਹੈ ਜਿੰਨਾ ''ਚੋਰਾ,ਸੇਖਚਿਲੀਆ ,ਦੁਹਾਗਨਾ ,ਕੁਟਨੀਆ'''ਵਿਰਤੀਆ ਦਾ ਜਿਕਰ ਆਇਆ ਓਹ ਇਹ ਕੂੜ ਦਾ ਕਪੜਾ ਪਹਿਨ ਕੇ ਵੀ ਮਾਨ ਮਹਸੂਸ ਕਰਦੇ ਹਨ॥( ਕੂੜਿ ਕੂੜੈ''ਨੇਹੁ''' ਲਗਾ ਵਿਸਰਿਆ ਕਰਤਾਰੁ ))

ਫਰੀਦਾ ਜਿਨ੍ਹ ਲੋਇਣ ਜਗੁ ਮੋਹਿਆ ਸੇ ਲੋਇਣ ਮੈ ਡਿਠੁ ॥

ਫਰੀਦਾ ਜਿਨ੍ਹ ਲੋਇਣ ਜਗੁ ਮੋਹਿਆ ਸੇ ਲੋਇਣ ਮੈ ਡਿਠੁ ॥
ਕਜਲ ਰੇਖ ਨ ਸਹਦਿਆ ਸੇ ਪੰਖੀ ਸੂਇ ਬਹਿਠੁ ॥੧੪॥
ਸੇਖ ਸਾਬ ਦੇ ਇਸ ਸਲੋਕ ਨਾਲ ਜੋੜ ਇਕ ਵਰਤਾਂਤ ਸੁਣਾਇਆ ਜਾਂਦਾ ਹੈ ਜੋ ਸਾਂਝਾ ਕਰਨ ਯੋਗ ਹੈ॥ ਕਹੰਦੇ ਭਲੇ ਸਮਿਆ ਦੀ ਗੱਲ ਹੈ ਕੇ ਇਕ ਫ਼ਕੀਰ ਆਪਣੇ ਚੇਲੇ ਨਾਲ ਤੁਰਿਆ ਜਾਵੇ, ਇਕ ਪੁਰਾਣੇ ਕਬਰਸਤਾਨ ਕੋਲੋ ਗੁਜਰਦਿਆ ਫ਼ਕੀਰ ਇਕ ਮਨੁਖੀ ਖੋਪੜੀ ਨੂ ਦੇਖ ਮੁਸਕਰਾਨ ਲੱਗ ਪਿਆ,ਚੇਲੇ ਪੁਛਿਆ ਗੁਰੂ ਜੀ ਕੀ ਹੋਇਆ ਕੀ ਗੱਲ ਹੈ ਕੇ ਤੁਸੀਂ ਇਸ ਖੋਪੜੀ ਨੂ ਵੇਖ ਮੁਸਕਰਾ ਰਹੇ ਹੋ॥
ਫ਼ਕੀਰ ਬੋਲਿਆ ਦੇਖ ਜਿਸ ਖੋਪੜੀ ਵਿਚ ਅੱਜ ਇਕ ਪੰਛੀ ਨੇ ਆਲਣਾ ਪਾਇਆ ਹੈ ਕਿਸੇ ਵੇਲੇ ਇਹ ਖੋਪੜੀ ਇਕ ਸੁੰਦਰ ਰਾਨੀ ਦੀ ਹੋਂਦੀ ਸੀ ਜਿਸ ਨੇ ਆਪਣੇ ਨੋਕਰ ਨੂ ਸਿਰਫ ਇਸ ਗੱਲ ਕਰਕੇ ਮੋਤ ਦੇ ਘਾਟ ਉਤਾਰ ਦਿੱਤੀ ਸੀ ਕੇ ਜੋ ਉਸ ਨੇ ਇਸਦੀਆ ਅਖਾ ਵਿਚ ਪਾਉਣ ਲਈ ਸੁਰਮਾ ਪੀਸਿਆ ਸੀ ਓਹ ਕੁਝ ਕੋ ਮੋਟਾ ਰਹ ਗਿਆ ਚੰਗੀ ਤਰ੍ਹਾ ਬਰੀਕ ਨਹੀ ਹੋਇਆ ਤੇ ਖੋਪੜੀ ਦੇ ਮਾਲਿਕ ਰਾਨੀ ਦੀਆ ਅਖਾ ਵਿਚ ਜਦ ਸੁਰਮਚੋ ਨਾਲ ਸੁਰਮਾ ਪਾਇਆ ਗਿਆ ਤਾ ਓਹ ਰੜਕਣ ਲੱਗਾ ਜਿਸ ਤੂ ਗੁਸੇ ਹੋ ਇਸ ਨੇ ਨੋਕਰ ਨੂ ਮਰਵਾ ਦਿੱਤਾ॥ਵੇਖ ਅੱਜ ਓਹ ਹੀ ਅਖਾ ਦੀ ਜਗ੍ਹਾ ਵਿਚ ਪੰਛੀ ਨੇ ਆਲਣਾ ਪਾਇਆ ਹੈ॥
ਸੇਖ ਸਾਬ ਜੀ ਵੀ ਆਪਣੇ ਸਲੋਕ ਵਿਚ ਬਿਆਨ ਕਰ ਰਹੇ ਹਨ ਜਿੰਨਾ ਅਖਾ ਦੀ ਖੂਬਸੂਰਤੀ ਵੇਖ ਸਾਰੇ ਅਸ਼ ਅਸ਼ ਕਰਦੇ ਸੀ,ਸੇਖ ਸਾਬ ਕਹੰਦੇ ਓਹ ਮੈ ਮਿੱਟੀ ਵਿਚ ਮਿਲੇ ਹੋਏ ਵੇਖੇ॥ਇਹ ਓਹ ਹੀ ਅਖਾ ਸਨ ਜੋ ਕਦੇ ਕਜਲ ਦੀ ਥੋੜੀ ਜੇਹੀ ਰੜਕ ਨਹੀ ਸਹਾਰ ਦੀਆ ਸਨ ਤੇ ਅੱਜ ਪੰਛੀ ਵਿਚ ਆ ਬਚੇ ਦਿੰਦੇ ਹਨ॥
ਅੰਤ ਗੁਰਬਾਣੀ ਇਕ ਨਿਰਣਾ ਦਿੰਦੀ ਹੈ ..''
ਰਾਜੁ ਜੋਬਨੁ ਅਵਧ ਜੋ ਦੀਸੈ ਸਭੁ ਕਿਛੁ ਜੁਗ ਮਹਿ ਘਾਟਿਆ ॥
ਨਾਮੁ ਨਿਧਾਨੁ ਸਦ ਨਵਤਨੁ ਨਿਰਮਲੁ ਇਹੁ ਨਾਨਕ ਹਰਿ ਧਨੁ ਖਾਟਿਆ ॥

ਫਰੀਦਾ ਕਾਲੀ ਧਉਲੀ ਸਾਹਿਬੁ ਸਦਾ ਹੈ ਜੇ ਕੋ ਚਿਤਿ ਕਰੇ ॥

ਮਃ ੩ ॥ ਫਰੀਦਾ ਕਾਲੀ ਧਉਲੀ ਸਾਹਿਬੁ ਸਦਾ ਹੈ ਜੇ ਕੋ ਚਿਤਿ ਕਰੇ ॥ 
ਆਪਣਾ ਲਾਇਆ ਪਿਰਮੁ ਨ ਲਗਈ ਜੇ ਲੋਚੈ ਸਭੁ ਕੋਇ॥ਏਹੁ ਪਿਰਮੁ ਪਿਆਲਾ ਖਸਮ ਕਾ ਜੈ ਭਾਵੈ ਤੈ ਦੇਇ॥੧੩॥
ਮਹਲਾ ੩ ਸੇਖ ਸਾਬ ਦੇ ਪਿਛਲੇ ਸਲੋਕ((ਫਰੀਦਾ ਕਾਲੀ ਜਿਨੀ ਨ ਰਾਵਿਆ ਧਉਲੀ ਰਾਵੈ ਕੋਇ)) ਦੀ ਵਿਚਾਰ ਨੂ ਸਨਮੁਖ ਰਖ ਕੇ ਬਿਆਨ ਕਰਦੇ ਹਨ ਕੇ ਧਉਲੀ ਅਵਸਥਾ ਵਿਚ ਵਿਰਲੇ ਹੀ ਸਾਹਿਬ ਦੀ ਬੰਦਗੀ ਦੀ ਅਸਲ ਲੀਹ ਨੂ ਪਛਾਣ ਚਿਤ ਲਾਉਂਦੇ ਹਨ ਪਰ ਕਿਓ ਜੋ ਸਾਹਿਬ ਇਕ ਰਸ ਹੈ ਇਸਲਈ ਸਾਹਿਬ ਦੇ ਦਰ ਘਰ ਜੀਵ ਲਈ ਹਮੇਸਾ ਖੁੱਲਾ ਰਹੰਦਾ ਹੈ ਭਾਵੇ ਓਹ ਜੀਵਨ ਦੀ ਕੋਈ ਵੀ ਅਵਸਥਾ ਹੋਵੇ ਬਸ ਸਾਹਿਬ ਤਾ ਜੀਵ ਅੰਦਰੋ ਉਠਣ ਵਾਲੇ ਬਿਰਹੇ ਦੀ ਉਡੀਕ ਕਰਦਾ ਹੈ ਜਦ ਜੀਵ ਦੇ ਚਿੱਤ ਵਿਚ ਮਿਲਾਪ ਦੀ ਤਾਂਘ ਆਉਂਦੀ ਹੈ ਤਾ ਸਾਹਿਬ ਪਲ ਭਰ ਵਿਚ ਗਲਵਕੜੀ ਵਿਚ ਲੈ ਲੈਂਦਾ ਹੈ॥
ਪਰ ਨਾਲ ਹੀ ਸਾਹਿਬ ਦੀ ਨਦਰ ਦੀ ਲੋੜ ਵੀ ਹੋਂਦੀ ਹੈ ਕੇ ਜੋ ਜੀਵ ਪਰਮਾਰਥ ਦੇ ਰਾਹ ਉਤੇ ਚਲਣ ਲਈ ਉਠਦਾ ਹੈ ਉਸਨੁ ਇਸ ਮਾਰਗ ਉਤੇ ਅਗੇ ਵਧਾਉਣ ਲਈ ਸਾਹਿਬ ਜੀਵ ਦੀ ਬਾਹ ਫੜ ਲੈਂਦਾ ਹੈ॥
ਪਰ ਜੇ ਕੋਈ ਇਹ ਸੋਚੇ ਕੇ ਮੈ ਉਠਿਆ ਵੀ ਖੁਦ ਤੇ ਚਲਿਆ ਵੀ ਖੁਦ ਤਾ ਓਹ ਮਾਰਗ ਤੂ ਮੈ ਮੇਰੀ ਵਿਚ ਫੱਸ ਖੁੰਝ ਜਾਂਦਾ ਹੈ॥
ਇਸ ਮਾਰਗ ਦੇ ਪ੍ਰੇਮੀਆ ਦਾ ਪਹਲਾ ਅਸੂਲ ਹੈ ਕੇ ਕਰਣੀ ਨੂ ਨਦਰ ਮੰਨਾ ਅਤੇ ਬਿਰਹੇ(ਤਾਂਘ) ਨੂ ਬਖਸੀਸ (ਦਾਤ)॥

ਫਰੀਦਾ ਕਾਲੀ ਜਿਨੀ ਨ ਰਾਵਿਆ ਧਉਲੀ ਰਾਵੈ ਕੋਇ ॥

ਫਰੀਦਾ ਕਾਲੀ ਜਿਨੀ ਨ ਰਾਵਿਆ ਧਉਲੀ ਰਾਵੈ ਕੋਇ ॥ 
ਕਰਿ ਸਾਂਈ ਸਿਉ ਪਿਰਹੜੀ ਰੰਗੁ ਨਵੇਲਾ ਹੋਇ ॥੧੨॥
ਸੇਖ ਸਾਬ ਆਖ ਰਹੇ ਹਨ ਜਿਸ ਜੀਵ ਦਾ ਚਿੱਤ ਜਵਾਨੀ ਵੇਲੇ ਜਦ ਸਰੀਰ ਨੋ ਬਰ ਨੋ ਸੀ ਤਦ ਸਾਹਿਬ ਦੇ ਵਿਚ ਨਾਹ ਭਿਜਿਆ,ਓਹਨਾ ਵਿਚੋ ਵਿਰਲੇ ਹੀ ਹੋਂਦੇ ਹਨ ਜੋ ਬੁਢਾਪੇ ਦੀ ਮਾਰ ਹੇਠ ਸਾਹਿਬ ਨੂ ਅਰਾਧਨ॥
ਜਿਵੇ ਆਮ ਕੇਹਾ ਜਾਂਦਾ ਹੈ ਕੇ ਕਿਸੇ ਰੁਖ ਦੀ ਪੁਗਰ ਦੀ ਟਾਹਣੀ ਜਿਧਰ ਨੂ ਮੋੜ ਦਿਉ ਮੁੜ ਜਾਂਦੀ ਹੈ ਪਰ ਓਹ ਹੀ ਟਾਹਣੀ ਜਦ ਸਮਾ ਪਾ ਮਜਬੂਤ ਸਾਖਾ ਬਣ ਜਾਂਦੀ ਹੈ ਤਾ ਮੋੜਨਾ ਲੱਗਭਗ ਕਠਿਨ ਹੋ ਜਾਂਦਾ ਹੈ॥ ਏਵੈ ਹੀ ਸਾਡੀ ਮਤ ਹੈ॥ ਜਦ ਬਚਪਨ ਤੂ ਜਵਾਨੀ ਵੱਲ ਜਾਂਦੇ ਸਮੇ ਸਿਖਣ ਦੀ ਸਕਤੀ ਪ੍ਰਬਲ ਹੋਂਦੀ ਹੈ ਪਰ ਇਹ ਹੀ ਸਕਤੀ ਜਵਾਨੀ ਤੂ ਬੁਢਾਪੇ ਵੱਲ ਜਾਂਦਿਆ ਕਮਜੋਰ ਹੋਣ ਲਗ ਪੈਂਦੀ ਹੈ॥
ਸੋ ਸੇਖ ਸਾਹਿਬ ਵਿਚਾਰ ਨੂ ਅਗੇ ਤੋਰਦੇ ਤਾੜਨਾ ਕਰਦੇ ਹਨ ਕੇ ਜੀਵ ਸਾਹਿਬ ਨਾਲ ਸਾਂਝ ਪਾ ਫਿਰ ਵੇਖ ਤੇਰਾ ਆਤਮਿਕ ਰੰਗ ਕਿਵੇ ਨਿਖੜ ਕੇ ਸਾਹਮਣੇ ਆਉਂਦਾ ਹੈ॥(ਚਲਦਾ) ((ਅਗੇ ਸਲੋਕ ਵਿਚ ਮਹਲਾ ੩ ਇਸ ਸਲੋਕ ਨਾਲ ਹੋਰ ਇਕ ਨਵੇਕਲੀ ਸਾਂਝ ਪਾਉਣ ਗਏ))

ਫਰੀਦਾ ਅਖੀ ਦੇਖਿ ਪਤੀਣੀਆਂ ਸੁਣਿ ਸੁਣਿ ਰੀਣੇ ਕੰਨ ॥

ਫਰੀਦਾ ਅਖੀ ਦੇਖਿ ਪਤੀਣੀਆਂ ਸੁਣਿ ਸੁਣਿ ਰੀਣੇ ਕੰਨ ॥
ਸਾਖ ਪਕੰਦੀ ਆਈਆ ਹੋਰ ਕਰੇਂਦੀ ਵੰਨ ॥੧੧॥
ਸੇਖ ਸਾਬ ਤਨ ਤਾਈ ਹੋ ਰਹੇ ਪਰਵਰਤਨ ਨੂ ਹਲੂਣੇ ਵਾਂਗ ਵਰਤਦੇ ਹੋਏ ਪਿਛਲੇ ਸਲੋਕਾ ਦੀ ਵਿਚਾਰ ਅਗੇ ਤੋਰਦੇ ਹੋਏ ਆਖ ਰਹੇ ਹਨ ਅਖਾ ਸੰਸਾਰ ਦੇ ਰੰਗ ਤਮਾਸੇ ਵੇਖ ਵੇਖ ਹੁਣ ਕਮਜੋਰ ਹੋ ਗਈਆ ਹਨ ਤੇ ਕੰਨ ਵਖ ਵਖ ਤਰ੍ਹਾ ਦੇ ਰੰਗ ਰਾਗ ਸੁਨ ਸੁਨ ਕੇ ਬੋਲੇ ਹੋ ਗਏ ਹਨ॥
ਸਮੇ ਨਾਲ ਹੁਣ ਇਹ ਫਲ ਰੂਪੀ ਸਰੀਰ ਪੱਕ ਗਿਆ ਹੈ ਹੁਣ ਜਵਾਨੀ ਤੂ ਬੁਢਾਪੇ ਵਾਲਾ ਰੰਗ ਆ ਗਿਆ ਹੈ ਤੇ ਕਿਸੇ ਪਲ ਸੰਸਾਰ ਦੀ ਸਾਖ ਤੂ ਟੁਟ ਡਿਗੇਗਾ॥
ਕਬੀਰ ਜੀ ਦਾ ਸਲੋਕ ''
ਕਬੀਰ ਗਾਗਰਿ ਜਲ ਭਰੀ ਆਜੁ ਕਾਲ੍ਹ੍ਹਿ ਜੈਹੈ ਫੂਟਿ ॥ 
ਗੁਰੁ ਜੁ ਨ ਚੇਤਹਿ ਆਪਨੋ ਅਧ ਮਾਝਿ ਲੀਜਹਿਗੇ ਲੂਟਿ ॥੭੩॥'''
ਸੇਖ ਸਾਬ ਜੀ ਦੇ ਵਿਚਾਰ ਨੂ ਹੋਰ ਪਰਗਾਸ ਮਾਨ ਕਰਦਾ ਹੈ॥ਕਿਓਕੇ ਸੇਖ ਸਾਬ ਦਾ ਹਲੂਣਾ ਵੀ ''ਗੁਰੁ ਜੁ ਨ ਚੇਤਹਿ'' ਉਤੇ ਆਧਰਿਤ ਹੈ॥

ਦੇਖੁ ਫਰੀਦਾ ਜਿ ਥੀਆ ਸਕਰ ਹੋਈ ਵਿਸੁ ॥

ਦੇਖੁ ਫਰੀਦਾ ਜਿ ਥੀਆ ਸਕਰ ਹੋਈ ਵਿਸੁ ॥
ਸਾਂਈ ਬਾਝਹੁ ਆਪਣੇ ਵੇਦਣ ਕਹੀਐ ਕਿਸੁ ॥੧੦॥
ਸੇਖ ਸਾਬ ਨੇ ਪਿਛਲੇ ਸਲੋਕ ਵਿਚ ''' ਜੁ ਥੀਆ ਦਾੜੀ ਹੋਈ ਭੂਰ'' ਦੀ ਵਿਚਾਰ ਪੇਸ਼ ਕਰ ਜੋ ਤਨ ਉਤੇ ਆਏ ਬਦਲਾਵ ਨੂ ਹਲੂਣੇ ਦਾ ਰੂਪ ਦਿੱਤਾ ਉਸੇ ਵਿਚਾਰ ਨੂ ਇਸ ਸਲੋਕ ਵਿਚ ਅਗੇ ਤੋਰਦੇ ਹੋਏ ਸੇਖ ਸਾਬ ਆਖ ਰਹੇ ਹਨ ਕੇ ਦੇਖ ਜੋ ਕਦੇ ਤੇਰੇ ਲਈ ਸਕਰ ਵਾਂਗ ਮਿਠਾ ਸੀ ਹੁਣ ਓਹ ਹੀ ਵਿਸ ਬਣ ਗਿਆ ਹੈ ਭਾਵ ਜਿਸ ਸਰੀਰ ਉਤੇ ਤੂ ਮਾਨ ਕਰਦਾ ਸੀ ਅੱਜ ਓਹ ਹੀ ਸਰੀਰ ਤੇਰੀ ਲਾਚਾਰੀ ਦਾ ਮੁਖ ਕਾਰਣ ਬਣ ਗਿਆ ਹੈ॥
ਕਬੀਰ ਸਾਬ ਵੀ ਆਖਦੇ ਹਨ..'
ਚਰਨ ਸੀਸੁ ਕਰ ਕੰਪਨ ਲਾਗੇ ਨੈਨੀ ਨੀਰੁ ਅਸਾਰ ਬਹੈ ॥
ਜਿਹਵਾ ਬਚਨੁ ਸੁਧੁ ਨਹੀ ਨਿਕਸੈ ਤਬ ਰੇ ਧਰਮ ਕੀ ਆਸ ਕਰੈ ॥
ਇਹ ਓਹ ਹੀ ਸਰੀਰ ਹੈ ਜਿਸ ਬਾਰੇ ਮਹਲਾ ੫ ਨੇ ਆਖਿਆ '''ਕਹੁ ਨਾਨਕ ਦੂਜੈ ਪਹਰੈ ਪ੍ਰਾਣੀ ਭਰਿ ਜੋਬਨੁ ਲਹਰੀ ਦੇਇ ''
ਤੇ ਅੱਜ ਓਹ ਹੀ ਜੋਬਨ ਸਮਾ ਬੀਤਣ ਨਾਲ ਸਾਂਤ ਹੋਏ ਪਾਣੀ ਵਾਂਗ ਠਹਿਰ ਗਿਆ ਹੈ॥
ਵਿਚਾਰ ਨੂ ਅਗੇ ਤੋਰਦੇ ਸੇਖ ਸਾਬ ਆਖਦੇ ਹਨ ਹੁਣ ਇਹ ਦੁਖੜਾ ਸਾਹਿਬ ਤੂ ਬਿਨਾ ਕਿਸ ਅਗੇ ਫੋਲਿਆ ਜਾ ਸਕਦਾ ਹੈ॥
ਹੁਣ ਤਾ ਇਕ ਸਾਹਿਬ ਹੀ ਜੋ ਇਸ ਅਵਸਥਾ ਵਿਚ ਵੀ ਆਪਣੀ ਨਦਰ ਸਦਕਾ ਬਖਸ ਸਕਦਾ ਹੈ ਕਿਓਕੇ ਸਾਹਿਬ ਸੁਜਾਨ ਹੈ॥(ਰੋਗੁ ਦਾਰੂ ਦੋਵੈ ਬੁਝੈ ਤਾ ਵੈਦੁ ਸੁਜਾਣੁ)ਸਾਹਿਬ ਰੋਗ ਵੀ ਜਾਣਦਾ ਹੈ ਤੇ ਰੋਗ ਦਾ ਇਲਾਜ਼ ਵੀ ਜਾਣਦਾ ਹੈ॥

ਦੇਖੁ ਫਰੀਦਾ ਜੁ ਥੀਆ ਦਾੜੀ ਹੋਈ ਭੂਰ ॥

ਦੇਖੁ ਫਰੀਦਾ ਜੁ ਥੀਆ ਦਾੜੀ ਹੋਈ ਭੂਰ ॥ 
ਅਗਹੁ ਨੇੜਾ ਆਇਆ ਪਿਛਾ ਰਹਿਆ ਦੂਰਿ ॥੯॥
ਸੇਖ ਸਾਬ ਪਿਛਲੇ ਸਲੋਕ ਦੀ ਵਿਚਾਰ '''ਤੂ ਰਤਾ ਦੁਨੀ ਸਿਉ'''ਨੂ ਅਗੇ ਤੋਰਦੇ ਹਨ ਕੇ ਦੁਨੀਆ ਦੇ ਰੁਝੇਵਿਆ ਨੂ ਇਕ ਪਾਸੇ ਕਰਕੇ ਵੇਖ ਤੇਰੇ ਤਨ ਤਾਈ ਕੀ ਵਾਪਰਿਆ ਹੈ ਹੁਣ ਤੇਰੀ ਦਾਹੜੀ ਸਫੇਦ ਹੋ ਗਈ ਹੈ॥ਭਾਵ ਸਾਹਿਬ ਨੇ ਇਕ ਸੰਦੇਸ਼ ਤੇਰੀ ਤਾਈ ਭੇਜਿਆ ਹੈ ਕੇ ਜੀਵ ਹੁਣ ਮੋਤ ਦਾ ਕਲਾਵਾ ਨੇੜੇ ਆ ਗਿਆ ਹੈ ਤੇ ਜੋ ਸਮਾ ਲੰਘ ਗਿਆ ਹੈ ਓਹ ਤੇਰੀ ਪਕੜ ਤੂ ਬਾਹਰ ਹੋ ਗਿਆ ਹੈ॥
ਸੇਖ ਸਾਬ ਇਹ ਸਾਰੀ ਤਾੜਨਾ ਇਸ ਲਈ ਕਰ ਰਹੇ ਹਨ ਕੇ ਜੀਵ ਅਜੇਹੇ ਵੀ ਘਟ ਵਿਚ ਸਵਾਸ ਹਨ ਸੁਧਰ ਜਾ ਤੇ ਸਚ ਦੇ ਮਾਰਗ ਦਾ ਪਾਂਧੀ ਬਣ ਜਾ॥ਇਸੇ ਤਰਜ ਉਤੇ ਮਹਲਾ ੯ ਆਖਦੇ ਹਨ 
''ਅਜਹੂ ਸਮਝਿ ਕਛੁ ਬਿਗਰਿਓ ਨਾਹਿਨਿ ਭਜਿ ਲੇ ਨਾਮੁ ਮੁਰਾਰਿ॥
ਕਬੀਰ ਜੀ ਆਸਾ ਰਾਗ ਵਿਚ ਆਪਣੇ ਇਕ ਸਬਦ ਇਸੇ ਤਰ੍ਹਾ ਦਾ ਹਲੂਣਾ ਦਿੰਦੇ ਹਨ '''
ਚਰਨ ਸੀਸੁ ਕਰ ਕੰਪਨ ਲਾਗੇ ਨੈਨੀ ਨੀਰੁ ਅਸਾਰ ਬਹੈ ॥
ਜਿਹਵਾ ਬਚਨੁ ਸੁਧੁ ਨਹੀ ਨਿਕਸੈ ਤਬ ਰੇ ਧਰਮ ਕੀ ਆਸ ਕਰੈ ॥

ਫਰੀਦਾ ਜਾਂ ਤਉ ਖਟਣ ਵੇਲ ਤਾਂ ਤੂ ਰਤਾ ਦੁਨੀ ਸਿਉ॥

ਫਰੀਦਾ ਜਾਂ ਤਉ ਖਟਣ ਵੇਲ ਤਾਂ ਤੂ ਰਤਾ ਦੁਨੀ ਸਿਉ॥
ਮਰਗ ਸਵਾਈ ਨੀਹਿ ਜਾਂ ਭਰਿਆ ਤਾਂ ਲਦਿਆ॥੮॥
ਸੇਖ ਫਰੀਦ ਜੀ ਜਿੰਦਗੀ ਦੀ ਇਕ ਆਮ ਸਚਾਈ ਨੂ ਬਿਆਨ ਕਰਦੇ ਹੋਏ ਸਮਝਾ ਰਹੇ ਹਨ ਕੇ ਜਦ ਕਾਇਆ ਉਤੇ ਭਰ ਜੋਬਨ ਸੀ ਤਦ ਤਾ ਦੁਨੀਆ ਦਾਰੀ ਦੇ ਪਦਾਰਥ ਇਕਠੇ ਕਰਨ ਦੇ ਦੋੜ ਵਿਚ ਤੂ ਰੁਝਾ ਰਿਹਾ॥(ਆਮ ਕੇਹਾ ਸੁਣਿਆ ਜਾਂਦਾ ਹੈ ਕੇ ਅਜੇਹੇ ਤਾ ਖਾਨ ਪੀਣ ਦੇ ਦਿਨ ਹਨ ਕਰ ਲਵਾਗੇ ਬੰਦਗੀ ਜਦ ਖੁੰਡੀ ਹਥ ਵਿਚ ਆਉ)
ਇਹ ਰੁਝੇਵਾ ਪਹਲਾ ਤੇਰੀ ਆਤਮਿਕ ਮੋਤ ਦੀ ਨੀਹ ਮਜਬੂਤ ਕਰਦਾ ਰਿਹਾ ਤੇ ਜਦ ਸਵਾਸਾ ਦਾ ਘੜਾ ਭਰ ਗਿਆ ਭਾਵ ਮਿਲੀ ਸਵਾਸਾ ਦੀ ਪੂੰਜੀ ਪੂਰੀ ਹੋ ਗਈ ਤਾ ਇਹ ਵਿਕਾਰਾ ਦੀ ਪੋਟਲੀ ਸਿਰ ਚੁਕੀ ਤੁਰ ਗਿਆ॥
(''ਬੰਨਿ ਉਠਾਈ ਪੋਟਲੀ ਕਿਥੈ ਵੰਞਾ ਘਤਿ ''ਸਵਾਲ ਤੇਰੇ ਤਾਈ ਦੁਬਾਰਾ ਆ ਖੜਾ ਹੋਇਆ)
ਇਕ ਵਰਤਾਂਤ ਸੁਣਿਆ ਸੀ ਮਾ ਪੁਤ ਨੂ ਆਖਦੀ ਕੇ ਪੁਤ ਚੁਲੇ ਵਿਚ ਅੱਗ ਬਾਲਦੇ ਮੈ ਉਹਨੀ ਚਿਰ ਬਾਹਰ ਕੂੜਾ ਸੁਟ ਆਵਾ,ਬਚਾ ਅਜੇਹੇ ਬਚਪਨ ਵਿਚ ਸੀ ਕਾਫੀ ਚਿਰ ਅੱਗ ਬਾਲਣ ਦੀ ਕੋਸਿਸ ਕਰਦਾ ਰਿਹਾ ਪਰ ਅੱਗ ਬਲੀ ਨਹੀ, ਮਾਂ ਵਾਪਿਸ ਆਈ ਤਾ ਆਖਿਆ ਪੁਤਰ ਜੀ ਅੱਗ ਨਹੀ ਬਾਲੀ,,ਬੇਟੇ ਜਵਾਬ ਦਿੱਤਾ ਮੈ ਕੋਸਿਸ ਕੀਤੀ ਸੀ ਪਰ ਮਾਂ ਅੱਗ ਬਲੀ ਹੀ ਨਹੀ,ਮਾਂ ਨੇ ਜਦ ਚੁੱਲੇ ਵੱਲ ਦੇਖਿਆ ਤਾ ਕੀ ਦੇਖਦੀ ਹੈ ਕੇ ਕਾਫੀ ਮੋਟੀਆ ਮੋਟੀਆ ਲਕੜਾ ਪੁਤਰ ਨੇ ਚੁੱਲੇ ਵਿਚ ਲਾਇਆ ਸਨ, ਮਾਂ ਬੋਲੀ ਪੁਤਰ ਜੀ ਹਮੇਸ਼ਾ ਪਹਲਾ ਪਤਲੀਆ ਪਤਲੀਆ ਲਕੜਾ ਚੁੱਲੇ ਵਿਚ ਲਾਈ ਦੀਆ ਹਨ ਅੱਗ ਛੇਤੀ ਫੜਦੀਆ ਹਨ॥
ਬਸ ਇਸੇ ਤਰ੍ਹਾ ਸਾਡਾ ਜਿਹਨ ਹੈ ਬਚਪਨ ਤੂ ਹੀ ਜੇ ਅਸੀਂ ਗੁਰੂ ਗਿਆਂਨ ਨਾਲ ਜੋੜਾ ਗਏ ਤਾ ਬਹੁਤ ਜਲਦੀ ਗੁਰਬਾਣੀ ਦੇ ਰੰਗ ਵਿਚ ਰੰਗੇ ਜਾਵਾਗੇ ਕਿਓਕੇ ਬਾਅਦ ਵਿਚ ਸਿਖੀ ਉਤੇ ਸਿਖੀ ਨਹੀ ਟਿਕਦੀ, ਬਾਅਦ ਵਿਚ ਪਹਲਾ ਸਿਖਿਆ ਤਿਆਗ ਕੇ ਨਵਾ ਗ੍ਰਿਹਨ ਕਰਨਾ ਪੈਂਦਾ ਹੈ ਪਰ ਬਚਪਨ ਵਿਚ ਅਜੇਹਾ ਕੁਝ ਨਹੀ ਹੋਂਦਾ ਸਰੀਰ ਤੇ ਮਨ ਨਿਰਮੋਲ ਹੋਂਦੇ ਹਨ॥

ਫਰੀਦਾ ਜੋ ਤੈ ਮਾਰਨਿ ਮੁਕੀਆਂ ਤਿਨ੍ਹਾ ਨ ਮਾਰੇ ਘੁੰਮਿ ॥

ਫਰੀਦਾ ਜੋ ਤੈ ਮਾਰਨਿ ਮੁਕੀਆਂ ਤਿਨ੍ਹਾ ਨ ਮਾਰੇ ਘੁੰਮਿ ॥ 
ਆਪਨੜੈ ਘਰਿ ਜਾਈਐ ਪੈਰ ਤਿਨ੍ਹਾ ਦੇ ਚੁੰਮਿ ॥੭॥
ਸੇਖ ਸਾਬ ਜੀ ਦੇ ਇਸ ਸਲੋਕ ਬੁਹਤਾਂਤ ਗਾਂਧੀਗਰੀ ਵਾਂਗ ਪੇਸ਼ ਕੀਤਾ ਜਾਂਦਾ ਹੈ ਕੇ ਹਿੰਸਾ ਨਹੀ ਕਰਨੀ ਜੋ ਕੇ ਸਰਾਸਰ ਗਲਤ ਹੈ ਕਿਓਕੇ ਗਾਂਧੀ ਨੋ ਤਾ ਹਕ਼ ਲੈਣਾ ਵੀ ਹਿੰਸਾ ਲਗਦੀ ਸੀ॥ਸੋ ਸੇਖ ਸਾਬ ਦੇ ਸਲੋਕ ਵਿਚਾਰਨ ਲਗੇ ਆਪਣੇ ਜਿਹਨ ਵਿਚ ਮਹਲਾ ੫ ਦਾ ਇਹ ਉਪਦੇਸ਼ ਯਾਦ ਰਖੋ''
ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ ॥੧॥ 
ਜੋ ਪ੍ਰਭ ਕੀਨੋ ਸੋ ਭਲ ਮਾਨਿਓ ਏਹ ਸੁਮਤਿ ਸਾਧੂ ਤੇ ਪਾਈ ॥
ਹੁਣ ਜੇ ਸਲੋਕ ਵਿਚਾਰੀਏ ਤਾ ਸਮਝ ਆਉਂਦੀ ਹੈ ਕੇ ਸੇਖ ਸਾਬ ਆਖ ਰਹੇ ਹਨ ਕੇ ਜੇ ਕੋਈ ਜਾਣੇ ਜਾ ਅਨਜਾਨੇ ਵਿਚ ਤੇਰੇ ਤਾਈ ਮੰਦਾ ਬੋਲਦਾ ਜਾ ਕੋਈ ਉਕਸਾਊ ਕਰਵਾਈ ਕਰਦਾ ਹੈ ਤਾ ਤੂ ਆਪਣਾ ਆਤਮਿਕ ਸੰਤੁਲਨ ਨਾਹ ਖੋਹ ਭਾਵ ਮੰਦੇ ਬੋਲੇ ਦਾ ਜਵਾਬ ਮੰਦਾ ਬੋਲ ਨਹੀ ਹੋਂਦਾ ਹੈ॥
ਤੂ ਆਪਣੇ ਆਪ ਨੂ ਸਹਿਜਤਾ ਦੇ ਘਰ ਵਿਚ ਟਿਕਾ ਕੇ ਰਖ ਇਹ ਹੀ ਤੇਰੀ ਨਿਮਰਤਾ ਤੇ ਨਿਮਾਨਤਾ ਦਾ ਪ੍ਰਤੀਕ ਹੈ॥
ਸਿਖੀ ਦੇ ਘਰ ਵਿਚ ਬਦਲਾ ਲੈਣਾ ਨਾ ਕਬੂਲ ਹੋਕੇ ,ਹੱਕ ਲੈਣਾ ਕਬੂਲਿਆ ਗਿਆ ਹੈ॥ਕਿਓਕੇ ਹੱਕ ਵਿਚ ਕਿਸੇ ਦਾ ਘਾਣ ਕਰਨਾ ਉਦੇਸ਼ ਕਦੇ ਵੀ ਨਹੀ ਹੋਂਦਾ ਤੇ ਦੂਜੇ ਪਾਸੇ ਬਦਲੇ ਦਾ ਭਾਵ ਹੀ ਕਿਸੇ ਦਾ ਘਾਣ ਕਰਨਾ ਹੋਂਦਾ ਹੈ॥

ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ ॥

ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ ॥ 
ਆਪਨੜੇ ਗਿਰੀਵਾਨ ਮਹਿ ਸਿਰੁ ਨੀਵਾਂ ਕਰਿ ਦੇਖੁ ॥੬॥
ਸੇਖ ਫਰੀਦ ਜੀ ਨੇ ''ਦਰ ਦਰਵੇਸੀ ਗਾਖੜੀ'''ਤੂ ਜੋ ਵਿਚਾਰ ਆਰੰਭੀ ਓਹ ''ਕਿਝੁ ਨ ਬੁਝੈ ਕਿਝੁ ਨ ਸੁਝੈ''ਤੂ ਹੋਂਦੀ ਹੋਏ ਪਹਲਾ ''ਜੇ ਜਾਣਾ'' ਉਤੇ ਪਹੁਚੀ ਤੇ ਹੁਣ ਜਾਣਨ ਤੂ ਅਗਲੇ ਪੜਾਅ ਮਾਨਣ ਉਤੇ ਆ ਖੜੀ ਹੈ ਜਿਥੇ ਸੇਖ ਸਾਬ ਆਖ ਰਹੇ ਹਨ ਕੇ ਜੇ ਹੁਣ ਤੇਰੀ ਬੁਧੀ(ਸੁਰਤ) ਸੂਖਮ ਹੋ ਗਈ ਹੈ ਤਾ ਆਪਣੇ ਲੇਖ ਭਾਵ ਕਰਮ ਖੇਤਰ ਨੂ ਕੁਕਰਮਾ ਅਧੀਨ ਕਰਕੇ ਨਾਹ ਜੀਵਨ ਵਿਚ ਵਿਚਰ॥
((ਸੇਖ ਸਾਬ ਇਥੇ ਇਕ ਵੱਡਾ ਭਰਮ ਤੋੜਦੇ ਹਨ ਜੋ ਸੋਚਦੇ ਹਨ ਕੇ ਰੱਬ ਲੇਖ ਲਿਖਦਾ ਹੈ ਓਹਨਾ ਨੂ ਸੇਖ ਸਾਬ ਗੱਲ ਖੋਲਕੇ ਕੇ ਸਮਝਾ ਰਹੀ ਹਨ ਕੇ ਲਿਖਦਾ ਤਾ ਰੱਬ ਹੀ ਹੈ ਪਰ ਲਿਖਵਾਉਂਦਾ ਤੂ ਖੁਦ ਹੈ,ਜੋ ਜੋ ਤੂ ਕਰਦਾ ਏ ਓਹ ਓਹ ਤੇਰੇ ਅਗੇ ਆਉਂਦਾ ਹੈ॥))(ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ))
ਸੇਖ ਸਾਬ ਵਿਚਾਰ ਨੂ ਅਗੇ ਤੋਰਦੇ ਆਖਦੇ ਹਨ ਇਹ ਜੋ ਸੂਖਮ ਬੁਧੀ ਤੂ ਹਾਸਿਲ ਕੀਤੀ ਹੈ ਇਸ ਦਾ ਸਦ ਉਪਯੋਗ ਇਹ ਹੈ ਕੇ ਤੂ ਆਪਣੇ ਆਪ ਦੀ ਪੜਚੋਲ ਕਰ ਭਾਵ ਆਪਣੇ ਕਰਮ ਖੇਤਰ ਉਤੇ ਝਾਕ ਮਾਰ ਕੇ ਭਲਾ ਤੇਰੀ ਕਰਮੀ ਸੁਕਰਮੀ ਹੈ ਜਾ ਵਿਕਾਰਾ ਅਹੰਕਾਰਾ ਮਾਨ ਆਦਿਕ ਦੇ ਅਧੀਨ ਹੋ ਵਿਕਰਮ ਹੋ ਚੁਕੀ ਹੈ॥

ਜੇ ਜਾਣਾ ਲੜੁ ਛਿਜਣਾ ਪੀਡੀ ਪਾਈਂ ਗੰਢਿ॥

ਜੇ ਜਾਣਾ ਲੜੁ ਛਿਜਣਾ ਪੀਡੀ ਪਾਈਂ ਗੰਢਿ॥
ਤੈ ਜੇਵਡੁ ਮੈ ਨਾਹਿ ਕੋ ਸਭੁ ਜਗੁ ਡਿਠਾ ਹੰਢਿ ॥੫॥ 
ਸੇਖ ਸਾਬ ਆਖ ਰਹੇ ਨੇ ''ਫਰੀਦਾ ਦਰ ਦਰਵੇਸੀ ਗਾਖੜੀ ਚਲਾਂ ਦੁਨੀਆਂ ਭਤਿ'''ਦੀ ਸਿਖਿਆ ਸਮਝਦੇ ਹੋਏ ਸਾਰਾ ਸੰਸਾਰ ਮੈ ਘੁਮ ਵੇਖਿਆ ਹੈ ਪਰ ਤੇਰੇ ਵਰਗਾ ਦੂਜਾ ਕੋਈ ਨਹੀ ਹੈ॥ 
ਦਰ ਦਰਵੇਸੀ ਗਾਖੜੀ ਇਸਲਈ ਹੈ ਕੇ ਦੁਨੀਆ ਮਾਇਆ ਦੇ ਅਧੀਨ ਹੈ ਤੇ ਇਹ ਮਾਇਆ ਪਲ ਪਲ ਛਲ ਕੇ ਸਾਹਿਬ ਨਾਲੋ ਵਿਛੋੜਾ ਪਾ ਦਿੰਦੀ ਹੈ॥ ਇਸ ਲਈ ਸੇਖ ਸਾਬ ਤਾੜਨਾ ਕਰ ਰਹੇ ਹਨ ਜੇ ਇਹ ਗੱਲ ਸਮਝ ਆ ਗਈ ਹੈ ਕੇ ਮਾਇਆ ਦੇ ਛਲ ਕਰਕੇ ਸਾਹਿਬ ਦਾ ਲੜ ਛੁਟ ਜਾਂਦਾ ਹੈ ਤਾ ਆਪਣੇ ਆਪ ਨੂ ਆਤਮਿਕ ਤੋਰ ਤੇ ਇੰਨਾ ਬਲਵਾਨ ਕਰ ਕੇ ਸਾਹਿਬ ਨਾਲ ਇਕਮਿਕਤਾ ਪੀੜੀ ਪਈ ਗੰਢ ਵਾਂਗ ਹੋ ਜਾਵੇ ਜੋ ਆਸਾਨੀ ਨਾਲ ਖੁਲਦੀ ਨਹੀ ਹੈ॥
ਦੂਜੇ ਲਵਜਾ ਵਿਚ ''''
ਤੇ ਹਰਿ ਕੇ ਜਨ.ਹਰਿ ਸਿਉ ਰਲਿ ਮਿਲੇ ਜੈਸੇ ਜਨ ਨਾਨਕ ਸਲਲੈ ਸਲਲ ਮਿਲਾਤਿ ॥

ਫਰੀਦਾ ਜੇ ਜਾਣਾ ਤਿਲ ਥੋੜੜੇ ਸੰਮਲਿ ਬੁਕੁ ਭਰੀ ॥

ਫਰੀਦਾ ਜੇ ਜਾਣਾ ਤਿਲ ਥੋੜੜੇ ਸੰਮਲਿ ਬੁਕੁ ਭਰੀ ॥
ਜੇ ਜਾਣਾ ਸਹੁ ਨੰਢੜਾ ਤਾਂ ਥੋੜਾ ਮਾਣੁ ਕਰੀ ॥੪॥ 
ਸੇਖ ਸਾਬ ਪਿਛਲੇ ਸਲੋਕ ਦੀ ਵਿਚਾਰ ''ਕਿਝੁ ਨ ਬੁਝੈ ਕਿਝੁ ਨ ਸੁਝੈ ਦੁਨੀਆ ਗੁਝੀ ਭਾਹਿ ''ਨੂ ਇਸ ਸਲੋਕ ਵਿਚ ਬੁਝੇ ਸੂਝੇ ਤੂ ਜਾਣਨ ਵੱਲ ਤੋਰਦੇ ਹੋਏ ਫਰਮਾਉਂਦੇ ਹਨ ਕੇ ਜੇ ਇਸ ਗੱਲ ਦਾ ਅਹਿਸਾਸ ਹੋ ਜਾਵੇ ਕੇ ਇਸ ਕਾਇਆ ਵਿਚ ਮਿਲੇ ਸਵਾਸ ਗਿਣਤੀ ਮਿਣਤੀ ਦੇ ਹਨ ਤਾ ਇਹਨਾ ਦੀ ਵਰਤੋ ਬਿਲਕੁਲ ਉਂਝ ਕਰੀ ਜਿਵੇ ਜਦ ਕੋਈ ਵਸਤ(ਤਿਲ ਆਦਿਕ) ਸੀਮਤ ਮਾਤਰਾ ਵਿਚ ਹੋਂਦੀ ਹੈ ਤਦ ਵਰਤੋ ਬੇੜੇ ਸਰਫੇ ਨਾਲ ਸੰਮਲ ਕੇ ਕੀਤੀ ਜਾਂਦੀ ਹੈ॥
ਜੇ ਇਸ ਗੱਲ ਦਾ ਅਹਿਸਾਸ ਵੀ ਹੋ ਜਾਵੇ ਕੇ ਸਾਹਿਬ ਨਿਮਾਣਿਆ ਦਾ ਮਾਣ ਹੈ ਤਾ ਨਿਮਾਣਾ ਬਣ ਰਹੀ ਮਤਾ ਕਿਤੇ ਮਾਨ(ਅੰਹਕਾਰ) ਕਰਕੇ ਸਾਹਿਬ ਤੂ ਵਿਛੋੜਿਆ ਜਾਵੇ॥
ਇਸ ਗੱਲ ਤੇ ਕਬੀਰ ਨੇ ਵੀ ਜੋਰ ਦਿੰਦੇ ਹੋਏ ਕੇਹਾ ਹੈ ...
ਕਬੀਰ ਮਾਇਆ ਤਜੀ ਤ ਕਿਆ ਭਇਆ ਜਉ ਮਾਨੁ ਤਜਿਆ ਨਹੀ ਜਾਇ ॥ 
ਮਾਨ ਮੁਨੀ ਮੁਨਿਵਰ ਗਲੇ ਮਾਨੁ ਸਭੈ ਕਉ ਖਾਇ॥

ਕਿਝੁ ਨ ਬੁਝੈ ਕਿਝੁ ਨ ਸੁਝੈ ਦੁਨੀਆ ਗੁਝੀ ਭਾਹਿ ॥

ਕਿਝੁ ਨ ਬੁਝੈ ਕਿਝੁ ਨ ਸੁਝੈ ਦੁਨੀਆ ਗੁਝੀ ਭਾਹਿ ॥
ਸਾਂਈਂ ਮੇਰੈ ਚੰਗਾ ਕੀਤਾ ਨਾਹੀ ਤ ਹੰ ਭੀ ਦਝਾਂ ਆਹਿ ॥੩॥ 
ਸੇਖ ਸਾਹਿਬ ਆਪਣੇ ਇਸ ਸਲੋਕ ਦੀ ਤੰਦ ਪਿਛਲੇ ਸਲੋਕ ਵਿਚ ਆਈ ਵਿਚਾਰ ''ਦਰ ਦਰਵੇਸੀ ਗਾਖੜੀ ਚਲਾਂ ਦੁਨੀਆਂ ਭਤਿ'''ਨਾਲ ਜੋੜ ਕੇ ਅਗੇ ਦਸਦੇ ਹਨ ਦੁਨੀਆ ਦਾਰੀ ਵਿਚ ਜੋ ਗੁਝੇ ਤੋਰ ਤੇ ਮਾਇਆ ਪਸਰ ਰਹੀ ਹੈ ਇਸ ਮਾਇਆ ਦੇ ਪ੍ਰਭਾਵ ਹੇਠ ਨਾਹ ਤਾ ਮਾਇਆ ਦੇ ਵਾਰਾ ਦੀ ਬੁਝ ਜੀਵ ਤਾਈ ਪਤਾ ਚਲ ਰਹੀ ਹੈ ਤੇ ਨਾਹ ਹੀ ਉਸ ਤੂ ਬਚਾ ਬਾਰੇ ਕੋਈ ਸੋਝ ਸੁਝ ਰਹੀ ਹੈ॥
ਪਰ ਸੇਖ ਸਾਹਿਬ ਦੁਨੀਆ ਦਾਰੀ ਦੇ ਮਾਲਿਕ ਸਾਹਿਬ ਦਾ ਧੰਨਵਾਦ ਕਰਦੇ ਹੋਏ ਆਖਦੇ ਹਨ ਕੇ ਹੇ ਮੇਰੇ ਮਾਲਿਕ ਤੂ ਬਹੁਤ ਪਰਪਉਪਕਾਰ ਮੇਰੀ ਤਾਈ ਕੀਤੀ ਹੈ ਕੇ ਮੈਨੂ ਇਸ ਮਾਇਆ ਰੂਪ ਅਗਨ ਤੂ ਬਚਾ ਲਿਆ,ਜੇ ਤੂ ਮੇਰੇ ਮਾਲਿਕ ਅਜੇਹਾ ਨਾਹ ਕਰਦਾ ਤਾ ਮੈ ਵੀ ਇਸ ਮਾਇਆ ਦੀ ਅਗਨ ਵਿਚ ਬਾਕੀ ਸੰਸਾਰ ਵਾਂਗ ਸੜ ਬਲ ਜਾਣਾ ਸੀ॥
ਇਥੇ ਇਸ ਸਲੋਕ ਵਿਚ ਸਾਹਿਬ ਦੀ ਦਿਆਲਤਾ ਤੇ ਜੀਵ ਦੇ ਸਮਰਪਣ ਦਾ ਪਖ ਉਗੜਕੇ ਸਾਹਮਣੇ ਆਇਆ ਹੈ ਭਾਵੇ ਕੇ ਅਸੀਂ ਆਸਾ ਦੀ ਵਾਰ ਵਿਚ ਵਿਚਾਰਿਆ ਸੀ '''ਨਾਨਕ ਮਤੀ ਮਿਥਿਆ ਕਰਮੁ ਸਚਾ ਨੀਸਾਣੁ'''ਕੇ ਬਾਕੀ ਗੱਲਾ ਤਾ ਕਹਨ ਕਹਾਉਣ ਤਾਈ ਸੀਮਤ ਹਨ ਅਸਲ ਨਿਬੇੜਾ ਕਰਮ ਦੀ ਜਾਚ ਉਤੇ ਨਿਬੜਦੀ ਹੈ॥
ਇਕਿ ਖੋਟੇ ਇਕਿ ਖਰੇ ਆਪੇ ਪਰਖਣਹਾਰੁ ॥
ਖਰੇ ਖਜਾਨੈ ਪਾਈਅਹਿ ਖੋਟੇ ਸਟੀਅਹਿ ਬਾਹਰ ਵਾਰਿ ॥
ਪਰ ਖਰੇ ਆਪਣੀ ਕਰਮੀ ਦੇ ਕਾਰਣ ਖਜਾਨੇ ਪੈ ਵੀ ਇਸ ਨੂ ਮਾਲਿਕ ਦੀ ਨਦਰ ਸਮਝਦੇ ਹਨ ਇਸਲਈ ਸੇਖ ਸਾਹਿਬ ਨੇ ਕੇਹਾ ''' ਸਾਂਈਂ ਮੇਰੈ ਚੰਗਾ ਕੀਤਾ''॥

ਫਰੀਦਾ ਦਰ ਦਰਵੇਸੀ ਗਾਖੜੀ ਚਲਾਂ ਦੁਨੀਆਂ ਭਤਿ ॥

ਫਰੀਦਾ ਦਰ ਦਰਵੇਸੀ ਗਾਖੜੀ ਚਲਾਂ ਦੁਨੀਆਂ ਭਤਿ ॥
ਬੰਨ੍ਹ੍ਹਿ ਉਠਾਈ ਪੋਟਲੀ ਕਿਥੈ ਵੰਞਾ ਘਤਿ ॥੨॥
ਫਰੀਦ ਜੀ ਸੰਬੋਧਨ ਕਰਦੇ ਹੋਏ ਆਖ ਰਹੇ ਹਨ ਕੇ ਜੇ ਦੁਨੀਆ ਦਾਰੀ ਦੀਆ ਰੁਹ ਰੀਤਾ ਦੇ ਅਧੀਨ ਹੋ ਹੀ ਤੁਰੀਆ ਜਾਵੇ ਤਾ ਸਾਹਿਬ ਦੇ ਦਰ ਦੀ ਬੰਦਗੀ ਬਹੁਤ ਹੀ ਕਠਿਨ ਕਾਰ ਹੈ ॥ ਕਿਓਕੇ ਦੁਨੀਆ ਦਾਰੀਆ ਵਿਚ ਪਸਰੀ ਮਾਇਆ ਕਰਮ ਨੂ ਵਿਕਰਮ ਬਣਾ ਔਗੁਣਾ ਦੀ ਪੰਡ ਬੰਨ ਸਿਰ ਉਤੇ ਧਰ ਦਿੰਦੀ ਹੈ ਤੇ ਫਿਰ ਬਿਨਾ ਇਹਨਾ ਔਗੁਣਾ ਦੀ ਪੰਡ ਨੂ ਸੁਟੇ ਸਾਹਿਬ ਦੇ ਦਰ ਉਤੇ ਢੋਈ ਨਹੀ ਮਿਲਦੀ ਹੈ॥
ਜਿਵੇ ਮਹਲਾ ੩ ਆਖਦੇ ਹਨ ''
ਤ੍ਰੈ ਗੁਣ ਬਾਣੀ ਬ੍ਰਹਮ ਜੰਜਾਲਾ ॥
ਪੜਿ ਵਾਦੁ ਵਖਾਣਹਿ ਸਿਰਿ ਮਾਰੇ ਜਮਕਾਲਾ ॥ 
ਤਤੁ ਨ ਚੀਨਹਿ ਬੰਨਹਿ ਪੰਡ ਪਰਾਲਾ ॥''(231)
ਤ੍ਰੈ ਪਦ ਤੂ ਭਾਵ ਹੀ ਰਜੋ ਤਮੋ ਸਤੋ ਤੂ ਹੋਂਦਾ ਹੈ ਜੋ ਮਾਇਆ ਦੇ ਤਿੰਨ ਰੂਪ ਹਨ
(ਰਜ ਗੁਣ ਤਮ ਗੁਣ ਸਤ ਗੁਣ ਕਹੀਐ ਇਹ ਤੇਰੀ ਸਭ ਮਾਇਆ)
ਜਦ ਗੱਲ ਸਾਹਿਬ ਦੇ ਦਰ ਉਤੇ ਢੁਕਣ ਦੀ ਗੱਲ ਆਉਂਦੀ ਹੈ ਤਾ ਮਹਲਾ ੩ ਅਗੇ ਚਲ ਮਲਾਰ ਰਾਗ ਵਿਚ ਆਖਦੇ ਹਨ
ਸੋ ਪੰਡਿਤੁ ਜੋ '''ਤਿਹਾਂ ਗੁਣਾ ਕੀ''' ਪੰਡ ਉਤਾਰੈ ॥ ਅਨਦਿਨੁ ਏਕੋ ਨਾਮੁ ਵਖਾਣੈ ॥ 
ਸਤਿਗੁਰ ਕੀ ਓਹੁ ਦੀਖਿਆ ਲੇਇ ॥ ਸਤਿਗੁਰ ਆਗੈ ਸੀਸੁ ਧਰੇਇ ॥
ਸਦਾ ਅਲਗੁ ਰਹੈ ਨਿਰਬਾਣੁ ॥ ਸੋ ਪੰਡਿਤੁ ਦਰਗਹ ਪਰਵਾਣੁ ॥
ਇਹ '''''ਤਿਹਾਂ ਗੁਣਾ ਕੀ''''ਦੇ ਕਰਕੇ ਹੀ ਫਰੀਦ ਜੀ ਨੇ ਆਖਿਆ ਹੈ '' ਦਰ ਦਰਵੇਸੀ ਗਾਖੜੀ''
ਪਰ ਜਦ '''''ਤਿਹਾਂ ਗੁਣਾ ਕੀ ਪੰਡ ਉਤਾਰੈ'' ਦੀ ਅਵਸਥਾ ਹੋ ਜਾਂਦੀ ਹੈ ਤਾ ਗੁਰਬਾਣੀ ਆਖਦੀ ਹੈ
 ਚਉਥੇ ਪਦ ਕਉ ਜੋ ਨਰੁ ਚੀਨੈ ਤਿਨ ਹੀ ਪਰਮ ਪਦੁ ਪਾਇਆ॥

ਜਿਤੁ ਦਿਹਾੜੈ ਧਨ ਵਰੀ ਸਾਹੇ ਲਏ ਲਿਖਾਇ ॥

ਸਲੋਕ ਸੇਖ ਫਰੀਦ ਕੇ ੴ ਸਤਿਗੁਰ ਪ੍ਰਸਾਦਿ ॥ 
ਜਿਤੁ ਦਿਹਾੜੈ ਧਨ ਵਰੀ ਸਾਹੇ ਲਏ ਲਿਖਾਇ ॥ ਮਲਕੁ ਜਿ ਕੰਨੀ ਸੁਣੀਦਾ ਮੁਹੁ ਦੇਖਾਲੇ ਆਇ ॥ ਜਿੰਦੁ ਨਿਮਾਣੀ ਕਢੀਐ ਹਡਾ ਕੂ ਕੜਕਾਇ ॥ ਸਾਹੇ ਲਿਖੇ ਨ ਚਲਨੀ ਜਿੰਦੂ ਕੂੰ ਸਮਝਾਇ ॥ ਜਿੰਦੁ ਵਹੁਟੀ ਮਰਣੁ ਵਰੁ ਲੈ ਜਾਸੀ ਪਰਣਾਇ ॥ ਆਪਣ ਹਥੀ ਜੋਲਿ ਕੈ ਕੈ ਗਲਿ ਲਗੈ ਧਾਇ ॥ ਵਾਲਹੁ ਨਿਕੀ ਪੁਰਸਲਾਤ ਕੰਨੀ ਨ ਸੁਣੀ ਆਇ ॥ ਫਰੀਦਾ ਕਿੜੀ ਪਵੰਦੀਈ ਖੜਾ ਨ ਆਪੁ ਮੁਹਾਇ ॥੧॥
ਭਾਵ ਅਰਥ: ਜਿਸ ਦਿਨ ਜੀਵ-ਇਸਤ੍ਰੀ ਨੇ ਮੌਤ-ਲਾੜੇ ਨਾਲ ਵਿਆਹੇ ਜਾਣਾ ਹੈ, (ਮੌਤ ਦਾ) ਉਹ ਦਿਨ ਪਹਿਲਾਂ ਹੀ ਨਿਸ਼ਚਿਤ ਹੈ। ਇਸ ਨਿਸ਼ਚਿਤ ਦਿਨ ਮਲਕ ਉਲ ਮੌਤ, ਜਿਸ ਬਾਰੇ ਹੋਰਾਂ ਦੀ ਮੌਤ ਸਮੇਂ ਸੁਣਿਆ ਜਾਂਦਾ ਹੈ, ਪਰਤੱਖ ਸਾਹਮਣੇ ਆ ਧਮਕਦਾ ਹੈ। ਮੌਤ ਦਾ ਇਹ ਫ਼ਰਿਸ਼ਤਾ, ਸਰੀਰਕ ਰੋਗ-ਦੁੱਖ ਦਿੰਦਾ ਹੋਇਆ, ਜੀਵ-ਆਤਮਾ ਨੂੰ ਸਰੀਰ ਤੋਂ ਜ਼ਬਰਦਸਤੀ ਜੁਦਾ ਕਰਕੇ ਲੈ ਜਾਂਦਾ ਹੈ। ਇਹ ਸੱਚ ਸਮਝ ਲੈਣਾ ਚਾਹੀਦਾ ਹੈ ਕਿ ਮਰਗ ਦਾ ਨੀਯਤ ਸਮਾਂ ਟਾਲਿਆ ਨਹੀਂ ਜਾ ਸਕਦਾ। ਨੀਯਤ ਸਮੇਂ ਮੌਤ ਦਾ ਫ਼ਰਿਸ਼ਤਾ ਰੂਪ ਲਾੜਾ ਜੀਵ-ਆਤਮਾ ਰੂਪੀ ਲਾੜੀ ਨੂੰ ਵਰ ਕੇ ਲੈ ਜਾਵੇ ਗਾ। ਇਸ ਸਦੀਵੀ ਦੁਖਦਾਈ ਵਿਦਾਈ ਉਪਰਾਂਤ ਮ੍ਰਿਤਿਕ ਦੇਹ ਆਤਮਾ ਨੂੰ ਆਪ ਵਿਦਾ ਕਰਕੇ ਕਿਸ ਦਾ ਸਹਾਰਾ ਭਾਲੇ ਗੀ? ਅਰਥਾਤ ਰੂਹ ਤੋਂ ਸੱਖਣਾ ਮਿੱਟੀ ਹੋਇਆ ਨਿਰਜਿੰਦ ਸਰੀਰ ਬੇ-ਆਸਰਾ ਹੋ ਜਾਵੇਗਾ। (ਫਰੀਦ ਜੀ ਆਪਣੇ ਆਪ ਨੂੰ ਸੰਬੋਧਿਤ ਹੋ ਕੇ ਕਹਿੰਦੇ ਹਨ) ਫਰੀਦ! ਤੂੰ ਅਤਿਅੰਤ ਤੇਜ਼ ਧਾਰ, ਵਾਲ ਤੋਂ ਵੀ ਪਤਲੇ ਸਿਰਾਤ ਨਾਮੀ ਪੁਲ ਬਾਰੇ ਨਹੀਂ ਸੁਣਿਆ ਜਿਸ ਉੱਤੇ ਚਲ ਕੇ ਤੂੰ ਵਿਕਾਰਾਂ ਨਾਲ ਸੁਭਰ ਸਾਗਰ ਨੂੰ ਪਾਰ ਕਰਨਾ ਹੈ? ਪੀਰਾਂ-ਪੈਗ਼ੰਬਰਾਂ ਦੀਆਂ ਸੁਚੇਤ ਕਰਦੀਆਂ ਚੇਤਾਵਨੀਆਂ ਦੇ ਬਾਵਜੂਦ ਵੀ ਤੂੰ ਆਪਣੇ ਜੀਵਨ ਦੀ ਦੁਰਲੱਭ ਪੂੰਜੀ (ਸੰਸਾਰਕ ਸੁੱਖਾਂ ਵਿੱਚ ਮਸਤ ਹੋ ਕੇ) ਅਜਾਈਂ ਲੁਟਾਈ ਜਾ ਰਿਹਾ ਹੈਂ॥
ਸੇਖ ਜੀ ਦਾ ਇਹ ਸਲੋਕ ਇਕ ਜਿੰਦੇ ਜੀਈ ਹਲੂਣਾ ਹੈ ਕੋਈ ਮਰਨ ਤੂ ਬਾਅਦ ਦੀ ਦਾਸਤਾਨ ਨਹੀ,ਇਹ ਸਲੋਕ ਮਨੁਖਾ ਦੇਹੀ ਦੀ ਅਨਮੋਲਤਾ ਦੀ ਯਾਦ ਕਰਵਾਂਦਾ ਹੈ ਜਿਵੇ ਮਹਲਾ ਆਖਦੇ ਹਨ '''
ਇਹੁ ਤਨੁ ਵੇਚੀ ਬੈ ਕਰੀ ਜੇ ਕੋ ਲਏ ਵਿਕਾਇ ॥
ਨਾਨਕ ਕੰਮਿ ਨ ਆਵਈ ਜਿਤੁ ਤਨਿ ਨਾਹੀ ਸਚਾ ਨਾਉ ॥

ਹੈ ਹੈ ਕਰਿ ਕੈ ਓਹਿ ਕਰੇਨਿ

ਹੈ ਹੈ ਕਰਿ ਕੈ ਓਹਿ ਕਰੇਨਿ ॥ ਗਲ੍ਹ੍ਹਾ ਪਿਟਨਿ ਸਿਰੁ ਖੋਹੇਨਿ ॥ 
ਨਾਉ ਲੈਨਿ ਅਰੁ ਕਰਨਿ ਸਮਾਇ ॥ ਨਾਨਕ ਤਿਨ ਬਲਿਹਾਰੈ ਜਾਇ ॥੬॥
ਜਦ ਕੋਈ ਜੀਵ ਸਰੀਰ ਕਰਕੇ ਸੰਸਾਰ ਤੂੰ ਕੂਚ ਕਰ ਜਾਂਦਾ ਹੈ ਤਾ ਪਿੱਛੇ ਰਹੇ ਸਾਕ ਸੰਬਧੀ ਵਿਰਲਾਪ ਵਿਚ ਹਾਏ ਹਾਏ ਕਰ ਉਸ ਨੂੰ ਪੁਕਾਰ ਦੇ ਹਨ॥ਆਪਣੇ ਸਰੀਰ ਨੂੰ ਕਸਟ ਦਿੰਦੇ ਹਨ ਗਲਾਂ ਪੁੱਟਦੇ ਹਨ ਸਿਰ ਦੇ ਵਾਲ ਖਿਚਦੇ ਹਨ॥
ਪਰ ਜੋ ਸੂਝਵਾਨ ਹੋਂਦੇ ਹਨ ਜੋ ਜਨਮ ਮਰਨ ਨੂੰ ਸਾਹਿਬ ਦੇ ਹੁਕਮ ਵਿਚ ਮੰਨਦੇ ਹਨ ਉਹ ਸਾਹਿਬ ਦਾ ਨਾਮੁ ਲੈਂਦੇ ਹਨ ਤੇ ਸਿਦਕ ਬਣਾ ਕੇ ਰੱਖਦੇ ਹਨ॥
ਨਾਨਕ ਅਜਿਹੇ ਜੀਵਾ ਦੀ ਸੂਝਵਾਨਤਾ ਤੂੰ ਬਲਿਹਾਰੇ ਜਾਂਦਾ ਹੈ॥
ਮਾਰੂ ਰਾਗ ਵਿਚ ਗੁਰੂ ਜੀ ਇਕ ਥਾਈ ਆਖਦੇ ਹਨ...
ਬਾਲਕੁ ਮਰੈ ਬਾਲਕ ਕੀ ਲੀਲਾ ॥
ਕਹਿ ਕਹਿ ਰੋਵਹਿ ਬਾਲੁ ਰੰਗੀਲਾ ॥
ਜਿਸ ਕਾ ਸਾ ਸੋ ਤਿਨ ਹੀ ਲੀਆ ਭੂਲਾ ਰੋਵਣਹਾਰਾ ਹੇ ॥
ਸਾਨੂੰ ਇਹ ਵਿਸ਼ਵਾਸ ਬਣਾਉਣਾ ਪਵੇਗਾ ਕੇ '''ਜਿਸ ਕਾ ਸਾ ਸੋ ਤਿਨ ਹੀ ਲੀਆ'''॥ਜੋ ਇਸ ਗੱਲ ਦਾ ਅਹਿਸਾਸ ਕਰ ਲੈਂਦੇ, ਹਨ ਉਹ ਹੀ ''ਨਾਉ ਲੈਨਿ ਅਰੁ ਕਰਨਿ ਸਮਾਇ''ਦੀ ਭਾਵਨਾ ਦੇ ਮਾਲਿਕ ਹੋਂਦੇ ਹਨ॥ਜਿਨ੍ਹਾਂ ਬਾਰੇ ਗੁਰੂ ਜੀ ਨੇ ਆਖਿਆ.
'''ਨਾਨਕ ਤਿਨ ਬਲਿਹਾਰੈ ਜਾਇ'' 
ਜੇ ਦੇਹ ਦੀ ਹੋਰ ਪੜਚੋਲ ਕਰਨੀ ਹੋਵੇ ਤਾ ਰਾਮਕਲੀ ਰਾਗ ਦਾ ਸਬਦੁ ਵਿਚਾਰਨ ਯੋਗ ਜਿਥੇ ਗੁਰੂ ਜੀ ਰਹਾਉ ਦੀ ਪੰਗਤੀ ਵਿਚ ਆਖਦੇ ਹਨ॥
ਕਉਨੁ ਮੂਆ ਰੇ ਕਉਨੁ ਮੂਆ ॥ 
ਬ੍ਰਹਮ ਗਿਆਨੀ ਮਿਲਿ ਕਰਹੁ ਬੀਚਾਰਾ ਇਹੁ ਤਉ ਚਲਤੁ ਭਇਆ ॥
ਹੇ ਗਿਆਨ ਨਾਲ ਸਾਂਝ ਰੱਖਣ ਵਾਲੇ ਜਨੋ ਵਿਚਾਰ ਕਰੋ ਕੇ ਕੌਣ ਮਰਿਆ ਹੈ॥ਕਿਉਂਕਿ ..
ਪਵਨੈ ਮਹਿ ਪਵਨੁ ਸਮਾਇਆ ॥ 
ਜੋਤੀ ਮਹਿ ਜੋਤਿ ਰਲਿ ਜਾਇਆ ॥ 
ਮਾਟੀ ਮਾਟੀ ਹੋਈ ਏਕ ॥ ਰੋਵਨਹਾਰੇ ਕੀ ਕਵਨ ਟੇਕ ॥
ਜਦ ਇਹ ਗੱਲ ਸਮਝ ਆ ਜਾਵੇ ਤਦ '''ਹੈ ਹੈ ਕਰਿ ਕੈ ਓਹਿ ਕਰੇਨਿ ॥ ਗਲ੍ਹ੍ਹਾ ਪਿਟਨਿ ਸਿਰੁ ਖੋਹੇਨਿ ॥ ਦਾ ਕਿ ਵਜੂਦ ਰਹਿ ਜਾਂਦਾ ਹੈ ॥...ਧੰਨਵਾਦ

Saturday, September 24, 2016

ਉਤੰਗੀ ਪੈਓਹਰੀ ਗਹਿਰੀ ਗੰਭੀਰੀ

ਮਹਲਾ ੧ ॥ ਉਤੰਗੀ ਪੈਓਹਰੀ ਗਹਿਰੀ ਗੰਭੀਰੀ ॥
ਸਸੁੜਿ ਸੁਹੀਆ ਕਿਵ ਕਰੀ ਨਿਵਣੁ ਨ ਜਾਇ ਥਣੀ॥
ਮਹਲਾ 1 ਜੋਬਨ ਦੇ ਮਾਨ ਵਿਚ ਚੂਰ ਹੋਏ ਜੀਵ ਦੀ ਮਾਨਸਿਕਤਾ ਨੂੰ ਬਿਆਨ ਕਰਦੇ ਹੋਏ ਆਖਦੇ ਹਨ ਕੇ ਤੇਰਾ ਉਚਾ ਲੰਮਾ ਕੱਦ ਹੈ ਅਤੇ ਜਵਾਨੀ ਦੇ ਮਾਨ ਵਿਚ ਛਾਤੀ ਕੱਢ ਕੱਢ ਤੁਰਦਾ ਹੈ॥
ਜਿਨ੍ਹਾਂ ਨੂੰ ਆਕੜ ਕੇ ਚਲਣ ਦਾ ਮਾਨ ਹੋ ਜਾਵੇ ਅਜਿਹੇ ਲੋਕ ਫਿਰ ਕਿਸੇ ਅਗੇ ਨਿਵ ਕਿਵੇਂ ਸਕਦੇ ਹਨ॥ਭਾਵੇ ਸੰਸਾਰੀ ਰਿਸਤੇ ਹੋਣ ਜਾ ਗੁਰੂ ਨਾਲ ਮਿਲਾਪ ਦਾ ਮਾਰਗ ਹੋਵੇ!!
ਪਰ ਜੀਵ ਇਹ ਗੱਲ ਯਾਦ ਰੱਖੀ...
ਗਚੁ ਜਿ ਲਗਾ ਗਿੜਵੜੀ ਸਖੀਏ ਧਉਲਹਰੀ ॥ 
ਸੇ ਭੀ ਢਹਦੇ ਡਿਠੁ ਮੈ ਮੁੰਧ ਨ ਗਰਬੁ ਥਣੀ ॥੧॥ 
ਜਿਹੜੇ ਉਚੇ ਲੰਮੇ ਮਹਲਾ ਨੂੰ ਲਿੱਪ ਲਿੱਪ ਕੇ ਪਲਸਤਰ ਕੀਤਾ ਗਿਆ ਸੀ ਸਮਾਂ ਪਾ ਕੇ ਉਹ ਵੀ ਝੜ ਜਾਂਦਾ ਹੈ ਤੇ ਮਹਲ ਡਿਗ ਪੈਂਦੇ ਹਨ॥ਫਿਰ ਤੂੰ ਕਿਸ ਜਵਾਨੀ ਦਾ ਮਾਨ ਕਰੀ ਬੈਠਾ ਹੈ॥ਇਹ ਵਰਤਾਤ ਹੱਡੀ ਹੰਢਾਇਆ ਹੋਇਆ ਹੈ॥
ਇਸੇ ਜਵਾਨੀ ਦੇ ਮਾਨ ਬਾਰੇ ਸਿਰੀ ਰਾਗ ਵਿਚ ਗੁਰੂ ਜੀ ਨੇ ਆਖਿਆ..
ਦੂਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਭਰਿ ਜੁਆਨੀ ਲਹਰੀ ਦੇਇ ॥ 
ਬੁਰਾ ਭਲਾ ਨ ਪਛਾਣਈ ਵਣਜਾਰਿਆ ਮਿਤ੍ਰਾ ਮਨੁ ਮਤਾ ਅਹੰਮੇਇ ॥
ਬਸ ਇਸੇ ''ਮਨੁ ਮਤਾ ਅਹੰਮੇਇ'' ਦਾ ਜਿਕਰ ਅੱਜ ਦੇ ਸਲੋਕ ਵਿਚ ਗੁਰੂ ਜੀ ਨੇ ਕਰਕੇ ਉਸ ਤੂੰ ਬਚਾਉਣ ਲਈ ਹਲੂਣਾ ਦਿੱਤਾ ਹੈ ਕੇ ਸਰੀਰ ਮਾਨ ਹੋਵੇ ਜਾ ਗਿਆਨ ਦਾ ਮਾਨ ਦੋਵੇ ਹੀ ਨਾਸ਼ ਵਾਨ ਹਨ॥
ਧੰਨਵਾਦ

ਸੁਣਿ ਮੁੰਧੇ ਹਰਣਾਖੀਏ ਗੂੜਾ ਵੈਣੁ ਅਪਾਰੁ ॥

ਸੁਣਿ ਮੁੰਧੇ ਹਰਣਾਖੀਏ ਗੂੜਾ ਵੈਣੁ ਅਪਾਰੁ ॥ 
ਪਹਿਲਾ ਵਸਤੁ ਸਿਞਾਣਿ ਕੈ ਤਾਂ ਕੀਚੈ ਵਾਪਾਰੁ ॥
ਹੇ ਹਿਰਨੀ ਦੀਆ ਸੋਹਣੀ ਅੱਖਾਂ ਵਰਗੀਆ ਅੱਖਾਂ ਵਾਲੀਏ ਜੀਵ ਇਸਰਤੀਏ ਇਕ ਭੇਦ ਭਰੀ ਗੱਲਾਂ ਸੁਣਕੇ ਜਾਈ॥
ਜਦੋ ਵੀ ਕਦੇ ਖਰੀਦ ਫਰੋਕ ਕਰੀਏ ਤਾ ਪਹਿਲਾ ਚੰਗੀ ਤਰ੍ਹਾਂ ਵਸਤ ਨੂੰ ਜਾਚ ਪਰਖ ਲਈ ਦਾ ਹੈ॥
ਦੋਹੀ ਦਿਚੈ ਦੁਰਜਨਾ ਮਿਤ੍ਰਾਂ ਕੂੰ ਜੈਕਾਰੁ ॥
ਜਿਤੁ ਦੋਹੀ ਸਜਣ ਮਿਲਨਿ ਲਹੁ ਮੁੰਧੇ ਵੀਚਾਰੁ ॥
ਹੇ ਸੋਹਣੇ ਨੈਣਾ ਵਾਲੀਏ, ਯਾਦ ਰੱਖੀ ਦੁਸਮਨਾ ਦੀ ਸਦਾ ਘਰੋਂ ਬਾਹਰ ਕੱਢਣ ਦੀ ਦੁਹਾਈ ਦੇਣੀ ਚਾਹੀਦੀ ਹੈ ਅਤੇ ਸਚੇ ਸੰਗੀਆਂ ਦੀ ਸਿਫਤ ਸਾਲਾਹ ਕਰਨੀ ਚਾਹੀਦੀ ਹੈ॥
ਜਿਨ੍ਹਾਂ ਵਿਕਾਰਾਂ ਰੂਪੀ ਦੁਸਮਨਾ ਦੀ ਖਿਲਾਫਤ ਕਰਕੇ ਸਚੇ ਸੱਜਣ ਸਾਹਿਬ ਨਾਲ ਮਿਲਾਪ ਹੋਂਦਾ ਹੋਏ ਅਜੇਹੀ ਵਿਰਤੀ ਨੂੰ ਸਦਾ ਲਈ ਮਨ ਵਿਚ ਵਸਾ ਰੱਖਣਾ ਚਾਹੀਦਾ ਹੈ॥
ਤਨੁ ਮਨੁ ਦੀਜੈ ਸਜਣਾ ਐਸਾ ਹਸਣੁ ਸਾਰੁ ॥ 
ਸਚੇ ਸੱਜਣ ਉਤੋਂ ਤਨ ਮਨ ਕੁਰਬਾਨ ਕਰਕੇ ਆਤਮਿਕ ਆਨੰਦ ਨੂੰ ਪ੍ਰਾਪਤ ਹੋਂਦੀ ਹੈ॥
ਤਿਸ ਸਉ ਨੇਹੁ ਨ ਕੀਚਈ ਜਿ ਦਿਸੈ ਚਲਣਹਾਰੁ ॥
ਸਚੇ ਸਾਹਿਬ ਦੀ ਸੱਜਣਤਾਂ ਤੂੰ ਬਿਨ੍ਹਾ ਬਾਕੀ ਸਭ ਦਿੱਖ ਚਲਣਹਾਰ ਹੈ ਭਾਵ ਮਿਥਿਆ ਹੈ,ਸੋ ਮਿਥਿਆ ਨਾਲ ਮੋਹ ਪਾਉਣ ਦਾ ਕੀ ਲਾਹਾ॥
ਨਾਨਕ ਜਿਨ੍ਹ੍ਹੀ ਇਵ ਕਰਿ ਬੁਝਿਆ ਤਿਨ੍ਹ੍ਹਾ ਵਿਟਹੁ ਕੁਰਬਾਣੁ ॥੨॥
ਨਾਨਕ ਤਾ ਇੰਨਾ ਹੀ ਸੰਬੋਧਨ ਕਰਦਾ ਹੋਇਆ ਆਖਦਾ ਹੈ ਜਿਨ੍ਹਾਂ ਸਚੇ ਸਾਹਿਬ ਦੀ ਸੱਜਣਤਾਂ ਨੂੰ ਨਿਹਚਲ ਜਾਣ ਲਿਆ, ਉਹਨਾਂ ਤੂੰ ਬਲਿਹਾਰੀ ਜਾਂਦਾ ਹੈ॥
ਅਵਗੁਣ-ਕਾਮ ਕ੍ਰੋਧ ਲੋਭ ਮੋਹ ਅਹੰਕਾਰ(ਦੁਸਮਣ)
ਸੁਭ ਗੁਣ-ਭਾਵ ਨਾਮੁ(ਗੁਰਬਾਣੀ ਨਾਲ ਸਾਂਝ ਸਾਹਿਬ ਨਾਲ ਸੱਜਣਤਾ ਹੈ)
ਧੰਨਵਾਦ.

ਤੈਸੀ ਵਸਤੁ ਵਿਸਾਹੀਐ ਜੈਸੀ ਨਿਬਹੈ ਨਾਲਿ

ਸੋਸ਼ਲ ਮੀਡੀਆ ਦੇ ਸਮੇ ਵਿਚ 3G 4G ਨੈੱਟਵਰਕ ਦਾ ਰਿਸ਼ਤਾ ਸਾਡੇ ਤਾਈ ਨੁਹ ਮਾਸ ਵਾਲਾ ਬਣ ਗਿਆ॥ਹੋਰ ਕੁਝ ਮੁਕ ਜਾਵੇ ਤਾ ਮੁਕ ਜਾਵੇ ਪਰ ਮੋਬਾਈਲ ਫੋਨ ਵਿਚ ਡਾਟਾ ਨਹੀਂ ਮੁਕਣਾ ਚਾਹੀਦਾ, ਡਾਟਾ ਜਿੰਦਗੀ ਦੀ ਲਾਜਮੀ ਵੀ ਲੋੜ ਬਣ ਗਿਆ ਹੈ॥ਹਰ user ਦਿੰਨ ਵਿਚ ਇਕ ਵਾਰ ਘਟੋ ਘਟ ਚੈਕ ਕਰਦਾ ਹੈ ਕੇ ਉਸ ਨੇ ਕਿੰਨਾ ਡਾਟਾ ਵਰਤਿਆ ਹੈ ਤੇ ਕਿੰਨਾ ਬਚਿਆ ਹੈ॥ਬੇਫਜੂਲੀ ਦੀ ਡਾਊਨਲੋਡਿੰਗ ਤੂੰ ਵੀ ਪ੍ਰੇਹਜ ਕੀਤਾ ਜਾਂਦਾ ਹੈ॥ਵਧੀਆ ਗੱਲ ਹੈ॥
ਪਰ ਦੂਜੇ ਪਾਸੇ ਜੋ ਸੋਚਣ ਵਾਲੀ ਗੱਲ ਜਿਸ ਬਾਰੇ ਸ਼ਾਇਦ ਕੋਈ ਵਿਰਲਾ ਵਿਰਲਾ ਸੋਚਦਾ ਹੋਵੇਗਾ ਕੇ ਮਨੁੱਖਾ ਦੇਹੀ ਵਿਚ ਜਿਉਣ ਲਈ ਸਵਾਸਾਂ ਰੂਪੀ ਗਿਣਿਆ ਮਿਣਿਆ ਡਾਟਾ ਮਿਲਿਆ ਹੋਇਆ ਹੈ॥ਉਲਟਾ ਸਾਡੇ ਵੱਲੋ ਹੋ ਰਹੀ ਦੁਰਵਰਤੋਂ ਵੇਖ ਗੁਰੂ ਜੀ ਕਹਿਣਾ ਪਿਆ..
ਪ੍ਰਾਣੀ ਤੂੰ ਆਇਆ ਲਾਹਾ ਲੈਣਿ ॥ 
ਲਗਾ ਕਿਤੁ ਕੁਫਕੜੇ ਸਭ ਮੁਕਦੀ ਚਲੀ ਰੈਣਿ ॥
ਕੁਫਕੜ ਪੁਣੇ ਨੂੰ ਹੋਰ ਖੋਲ ਸਮਝਾਉਂਦੇ ਹੋਏ ਗੁਰੂ ਜੀ ਆਖਦੇ ਹਨ॥
ਕੁਦਮ ਕਰੇ ਪਸੁ ਪੰਖੀਆ ਦਿਸੈ ਨਾਹੀ ਕਾਲੁ ॥
ਓਤੈ ਸਾਥਿ ਮਨੁਖੁ ਹੈ ਫਾਥਾ ਮਾਇਆ ਜਾਲਿ ॥ 
ਜਿਵੇ ਕਲੋਲਾਂ ਕਰਦੇ ਪੰਛੀਆ ਉਤੇ ਸ਼ਿਕਾਰੀ ਦਾ ਜਾਲ ਆ ਚੁੱਪ ਚੁਪੀਤੇ ਪੈ ਜਾਂਦਾ ਇਸੇ ਤਰ੍ਹਾਂ ਕੁਫਕੜ ਪੁਣੇ ਵਿਚ ਰੁਜੇ ਮਨੁੱਖ ਉਤੇ ਮਾਇਆ ਆਪਣਾ ਜਾਲ ਪਾਉਂਦੀ ਰਹਿੰਦੀ ਹੈ ਤੇ ਆਖਿਰ ਜੀਵ ਆਤਮਾ ਰੂਪੀ ਪੰਛੀ ਨੂੰ ਬੁਲਾਵਾ ਆ ਜਾਂਦਾ ਹੈ॥ਸੋ ਜੀਵ ਇਕ ਯਕੀਨ ਬਣਾ ਕੇ ...
ਮੋਹਿ ਐਸੇ ਬਨਜ ਸਿਉ ਨਹੀਨ ਕਾਜੁ ॥ 
ਜਿਹ ਘਟੈ ਮੂਲੁ ਨਿਤ ਬਢੈ ਬਿਆਜੁ ॥
ਅਜਿਹਾ ਕੰਮ ਕਿਉ ਕਰਨਾ ਜਿਸ ਨਾਲ ਨਾਂਹ ਤਾ ਕੋਈ ਲਾਹਾ ਹੋਵੇ ਅਤੇ ਉਤੋਂ ਵਰਤੀ ਗਈ ਪੂੰਜੀ ਵੀ ਡੁਬੇ ਤੇ ਲੇਖੇ ਰੂਪੀ ਵਿਆਜ ਵੀ ਸਿਰ ਚੜੇ॥
ਇਸ ਲਈ ਜਦ ਵਣਜ ਕਰਨ ਦੀ ਗੱਲ ਆਈ ਤਾ ਗੁਰੂ ਜੀ ਨੇ ਸਿੱਖ ਸਿਖਿਆਰਥੀ ਨੂੰ ਉਪਦੇਸ਼ ਰੂਪ ਵਿਚ ਆਖ ਦਿੱਤਾ॥
ਵਣਜੁ ਕਰਹੁ ਵਣਜਾਰਿਹੋ ਵਖਰੁ ਲੇਹੁ ਸਮਾਲਿ ॥ 
ਤੈਸੀ ਵਸਤੁ ਵਿਸਾਹੀਐ ਜੈਸੀ ਨਿਬਹੈ ਨਾਲਿ ॥ ਅਗੈ ਸਾਹੁ ਸੁਜਾਣੁ ਹੈ ਲੈਸੀ ਵਸਤੁ ਸਮਾਲਿ ॥੧॥
ਤੇ ਉਹ ਸਾਥ ਨਿਭਣ ਵਾਲੀ ਵਸਤ ਕਿਹੜੀ ਹੈ ਇਸ ਬਾਰੇ ਗੁਰੂ ਜੀ ਆਖਦੇ ਹਨ..
ਭਾਈ ਰੇ ਰਾਮੁ ਕਹਹੁ ਚਿਤੁ ਲਾਇ ॥
ਹਰਿ ਜਸੁ ਵਖਰੁ ਲੈ ਚਲਹੁ ਸਹੁ ਦੇਖੈ ਪਤੀਆਇ ॥
ਜੀਵ ਤੂੰ ਸਾਹਿਬ ਦੀਆ ਸਿਫਤ ਸਾਲਾਹ ਕਰ ਤੇਰੀ ਇਸ ਵਣਜ ਦੀ ਕਮਾਈ ਵੇਖ ਸਾਹਿਬ ਤੇਰੇ ਤੁਠ ਪਏਗਾ॥
ਅਤੇ ਦੂਜੇ ਪਾਸੇ ਜੋ ਕੁਫਕੜ ਪੁਣੇ ਨਾਲ ਸਾਂਝ ਪਾ ਸਵਾਸਾਂ ਰੂਪੀ ਡਾਟਾ ਵਿਅਰਥ ਮੁਕਾ ਲੈਂਦੇ ਹਨ ਭਾਵ ਸੱਚ ਨਾਲ ਸਾਂਝ ਨਹੀਂ ਪਾਉਂਦੇ ਹਨ ਉਹਨਾਂ ਬਾਰੇ ਗੁਰੂ ਜੀ ਨੇ ਸਪਸ਼ਟਤਾ ਨਾਲ ਆਖ ਦਿੱਤਾ..
ਜਿਨਾ ਰਾਸਿ ਨ ਸਚੁ ਹੈ ਕਿਉ ਤਿਨਾ ਸੁਖੁ ਹੋਇ ॥ 
ਖੋਟੈ ਵਣਜਿ ਵਣੰਜਿਐ ਮਨੁ ਤਨੁ ਖੋਟਾ ਹੋਇ ॥ ਫਾਹੀ ਫਾਥੇ ਮਿਰਗ ਜਿਉ ਦੂਖੁ ਘਣੋ ਨਿਤ ਰੋਇ ॥੨॥
ਧੰਨਵਾਦ

ਜੇ ਤੂੰ ਤਾਰੂ ਪਾਣਿ ਤਾਹੂ ਪੁਛੁ ਤਿੜੰਨ੍ਹ੍ਹ ਕਲ ॥

ਜੇ ਤੂੰ ਤਾਰੂ ਪਾਣਿ ਤਾਹੂ ਪੁਛੁ ਤਿੜੰਨ੍ਹ੍ਹ ਕਲ ॥ 
ਤਾਹੂ ਖਰੇ ਸੁਜਾਣ ਵੰਞਾ ਏਨ੍ਹ੍ਹੀ ਕਪਰੀ ॥੩॥
ਹੇ ਭਾਈ ਜੇ ਤੇਰੇ ਅੰਦਰ ਭਵ-ਸਾਗਰ ਨੂੰ ਤੈਰ ਪਾਰ ਕਰਨ ਦੀ ਇੱਛਾ ਹੈ ਤਾ ਉਸ ਜਨ ਦਾ ਸੰਗ ਜਿਸ ਨੂੰ ਤੈਰਨਾ ਆਉਂਦਾ ਹੋਵੇ ॥ਸੁਚੱਜੇ ਤਾਰਕੂ ਦਾ ਸਾਥ ਲੈ ਤੂੰ ਭਵ-ਸਾਗਰ ਦੀਆ ਵਿਕਾਰ ਰੂਪੀ ਲਹਿਰਾਂ ਨੂੰ ਲੰਘ ਜਾਵੇਗਾ॥
ਹੁਣ ਸਵਾਲ ਖੜ੍ਹਾ ਹੋਂਦਾ ਹੈ ਕੇ ਉਹ ਕਿਹੜਾ ਤੈਰਾਕ ਹੈ ਜਿਸਦਾ ਸੰਗ ਕਰਨ ਨਾਲ ਤਾਰੀ ਲਾਉਣੀ ਆ ਜਾਵੇ॥ਆਉ ਗੁਰੂ ਜੀ ਕੋਲੋਂ ਪੁੱਛਦੇ ਹਾਂ॥
ਮਾਇਆ ਮੋਹੁ ਭਵਜਲੁ ਹੈ ਅਵਧੂ ਸਬਦਿ ਤਰੈ ਕੁਲ ਤਾਰੀ ॥
ਪਹਿਲੀ ਗੱਲ ਅਕਾਲ ਪੁਰਖ ਦੇ ਹੁਕਮ ਵਿਚ ਭਵ-ਸਾਗਰ ਮਾਇਆ ਦੀ ਮਲਕੀਅਤ ਵਿਚ ਹੈ ॥
ਦੂਜੀ ਗੱਲ ਇਸ ਮਾਇਆ ਦਾ ਤੋੜ ਵੀ ਅਕਾਲ ਪੁਰਖ ਨੇ ਪੈਦਾ ਕੀਤਾ ਹੈ ਅਤੇ ਤੋੜ ਹੈ ਸਬਦੁ ਗੁਰੂ॥
ਹੁਣ ਬਿਲਕੁਲ ਸਪਸ਼ਟ ਹੈ ਕੇ ਸਿੱਖ ਨੇ ਸਬਦੁ ਗੁਰੂ ਦੀ ਅਗਵਾਈ ਵਿਚ ਭਵ-ਸਾਗਰ ਨੂੰ ਤੈਰਨ ਦਾ ਜਾਚ ਸਿੱਖਣੀ ਹੈ॥
ਹੁਣ ਜੇ ਇੰਨੀ ਸਪਸ਼ਟਤਾ ਤੂੰ ਬਾਅਦ ਵੀ ਕਿਸੇ ਢੋਂਗੀ ਦੇ ਕੋਲੋਂ ਲੁੱਟ ਕਸੁਟ ਕਰਵਾਣੀ ਜਚਦੀ ਹੈ ਤਾ ਫਿਰ ਇਸ ਨੂੰ ਖੋਟਾ ਵਾਪਾਰ ਹੀ ਕਹਿ ਸਕਾਂਗੇ॥ਅਜੇਹੀ ਲੁੱਟ ਕਸੁਟ ਕਰਨ ਵਾਲਿਆਂ ਅਤੇ ਲੁਟੇ ਜਾਣ ਵਾਲਿਆਂ ਦਾ ਹਾਲ ਬਿਆਨ ਕਰਦੇ ਹੋਏ ਗੁਰੂ ਜੀ ਨੇ ਆਖ ਦਿੱਤਾ..
ਕਬੀਰ ਮਾਇ ਮੂੰਡਉ ਤਿਹ ਗੁਰੂ ਕੀ ਜਾ ਤੇ ਭਰਮੁ ਨ ਜਾਇ ॥ 
ਆਪ ਡੁਬੇ ਚਹੁ ਬੇਦ ਮਹਿ ਚੇਲੇ ਦੀਏ ਬਹਾਇ ॥
ਅਜੇਹੀ ਖੋਟੀ ਮੱਤ ਵਾਲੇ ਖੁਦ ਵੀ ਡੁਬਦੇ ਹਨ ਤੇ ਨਾਲ ਜੁੜੇ ਚੇਲਿਆਂ ਨੂੰ ਵੀ ਡੁਬਾ ਦਿੰਦੇ ਹਨ॥
ਸੋ ਆਉ ਗੁਰੂ ਅਗੇ ਅਰਦਾਸ ਕਰੀਏ ਕੇ...
ਹਮ ਪਾਥਰ ਗੁਰੁ ਨਾਵ ਬਿਖੁ ਭਵਜਲੁ ਤਾਰੀਐ ਰਾਮ ॥ 
ਗੁਰ ਦੇਵਹੁ ਸਬਦੁ ਸੁਭਾਇ ਮੈ ਮੂੜ ਨਿਸਤਾਰੀਐ ਰਾਮ ॥ 
ਧੰਨਵਾਦ

ਝੜ ਝਖੜ ਓਹਾੜ ਲਹਰੀ ਵਹਨਿ ਲਖੇਸਰੀ ॥

ਝੜ ਝਖੜ ਓਹਾੜ ਲਹਰੀ ਵਹਨਿ ਲਖੇਸਰੀ ॥ 
ਸਤਿਗੁਰ ਸਿਉ ਆਲਾਇ ਬੇੜੇ ਡੁਬਣਿ ਨਾਹਿ ਭਉ ॥੪॥
ਕਮਾਦਿਕ ਅਨਸਰਾਂ ਦੀਆ ਝੜੀਆ ਲੱਗੀਆ ਹਨ, ਵਿਕਾਰਾਂ ਦੇ ਝਖੜ ਝੁਲ ਰਹੇ ਹਨ, ਭਵ-ਸਾਗਰ ਵਿੱਚੋ ਮਾਇਆ ਵੱਖ ਵੱਖ ਰੂਪ ਦੀਆ ਲੱਖਾਂ ਹੀ ਲਹਿਰਾਂ ਉੱਠ ਕੇ ਰਾਹ ਵਿਚ ਆਉਣ ਵਾਲੇ ਹਰ ਬੋਧਿਕ ਨੂੰ ਵਹਾ ਲੈ ਜਾਂਦੀਆ ਹਨ ॥
ਹੇ ਪ੍ਰਾਣੀ ਜੇ ਅਜਿਹੇ ਸਥਿਤੀ ਵਿੱਚੋ ਬਚਾਉ ਦੀ ਕੋਈ ਉਮੀਦ ਭਾਲਦਾ ਹੈ ਤਾ ਇੰਝ ਕਰ ਆਪਣੇ ਸਚੇ ਸਤਿਗੁਰ ਨੂੰ ਪੁਕਾਰ॥ਸਿਰਫ ਉਹ ਹੀ ਅਜੇਹੀ ਸਥਿਤੀ ਵਿੱਚੋ ਕੱਢਣ ਦੀ ਸਮਰਥਾ ਰੱਖਦਾ ਹੈ॥
ਹੁਣ ਜੇ ਸਵਾਲ ਮਨ ਵਿਚ ਆਏ ਕੇ ਕਿਹੜੇ ਸਚੇ ਗੁਰੂ ਨੂੰ ਪੁਕਾਰਨਾ ਹੈ ਤਾ ਫਿਰ ਇਕ ਵਾਰ ਭੱਟ ਸਾਹਿਬਾਨਾਂ ਦਾ ਸਵਯਿਆ ਜਰੂਰ ਪੜ੍ਹਨਾ ਤੇ ਵਿਚਾਰਨਾ ਬਣਦਾ ਹੈ॥
ਸਿਰੀ ਗੁਰੂ ਸਾਹਿਬੁ ਸਭ ਊਪਰਿ ॥ ਕਰੀ ਕ੍ਰਿਪਾ ਸਤਜੁਗਿ ਜਿਨਿ ਧ੍ਰੂ ਪਰਿ ॥
ਸ੍ਰੀ ਪ੍ਰਹਲਾਦ ਭਗਤ ਉਧਰੀਅੰ ॥ ਹਸ੍ਤ ਕਮਲ ਮਾਥੇ ਪਰ ਧਰੀਅੰ ॥
ਅਲਖ ਰੂਪ ਜੀਅ ਲਖ੍ਯ੍ਯਾ ਨ ਜਾਈ ॥ ਸਾਧਿਕ ਸਿਧ ਸਗਲ ਸਰਣਾਈ ॥
ਗੁਰ ਕੇ ਬਚਨ ਸਤਿ ਜੀਅ ਧਾਰਹੁ ॥ ਮਾਣਸ ਜਨਮੁ ਦੇਹ ਨਿਸ੍ਤਾਰਹੁ ॥ 
ਗੁਰੁ ਜਹਾਜੁ ਖੇਵਟੁ ਗੁਰੂ ਗੁਰ ਬਿਨੁ ਤਰਿਆ ਨ ਕੋਇ ॥ 
ਗੁਰ ਪ੍ਰਸਾਦਿ ਪ੍ਰਭੁ ਪਾਈਐ ਗੁਰ ਬਿਨੁ ਮੁਕਤਿ ਨ ਹੋਇ ॥
ਸ੍ਵਯੇ ਦੀਆ ਇਹਨਾਂ ਪੰਗਤੀਆ ਤੂੰ ਸਹਜੇ ਹੀ ਅਹਿਸਾਸ ਹੋ ਜਾਂਦਾ ਹੈ ਕੇ ਸੱਚਾ ਗੁਰੂ ਉਹ ਹੈ ਜੋ...
ਆਦਿ ਸਚੁ ਜੁਗਾਦਿ ਸਚੁ ॥
ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥
ਹੁਣ ਸਵਾਲ ਪੈਦਾ ਹੋਂਦਾ ਹੈ ਕੇ ਸਾਹਿਬ ਤਾ ਅਜੂਨੀ ਹੈ॥ਫਿਰ ਗੁਰੂ ਰੂਪ ਵਿਚ ਕਿਵੇਂ ਵਿਚਰਦਾ ਹੈ ਤਾ ਬਿਲਕੁਲ ਉਸੇ ਸ੍ਵਯੇ ਵਿਚ ਇਸਦਾ ਜਵਾਬ ਹੈ॥
ਗੁਰੁ ਨਾਨਕੁ ਨਿਕਟਿ ਬਸੈ ਬਨਵਾਰੀ ॥
ਕਿਉਂਕਿ ਗੁਰੂ ਨਾਨਕ ਜੀ ਨੂੰ ਸਾਹਿਬ ਦੀ ਨਿਕਟਤਾ ਪ੍ਰਾਪਤ ਹੈ ਜੋ ਦਸਾ ਕਾਇਆ ਵਿਚ ਵਿਚਰ ਕੇ ਅੱਜ ਸਾਡੇ ਕੋਲ ਗੁਰੂ ਗਰੰਥ ਸਾਹਿਬ ਜੀ ਦੇ ਸਰੂਪ ਵਿਚ ਹਾਸਿਲ ਹੈ॥ਪ੍ਰਮਾਣ-
ਤਿਨਿ ਲਹਣਾ ਥਾਪਿ ਜੋਤਿ ਜਗਿ ਧਾਰੀ ॥ ਲਹਣੈ ਪੰਥੁ ਧਰਮ ਕਾ ਕੀਆ ॥
ਅਮਰਦਾਸ ਭਲੇ ਕਉ ਦੀਆ ॥ 
ਤਿਨਿ ਸ੍ਰੀ ਰਾਮਦਾਸੁ ਸੋਢੀ ਥਿਰੁ ਥਪ੍ਯ੍ਯਉ ॥ ਹਰਿ ਕਾ ਨਾਮੁ ਅਖੈ ਨਿਧਿ ਅਪ੍ਯ੍ਯਉ ॥
ਅਪ੍ਯ੍ਯਉ ਹਰਿ ਨਾਮੁ ਅਖੈ ਨਿਧਿ ਚਹੁ ਜੁਗਿ ਗੁਰ ਸੇਵਾ ਕਰਿ ਫਲੁ ਲਹੀਅੰ ॥
ਬੰਦਹਿ ਜੋ ਚਰਣ ਸਰਣਿ ਸੁਖੁ ਪਾਵਹਿ ਪਰਮਾਨੰਦ ਗੁਰਮੁਖਿ ਕਹੀਅੰ ॥ 
ਪਰਤਖਿ ਦੇਹ ਪਾਰਬ੍ਰਹਮੁ ਸੁਆਮੀ ਆਦਿ ਰੂਪਿ ਪੋਖਣ ਭਰਣੰ ॥ 
ਸਤਿਗੁਰੁ ਗੁਰੁ ਸੇਵਿ ਅਲਖ ਗਤਿ ਜਾ ਕੀ ਸ੍ਰੀ ਰਾਮਦਾਸੁ ਤਾਰਣ ਤਰਣੰ ॥੧॥
ਜਦ ਗੁਰ ਜੋਤ ਗੁਰੂ ਅਰਜੁਨ ਸਾਹਿਬ ਨੂੰ ਮਿਲੀ ਤਾ ਭੱਟਾਂ ਜੀ ਨੇ ਆਖ ਦਿੱਤਾ..
ਸਬਦੁ ਗੁਰੂ ਪਰਕਾਸਿਓ ਹਰਿ ਰਸਨ ਬਸਾਯਉ ॥.....ਇਹ ਓਹੀ ਤਰਜ ਉਤੇ ਆਖਿਆ ਗਿਆ ਜਿਸ ਤੇ ਗੁਰੂ ਅਰਜੁਨ ਜੀ ਨੇ ਆਖਿਆ...
ਹਉ ਆਪਹੁ ਬੋਲਿ ਨ ਜਾਣਦਾ ਮੈ ਕਹਿਆ ਸਭੁ ਹੁਕਮਾਉ ਜੀਉ ॥ 
ਬਸ ਇਸਲਈ ਸਿੱਖ ਦੀ ਪਹਿਲੀ ਅਤੇ ਅਖੀਰਲੀ ਪੁਕਾਰ ਕੇਵਲ ਤੇ ਕੇਵਲ ਗੁਰੂ ਗਰੰਥ ਸਾਹਿਬ ਜੀ ਤਾਈ ਹੈ॥
ਧੰਨਵਾਦ

ਸਲੋਕ ਵਾਰਾਂ ਤੇ ਵਧੀਕ

ਸਲੋਕ ਵਾਰਾਂ ਤੇ ਵਧੀਕ ਸਿਰਲੇਖ ਹੇਠਾਂ ਦਰਜ ਸਲੋਕਾਂ ਦੀ ਅੱਜ ਦੀ ਵਿਚਾਰ ਮਹਲਾ 1 ਆਖਦੇ ਹਨ॥
ਨਾਨਕ ਦੁਨੀਆ ਕੈਸੀ ਹੋਈ ॥ 
ਸਾਲਕੁ ਮਿਤੁ ਨ ਰਹਿਓ ਕੋਈ ॥
ਭਾਈ ਬੰਧੀ ਹੇਤੁ ਚੁਕਾਇਆ ॥
ਦੁਨੀਆ ਕਾਰਣਿ ਦੀਨੁ ਗਵਾਇਆ ॥੫॥
ਦੁਨੀਆ ਦਾਰੀ ਪਦਾਰਥੀ ਦੌੜ ਤੇ ਪਕੜ ਵਿਚ ਰੁਝ ਕੇ ਕਿਵੇਂ ਦੀ ਹੋ ਗਈ ਹੈ॥ ਸੱਚ ਦੇ ਮਾਰਗ ਉਤੇ ਤੁਰਨ ਵਾਲਾ ਤੇ ਹੋਰਾਂ ਨੂੰ ਤੋਰਨ ਲਈ ਪ੍ਰੇਰਨ ਵਾਲਾ ਸੱਜਣ ਨਹੀਂ ਦਿਸਦਾ ਹੈ॥ਭਾਈਚਾਰਿਕ ਸਾਂਝਾ ਖਤਮ ਹੋ ਗਈਆ ਹਨ॥ਇਸਦੇ ਪਿੱਛੇ ਪਦਾਰਥੀ ਦੌੜ ਤੇ ਪਕੜ ਹੀ ਕਾਰਣ ਬਣੀ ਹੈ ਕੇ ਲੋਕਾਈ ਨੇ ਸੱਚ ਰੂਪੀ ਦੀਨ ਵਿਸਾਰ ਦਿੱਤਾ ਹੈ॥
ਕਿਉਕਿ ਗੁਰਬਾਣੀ ਸਦੀਵੀ ਸੱਚ ਹੈ ਜੇ ਅੱਜ ਵੀ ਇਹ ਸਲੋਕ ਜਰਾ ਆਪਾ ਭਾਵ ਇਕ ਪਾਸੇ ਰੱਖ ਕੇ ਆਪਣੇ ਤਾਈ ਤੇ ਆਂਢ ਗੁਆਂਢ ਵਿਚ ਝਾਕੀਏ ਤਾ ਇਹ ਗੱਲ 100 % ਵਰਤਦੀ ਦਿਸੇਗੀ॥
ਜਿਆਦਾ ਦੂਰ ਨਾਂਹ ਜਾਵੋ ਆਪਣੇ ਪੰਜਾਬ ਦੇ ਰਾਜਨੀਤਿਕ ਸਮੀਕਰਨ ਵੇਖ ਲਵੋ॥
ਸੱਤਾ ਦੇ ਨਸ਼ੇ ਵਿਚ ਚੂਰ ਬੀਤੀ ਦਿਨੀ ਇਕ ਗਰਭਵਤੀ ਨਰਸ ਨੂੰ ਕੁਟਿਆ ਗਿਆ॥ਇਕ ਭੈਣ ਨੂੰ ਇਸਲਈ ਮਾਰਨ ਦੀ ਧਮਕੀ ਦਿੱਤੀ ਤੇ ਨਾਂਹ ਸਹਿਣ ਯੋਗ ਭਾਸ਼ਾ ਦਾ ਇਸਤਮਾਲ ਕੀਤਾ, ਕਿਉਕਿ ਉਹ ਕਿਸੇ ਵਿਸੇਸ ਰਾਜਨੀਤੀ ਪਾਰਟੀ ਨਾਲ ਜੁੜੀ ਹੋਈ ਹੈ॥8 ਹਜ਼ਾਰ ਦੀ ਸਰਤ ਲਾ ਕਿਸੇ ਭੈਣ ਦੀ ਬੇਪੱਤੀ ਕੀਤੀ ਗਈ॥ਇਨਸਾਨਾਂ ਦੀਆ ਜਾਨਾ ਦੇ ਮੁੱਲ 20-25 ਲੱਖ ਪਾਏ ਜਾ ਰਹੇ ਹਨ॥ਪੈਸੇ ਖਾਨ ਦੇ ਚੱਕਰ ਵਿੱਚੋ ਬਚਿਆ ਦੀਆ ਜਿੰਦਗੀਆ ਨਾਲ ਖੇਲਿਆ ਜਾ ਰਿਹਾ, 8 ਬਚੇ ਇਸ ਦੀ ਭੇਟ 2-3 ਦਿਨ ਪਹਿਲਾ ਚੜੇ ਹਨ ਅਤੇ ਪਤਾ ਨਹੀਂ ਕੀ ਕੀ ਕੁਝ ਹੋਰ ਰਿਹਾ ਹੈ ਇਹ ਸਭ ''''ਦੁਨੀਆ ਕਾਰਣਿ ਦੀਨੁ ਗਵਾਇਆ'' ਦੀ ਭਾਵਨਾ ਦਾ ਪ੍ਰਗਟਾਵਾ ਹੈ॥
ਪਰ ਜੋ ਵੀ '''ਦੁਨੀਆ ਕਾਰਣਿ ਦੀਨੁ ਗਵਾਇਆ''' ਦੀ ਸ੍ਰੇਣੀ ਵਿਚ ਖੜੇ ਹਨ ਉਹਨਾਂ ਨੂੰ ਸੁਚੇਤ ਕਰਦੇ ਕਬੀਰ ਜੀ ਨੇ ਆਖ ਦਿੱਤਾ..
ਕਬੀਰ ਦੀਨੁ ਗਵਾਇਆ ਦੁਨੀ ਸਿਉ ਦੁਨੀ ਨ ਚਾਲੀ ਸਾਥਿ ॥ 
ਪਾਇ ਕੁਹਾੜਾ ਮਾਰਿਆ ਗਾਫਲਿ ਅਪੁਨੈ ਹਾਥਿ ॥
ਇਹ ਸੱਤਾ ਪਦਾਰਥਾਂ ਦਾ ਨਸ਼ਾ ਸਭ ਤੇਰੇ ਅਗੇ ਆ ਖੜੇਗਾ ਤੇ ਤੇਰੇ ਘਾਣ ਦਾ ਮੁਖ ਕਾਰਣ ਬਣੇਗਾ॥
ਸੋ ਭਾਈ ਜੇ ਇਸ ਗਾਫਲ ਪੁਣੇ ਦੀ ਕਤਾਰ ਵਿੱਚੋ ਅਲਗ ਹੋਣਾ ਦਾ ਫਿਰ ਸ਼ੇਖ ਸਾਬ ਦੀ ਕਹੀ ਗੱਲ ਮੰਨੀ ਪਵੇਗੀ॥
ਫਰੀਦਾ ਜਿਨ੍ਹ੍ਹੀ ਕੰਮੀ ਨਾਹਿ ਗੁਣ ਤੇ ਕੰਮੜੇ ਵਿਸਾਰਿ ॥ 
ਮਤੁ ਸਰਮਿੰਦਾ ਥੀਵਹੀ ਸਾਂਈ ਦੈ ਦਰਬਾਰਿ ॥
ਧੰਨਵਾਦ

ਗੁਰੂ ਗਰੰਥ ਸਾਹਿਬ ਜੀ ਦੇ ਸਰੂਪ ਦੀਆ ਬੇਅਦਬੀਆ

ਗੁਰੂ ਗਰੰਥ ਸਾਹਿਬ ਜੀ ਦੇ ਸਰੂਪ ਦੀਆ ਬੇਅਦਬੀਆ 
ਆਏ ਦਿਨ ਹੋ ਰਹੀਆ ਬੇਅਦਬੀਆਂ ਇਕ ਚਿੰਨਤਾ ਦਾ ਵਿਸ਼ਾ ਬਣ ਗਈਆਂ ਹਨ॥ਪ੍ਰਸਾਸ਼ਨ ਵੀ ਲਾਚਾਰ ਜੇਹਾ ਨਜਰ ਆਉਂਦਾ ਹੈ॥ਉਲਟਾ ਸਗੋਂ ਰੋਸ ਧਰਨਿਆਂ ਵਿਚ ਨੌਜਵਾਨਾਂ ਦਾ ਜੋ ਜਾਨੀ ਮਾਲੀ ਨੁਕਸਾਨ ਹੋਂਦਾ ਹੈ ਉਹ ਵੱਖਰਾ॥
ਸਾਨੂੰ ਇਸ ਹੋ ਰਹੀਆ ਘਟਨਾਵਾਂ ਨੂੰ ਥਲ ਪਾਉਣ ਦਾ ਰਸਤਾ ਲੱਭਣਾ ਪਵੇਗਾ॥
ਜੋ ਆਮ ਸੋਚ ਹੈ ਉਹ ਸਭ ਆਖਦੇ ਹਨ ਕੇ ਗੁਰਦਵਾਰੇ ਵਿਚ cctv ਲੱਗੇ ਹੋਣ॥ਠੀਕ ਹੈ ਪਰ ਇਹ ਮੇਰੇ ਹਿਸਾਬ ਨਾਲ ਇਲਾਜ਼ ਨਹੀਂ॥
ਅਸੀਂ ਸਾਰੇ ਜਾਣਦੇ ਹਾਂ ਕੇ ਹਰ ਗੁਰਦਵਾਰੇ ਦੀ ਇਕ 5 ਤੂੰ 10 ਮੈਬਰੀ ਕਮੇਟੀ ਹੋਂਦੀ ਹੈ॥ਪਰ ਤਰਾਸਦੀ ਇਹ ਹੈ ਕੇ ਕਮੇਟੀਆ ਚੌਧਰਾਂ ਤੱਕ ਸੀਮਤ ਹੋ ਗਈਆ ਹਨ॥ਮੈਬਰ ਜਾ ਪ੍ਰਧਾਨ ਸਿਰਫ ਗੋਲਕ ਦੀ ਗਿਣਤੀ ਤੱਕ ਸੀਮਤ ਹਨ॥
ਕਿੰਨਾ ਚੰਗਾ ਹੋਵੇ ਕੇ ਜੇ ਕਿਸੇ ਕਮੇਟੀ ਦੇ 10 ਮੈਬਰ ਹਨ ਤਾ ਰੋਜ ਬਦਲ ਬਦਲ ਕੇ ਇਕ ਮੈਬਰ ਗੁਰਦਵਾਰੇ ਸਾਰਾ ਦਿਨ ਰਾਤ ਠਹਿਰੇ॥ਮਹੀਨੇ ਵਿਚ ਸਿਰਫ ਤਿੰਨ ਦਿਨ ਵਾਰੀ ਹਰ ਮੈਬਰ ਦੀ ਆਵੇਗੀ॥
ਪਿੰਡ ਦੇ ਪਰਵਾਰ ਮਿਲਕੇ ਰੋਟੀ ਪਾਣੀ ਦਾ ਵਧੀਆ ਪ੍ਰਬੰਧ ਕਰਕੇ ਪਹਚਾਉਣ॥ਇਕ ਵੱਖਰਾ ਕਮਰਾ ਹੋਵੇ ਜਿਥੋਂ ਹਰ ਕੋਈ ਆਉਂਦਾ ਜਾਂਦਾ ਦਿਖੇ॥ਹੋ ਸਕੇ ਤਾ ਨਾਲ ਪੁਸਤਕਾਲਿਆ ਘਰ ਹੋਵੇ ਜਿਸ ਦਾ ਇੰਚਾਰਜ ਹਰ ਰੋਜ ਵਾਰੀ ਵਾਲਾ ਮੈਬਰ ਹੋਵੇ॥
2.ਸੁਖਆਸਨ ਵਾਲੀ ਥਾਂ ਬਿਜਲੀ ਦੀਆ ਤਾਰਾ ਸੁਚੱਜੇ ਢੰਗ ਨਾਲ ਹੋਣ॥smoke ਡਿਟੈਕਟਰ ਲੱਗਾ ਹੋਵੇ ਨਾਲ ਹੀ emergency fire extinguisher ਦਾ ਪ੍ਰਬੰਧ ਹੋਵੇ॥
3.SGPC ਗੁਰੂ ਗਰੰਥ ਸਾਹਿਬ ਦਾ ਸਰੂਪ ਕਿਸੇ ਨੂੰ ਵੀ ਸੌਂਪਣ ਤੂੰ ਪਹਿਲਾ ਪੂਰੀ detail ਪਰੂਫ ਸਾਹਿਤ online ਰੱਖੇ॥ਬਿਰਧ ਹੋਣ ਉਤੇ ਇਸੇ detail ਤਹਿਤ ਸਰੂਪ ਬਦਲ ਕੇ ਦਿੱਤਾ ਜਾਵੇ॥ਹੋ ਸਕੇ ਤਾ ਹਰ ਸਰੂਪ ਦੇ ਪੱਤਰ ਵਿਚ ਕੋਈ ਗੁਪਤ ਸੀਰੀਅਲ code ਹੋਵੇ ਜੋ ਜਿਸ ਵਿਅਕਤੀ ਜਾ ਸੰਸਥਾ ਨੇ ਸਰੂਪ ਲਿਆ ਹੈ ਉਸਦੇ ਨਾਮ ਨਾਲ online attach ਹੋਵੇ॥ਤਾ ਜੋ ਜੇ ਕੋਈ ਪੱਤਰ ਖਿਲਾਰ ਸੁਟੇ ਤਾ ਪਤਾ ਲੱਗ ਸਕੇ ਇਹ ਸਰੂਪ ਕਿਸਦੇ ਕੋਲ ਸੀ ਜੋ ਜਾਂਚ ਕਰਨ ਵਿਚ ਸਹਾਈ ਹੋਵੇਗਾ॥
4.ਘਰਾਂ ਵਿਚ ਲੋੜ ਤੂੰ ਵੱਧ ਗੁਟਕੇ ਸਾਹਿਬ ਨਾਂਹ ਰੱਖੋ॥ਗੁਟਕੇ ਸਾਹਿਬ ਸਿਰਫ ਕੁਝ ਕੋ ਸੰਸਥਾਵਾਂ ਤੂੰ ਮਿਲਨੇ ਚਾਹੀਦੇ ਹਨ ਜੋ ਰਿਜਸਟਰ ਹੋਣ॥
ਇਹਨਾਂ ਤਥਾ ਉਤੇ ਅਮਲ ਕਰਕੇ ਕਾਫੀ ਹੱਦ ਤੱਕ ਸੁਧਾਰ ਹੋ ਸਕਦਾ ਹੈ॥
ਧੰਨਵਾਦ

ਗੁਰਮਤੋ ਅਤੇ ਮਨਮਤੋ ਦੇ ਕਿੱਸੇ(1)

 ਗੁਰਮਤੋ ਅਤੇ ਮਨਮਤੋ ਦੇ ਕਿੱਸੇ
ਦੁਪਹਿਰ ਦਾ ਵੇਲਾ ਸੀ ਗੁਰਮਤੋ ਰੋਟੀ ਪਾਣੀ ਤਿਆਰ ਕਰਕੇ ਦਰੇਕ ਦੀ ਛਾਵੇਂ ਗੁਰੂ ਗਰੰਥ ਸਾਹਿਬ ਜੀ ਦੀ ਪੋਥੀ ਲੈ ਸ਼ਬਦੁ ਵਿਚਾਰ ਕਰਨ ਲਈ ਬੈਠੀ ਸੀ,ਇੰਨੇ ਨੂੰ ਮਨਮਤੋ ਦਰਵਾਜਾ ਖੜਕਾਉਂਦੀ ਹੋਏ ਵਿਹੜੇ ਵਿਚ ਆ ਦਾਖਿਲ ਹੋਈ॥
ਬੋਲੀ ਨੇ ਭੈਣੇ ਗੁਰਮਤੋ ਕਿ ਕਰਦੀ ਪਈ ਏ, ਬਿਜਲੀ ਚਲੀ ਗਈ ਸੀ ਮੈ ਸੋਚਿਆ ਭੈਣ ਗੁਰਮਤੋ ਕੋਲ ਜਾ ਦਰੇਕ ਦੀ ਛਾਵੇਂ ਬਹਿਨੀ ਹਾਂ॥
ਗੁਰਮਤੋ ਬੋਲੀ ਆਜਾ ਭੈਣੇ ਆਜਾ, ਮੈ ਤਾ ਗੁਰਬਾਣੀ ਦਾ ਸਬਦੁ ਵਿਚਾਰਦੀ ਸੀ॥ਆ ਤੂੰ ਵੀ ਕੋਲ ਬਹਿ ਜਾ॥
ਮਨਮਤੋ ਕੋਲ ਬਹਿੰਦੇ ਹੀ ਬੋਲੀ ਭੈਣੇ ਇਕ ਗੱਲ ਦਸ ਮੈਨੂੰ, ਜਦ ਸਭ ਕੁਝ ਕਰਨ ਕਰਵਾਣ ਵਾਲਾ ਸਾਹਿਬ ਖੁਦ ਹੈ ਤਾ ਫਿਰ ਜੋ ਅਸੀਂ ਚੰਗਾ ਮਾੜਾ ਕਰਦੇ ਹਾਂ ਉਹ ਵੀ ਤਾ ਸਾਹਿਬ ਹੀ ਕਰਵਾਂਦਾ ਹੈ॥
ਗੁਰਮਤੋ ਬੋਲੀ ਤੂੰ ਭੈਣੇ ਵਧੀਆ ਸਵਾਲ ਕੀਤਾ ਹੈ॥ਆ ਅਸੀਂ ਮਿਲਕੇ ਸਮਝਣ ਦੀ ਕੋਸਿਸ ਕਰਦੇ ਹਾਂ॥ਵੇਖ ਮਨਮਤੋ ਗੁਰੂ ਜੀ ਆਖਦੇ ਹਨ॥
ਬਿਖੁ ਅੰਮ੍ਰਿਤੁ ਕਰਤਾਰਿ ਉਪਾਏ ॥ 
ਸੰਸਾਰ ਬਿਰਖ ਕਉ ਦੁਇ ਫਲ ਲਾਏ ॥ 
ਆਪੇ ਕਰਤਾ ਕਰੇ ਕਰਾਏ ॥ ਜੋ ਤਿਸੁ ਭਾਵੈ ਤਿਸੈ ਖਵਾਏ ॥
ਮਨਮਤੋ ਵੇਖ ਸਾਹਿਬ ਦੇ ਹੁਕਮ ਦੇ ਦਾਇਰੇ ਵਿਚ ਬਿਖ ਵੀ ਹੈ ਅਤੇ ਅੰਮ੍ਰਿਤ ਵੀ ਹੈ, ਪਾਪ ਵੀ ਹੈ ਪੁੰਨ ਵੀ ਹੈ, ਸੱਚ ਵੀ ਹੈ ਅਤੇ ਝੂਠ ਵੀ,ਮਿਠਾਸ ਵੀ ਹੈ ਅਤੇ ਕੁੜੱਤਣ ਵੀ ਹੈ॥
ਹੁਣ ਦੂਜੇ ਪਾਸੇ ਗੁਰਮਤਿ ਦਾ ਮੁਢਲਾ ਸਿਧਾਂਤ ਹੈ॥
ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ ॥ 
ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ॥
ਹੁਣ ਮਨਮਤੋ ਧਿਆਨ ਦੇ ਜਦ ਸਾਹਿਬ ਜੀਵ ਦੀ ਕਰਮੀ ਹੁਕਮ ਦੀ ਕਸਵੱਟੀ ਉਤੇ ਪਖਰਦਾ ਹੈ ਤਾ ਜੋ ਕਰਮੀ ਦਾ ਫਲ ਹੋਂਦਾ ਹੈ ਉਹ ਜੀਵ ਨੂੰ ਦੇ ਦਿੰਦਾ ਹੈ ਇਸ ਨੂੰ ਆਖਿਆ ਗਿਆ ਹੈ '''ਜੋ ਤਿਸੁ ਭਾਵੈ ਤਿਸੈ ਖਵਾਏ''॥
ਮਨਮਤੋ ਹੋਰ ਤਵੱਜੋ ਦੇ ਕੇ ਸੋਚ ਜਦ ਅਸੀਂ ਜਨਮੇ ਸਾ ਤਾ ਕੋਰੇ ਕਾਗਜ ਵਾਂਗ ਸਾ॥ਸਾਹਿਬ ਹੁਕਮ ਵਿਚ ਸਾਡਾ ਜਨਮ ਤੇ ਮਰਨ ਦੇਹ ਕਰਕੇ ਨਿਸਚਿਤ ਹੋ ਗਿਆ ਸੀ,ਪਰ ਜਨਮ ਤੂੰ ਮਰਨ ਵਿਚਲਾ ਸਫ਼ਰ ''ਕਰਮੀ ਆਪੋ ਆਪਣੀ'' ਮੁਤਾਬਿਕ ਜਿਉਣ ਲਈ ਮਿਲ ਗਿਆ॥
ਸੰਸਾਰ ਵਿਚ ਜੀਵਨ ਬਤੀਤ ਕਰਦੇ ਚੰਗੇ ਬੁਰੇ ਦਾ ਅਹਿਸਾਸ ਹਰ ਜੀਵ ਨੂੰ ਸਹਜੇ ਹੀ ਹੋ ਜਾਂਦਾ ਹੈ ਕਿਉਕਿ ਹੁਕਮੇ ਨੇ ਆਪਣਾ ਹੁਕਮ ਦੇ ਦੋਵੇ ਪੱਖ ਸਮਝਾਉਣ ਲਈ ਇਕ ਤਾ ਸਾਨੂ ਸੁਰਤ ਦਿਤੀ ਹੈ ਤੇ ਦੂਜਾ ਬਿਬੇਕ ਰੂਪੀ ਗੁਰੂ ਜਿਸਦਾ ਮੁਢਲਾ ਫਰਜ਼ ਹੋਂਦਾ ਹੈ ਕੇ...
ਨਾਨਕ ਜਿਸ ਨੋ ਨਦਰਿ ਕਰੇਇ ॥ ਅੰਮ੍ਰਿਤ ਨਾਮੁ ਆਪੇ ਦੇਇ ॥ 
'''ਬਿਖਿਆ ਕੀ ਬਾਸਨਾ ਮਨਹਿ ਕਰੇਇ''' ॥ ਅਪਣਾ ਭਾਣਾ ਆਪਿ ਕਰੇਇ ॥
ਕੇ ਬਿਖ ਵਾਲੇ ਪਾਸੇ ਦੀ ਪਛਾਣ ਕਰਵਾ ਦੇਵੇ ਅਤੇ ਅੰਮ੍ਰਿਤ ਰੂਪੀ ਨਾਮੁ ਨਾਲ ਸਾਂਝ ਪਾਉਣ ਲਈ ਪ੍ਰੇਰ ਦੇਵੇ॥
ਇੰਨੀ ਵਿਚਾਰ ਤੂੰ ਬਾਅਦ ਮਨਮਤੋ ਕਬੀਰ ਜਾ ਦਾ ਇਕ ਸਲੋਕ ਮੈ ਉਚਾਰਦੀ ਹਾਂ ਤੇ ਤੂੰ ਦਸੀ ਇਹ ਗੱਲ ਤੇਰੇ ਦਿਲ ਨੂੰ ਜਚੀ ਕੇ ਨਹੀਂ॥
ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ ॥ 
ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ ॥
ਹਾਂ ਗੁਰਮਤੋ ਗੁਰਬਾਣੀ ਸਹੀ ਦਸ ਰਹੀ ਹੈ ਕੇ ਚੰਗੇ ਬੁਰੇ ਦੀ ਪਛਾਣ ਤਾ ਸਾਨੂੰ ਬਿਬੇਕ ਰੂਪੀ ਗੁਰੂ ਨੇ ਕਾਰਵਾਈ ਹੀ ਹੋਂਦੀ ਹੈ ਪਰ ਅਸੀਂ ਹੀ ਆਪਣੇ ਸੁਆਰਥ ਨੂੰ ਮੁਖ ਰੱਖ ਕੇ ਗਲਤ ਦੀ ਚੋਣ ਕਰਦੇ ਹਾਂ॥
ਗੁਰਮਤੋ ਬੋਲੀ ਫਿਰ ਭੈਣੇ ਤੂੰ ਖੁਦ ਸੋਚ ਕੇ ਫਿਰ ਅਸੀਂ ਆਪਣੀ ਕਰਨੀ ਦਾ ਠਿਕਰਾ ਸਾਹਿਬ ਦੇ ਸਿਰ ਕਿਵੇਂ ਫੋੜ ਸਕਦੇ ਹਾਂ॥
ਸੋ ਮਨਮਤੋ ਮੇਰੀਏ ਭੈਣੇ ਗੁਰਮਤਿ ਦੀ ਇਕ ਗੱਲ ਹਮੇਸ਼ਾ ਯਾਦ ਰੱਖੀ ਕੇ..
ਧਰਮੁ ਧੀਰਾ ਕਲਿ ਅੰਦਰੇ ਇਹੁ ਪਾਪੀ ਮੂਲਿ ਨ ਤਗੈ ॥ 
ਅਹਿ ਕਰੁ ਕਰੇ ਸੁ ਅਹਿ ਕਰੁ ਪਾਏ ਇਕ ਘੜੀ ਮੁਹਤੁ ਨ ਲਗੈ ॥ 
ਇਥੇ ਤਾ ਜੈਸੇ ਨੂੰ ਤੈਸਾ ਹੈ॥ਇਥੇ ਉਹ ਹੀ ਉਗਦਾ ਹੈ ਜੋ ਕਰਮ ਖੇਤਰ ਵਿਚ ਬੀਜਿਆ ਹੋਵੇ॥
ਜੋ ਜੀਇ ਹੋਇ ਸੁ ਉਗਵੈ ਮੁਹ ਕਾ ਕਹਿਆ ਵਾਉ ॥ 
ਬੀਜੇ ਬਿਖੁ ਮੰਗੈ ਅੰਮ੍ਰਿਤੁ ਵੇਖਹੁ ਏਹੁ ਨਿਆਉ ॥
ਸੋ ਆ ਭੈਣੇ ਮਨਮਤੋ ਗੁਰੂ ਦਾ ਕਿਹਾ ਦੋਵੇ ਭੈਣਾਂ ਰਲ ਕੇ ਗਾਈਐ ਤੇ ਵਿਚਾਰੀਏ॥
ਸਤਿਗੁਰੁ ਧਰਤੀ ਧਰਮ ਹੈ ਤਿਸੁ ਵਿਚਿ ਜੇਹਾ ਕੋ ਬੀਜੇ ਤੇਹਾ ਫਲੁ ਪਾਏ ॥ ਗੁਰਸਿਖੀ ਅੰਮ੍ਰਿਤੁ ਬੀਜਿਆ ਤਿਨ ਅੰਮ੍ਰਿਤ ਫਲੁ ਹਰਿ ਪਾਏ ॥ ਓਨਾ ਹਲਤਿ ਪਲਤਿ ਮੁਖ ਉਜਲੇ ਓਇ ਹਰਿ ਦਰਗਹ ਸਚੀ ਪੈਨਾਏ ॥ ਇਕਨ੍ਹ੍ਹਾ ਅੰਦਰਿ ਖੋਟੁ ਨਿਤ ਖੋਟੁ ਕਮਾਵਹਿ ਓਹੁ ਜੇਹਾ ਬੀਜੇ ਤੇਹਾ ਫਲੁ ਖਾਏ ॥ ਜਾ ਸਤਿਗੁਰੁ ਸਰਾਫੁ ਨਦਰਿ ਕਰਿ ਦੇਖੈ ਸੁਆਵਗੀਰ ਸਭਿ ਉਘੜਿ ਆਏ ॥ ਓਇ ਜੇਹਾ ਚਿਤਵਹਿ ਨਿਤ ਤੇਹਾ ਪਾਇਨਿ ਓਇ ਤੇਹੋ ਜੇਹੇ ਦਯਿ ਵਜਾਏ ॥ ਨਾਨਕ ਦੁਹੀ ਸਿਰੀ ਖਸਮੁ ਆਪੇ ਵਰਤੈ ਨਿਤ ਕਰਿ ਕਰਿ ਦੇਖੈ ਚਲਤ ਸਬਾਏ ॥੧॥
ਧੰਨਵਾਦ

ਗੁਰਮਤੋ ਅਤੇ ਮਨਮਤੋ ਦੇ ਕਿੱਸੇ(3)

ਗੁਰਮਤੋ ਅਤੇ ਮਨਮਤੋ ਦੇ ਕਿੱਸੇ
ਗੁਰਮੁਖੋ ਤੇ ਮਨਮੁਖੋ ਦੋਵੇ ਸਹੇਲੀਆ ਸਨ ਪਰ ਸੰਸਕਾਰਾਂ ਕਰਕੇ ਦੋਵੇ ਪੂਰਬ ਪੱਛਮ ਸਨ॥ਪਰ ਇਕ ਦੂਜੇ ਦੀ ਗੱਲ ਸੁਣਨ ਤੇ ਸਹਿਣ ਦਾ ਬੱਲ ਰੱਖਦੀਆਂ ਸਨ॥ਇਕ ਦਿਨ ਮਨਮੁਖੋ ਇਕ ਥਾਲ ਵਿਚ ਦੀਵਾ ਕੁਝ ਫੁੱਲ ਧੂਪ ਆਦਿਕ ਰੱਖੀ ਤੁਰੀ ਜਾਵੇ ਜਦ ਗੁਰਮੁਖੋ ਦੇ ਘਰ ਕੋਲੋਂ ਦੀ ਲੰਘੀ ਤਾ ਆਵਾਜ਼ ਮਾਰ ਆਖਦੀ ,ਸਹੇਲੀਏ ਆਜਾ ਨਦੀ ਦੇ ਘਾਟ ਤੇ ਚਲੀਏ॥ਗੁਰਮੁਖੋ ਸਹੇਲੀ ਦੀ ਆਵਾਜ਼ ਸੁਣਕੇ ਬਾਹਰ ਆਈ ਤਾ ਉਸਦੇ ਹੱਥ ਵਿਚਲੀਆਂ ਰਸਦਾ ਵੇਖ ਨਾਲ ਹੋ ਤੁਰੀ ਅਤੇ ਅੰਦਰੋਂ ਹੀ ਅੰਦਰ ਉਹ ਮਨਮੁਖੋ ਦੀ ਹਾਲਤ ਸਮਝ ਗਈ॥
ਰਾਹ ਵਿਚ ਗੁਰਮੁਖੋ ਨੇ ਮਨਮੁਖੋ ਨੂੰ ਜਾਣ ਬੁਝਕੇ ਪੁੱਛਿਆ ਇਹ ਰਸਦਾ ਕਿਉ ਲਇਆ ਨੇ ਤਾ ਮਨਮੁਖੋ ਬੋਲੀ ਤੈਨੂੰ ਇੰਨਾ ਵੀ ਨਹੀਂ ਪਤਾ ਕੇ ਪਾਣੀ ਵਿਚ ਦੇਵਾ ਬਾਲ ਕੇ ਰੋੜ੍ਹਨ ਨਾਲ ਜਦ ਰੱਬ ਦੀ ਦਰਗਾਹ ਵੱਲ ਬੰਦਾ ਮਰਕੇ ਜਾਂਦਾ ਹੈ ਤਾ ਰਸਤੇ ਵਿਚ ਹਨੇਰਾ ਹੋਂਦਾ ਹੈ ॥
ਗੁਰਮੁਖੋ ਬੋਲੀ ਅੱਛਾ॥ਫਿਰ ਇਹ ਦੀਵਾ ਕੀ ਕਰੋਗਾ॥
ਮਨਮੁਖੋ ਬੋਲੀ ਹੈ ਪਾਗਲ ,ਜੇ ਦੀਵਾ ਅੱਜ ਇਥੇ ਜਗਾਵਾਂ ਗਏ ਤਾ ਅਗੇ ਇਹੀ ਦੀਵਾ ਰਾਹ ਵਿਚ ਰੋਸ਼ਨਾਈ ਕਰੇਗਾ॥
ਗੁਰਮੁਖੋ ਗੱਲ ਸੁਣਕੇ ਚੁੱਪ ਹੋ ਗਈ ਤੇ ਨਾਲ ਤੁਰਨ ਲੱਗ ਪਈ॥
ਘਾਟ ਉਤੇ ਪਹੁੰਚ, ਮਨਮੁਖੋ ਨੇ ਦੀਵਾ ਬਾਲ ਕੇ ਥਾਲ ਵਿਚ ਧਰ ਵਹਾ ਦਿੱਤਾ॥ਕੁਝ ਕੋ ਦੂਰ ਜਾ ਕੇ ਥਾਲ ਹਵਾ ਦੇ ਝੋਕੇ ਨਾਲ ਪਾਣੀ ਵਿਚ ਮੁਦਾ ਹੋ ਗਿਆ ਦੀਵਾ ਬੁਝਕੇ ਡੁੱਬ ਗਿਆ॥
ਗੁਰਮੁਖੋ ਉੱਚੀ ਉੱਚੀ ਹੱਸਣ ਲੱਗੀ ਤੇ ਨਾਲ ਆਖੇ ਕੇ ਤੇਰੇ ਦੀਵਾ ਤਾ ਆ 10 ਕਦਮ ਜਾ ਡੁਬਿਆ ਹੁਣ ਕਿ ਬਣੋ ਤੇਰਾ, ਤੂੰ ਤਾ ਰੱਬ ਦੀ ਦਰਗਾਹ ਵਿਚ ਪਹੁੰਚ ਹੀ ਨਹੀਂ ਪਾਵੇਗੀ॥
ਗੁਰਮੁਖੋ ਰੁਕੀ ਤੇ ਆਖਣ ਲੱਗੀ ਭੈਣ ਆ ਮੈ ਤੈਨੂੰ ਆਪਣੇ ਗੁਰੂ ਦੇ ਗਿਆਨ ਰੂਪੀ ਦੀਵੇ ਬਾਰੇ ਦਸਦੀ ਹਾਂ॥
ਜਿਹ ਮਾਰਗ ਕੇ ਗਨੇ ਜਾਹਿ ਨ ਕੋਸਾ ॥ 
ਹਰਿ ਕਾ ਨਾਮੁ ਊਹਾ ਸੰਗਿ ਤੋਸਾ ॥
ਜਿਹ ਪੈਡੈ ਮਹਾ ਅੰਧ ਗੁਬਾਰਾ ॥ ਹਰਿ ਕਾ ਨਾਮੁ ਸੰਗਿ ਉਜੀਆਰਾ ॥ 
ਭੈਣ ਮਨਮੁਖੋ ਜੇ ਦੀਵਾ ਬਾਲਣਾ ਹੈ ਤਾ ਸਾਹਿਬ ਦੇ ਨਾਮ ਰੂਪੀ ਦੀਵਾ ਬਾਲ॥ਜਿਸਦਾ ਉਜੀਆਰਾ ਹਮੇਸ਼ਾ ਜੀਉ ਨਾਲ ਰਹਿੰਦਾ ਹੈ॥ਇਸ ਨਾਮ ਰੂਪੀ ਦੀਵੇ ਵਿਸ਼ੇਸਤਾ ਹੈ ਕੇ...
ਆਪੇ ਨਦਰਿ ਕਰੇ ਜਾ ਸੋਇ ॥ ਗੁਰਮੁਖਿ ਵਿਰਲਾ ਬੂਝੈ ਕੋਇ ॥ 
ਤਿਤੁ ਘਟਿ ਦੀਵਾ ਨਿਹਚਲੁ ਹੋਇ ॥ '''ਪਾਣੀ ਮਰੈ ਨ ਬੁਝਾਇਆ ਜਾਇ'' ॥ ਐਸਾ ਦੀਵਾ ਨੀਰਿ ਤਰਾਇ ॥੩॥
''ਡੋਲੈ ਵਾਉ ਨ ਵਡਾ ਹੋਇ'' ॥ ਜਾਪੈ ਜਿਉ ਸਿੰਘਾਸਣਿ ਲੋਇ ॥ 
ਖਤ੍ਰੀ ਬ੍ਰਾਹਮਣੁ ਸੂਦੁ ਕਿ ਵੈਸੁ ॥ ਨਿਰਤਿ ਨ ਪਾਈਆ ਗਣੀ ਸਹੰਸ ॥ 
ਐਸਾ ਦੀਵਾ ਬਾਲੇ ਕੋਇ ॥ ਨਾਨਕ ਸੋ ਪਾਰੰਗਤਿ ਹੋਇ ॥
ਤੇਰੇ ਦੀਵੇ ਦੇ. ਵਾਂਗ ਇਹ ਨਾਂਹ ਤਾ ਪਾਣੀ ਦੇ ਬੁਝਾਇਆ ਬੁਝਦਾ ਹੈ ਤੇ ਨਾਂਹ ਹੀ ਹਵਾ ਦੇ ਬੁਝਾਇਆ॥
ਧੰਨਵਾਦ

ਗੁਰਮਤੋ ਅਤੇ ਮਨਮਤੋ ਦੇ ਕਿੱਸੇ(2)

 ਗੁਰਮਤੋ ਅਤੇ ਮਨਮਤੋ ਦੇ ਕਿੱਸੇ
ਸ਼ਾਮ ਦਾ ਵੇਲਾ ਸੀ ਗੁਰਮਤੋ ''ਸੋ ਦਰ'' ਦੇ ਪਾਠ ਤੂੰ ਬਾਅਦ ਅਰਦਾਸ ਕਰਕੇ ਜਿਵੇ ਹੀ ਵਿਹੜੇ ਵਿਚ ਆਈ ਤਾ ਕੀ ਦੇਖਦੀ ਹੈ ਕੇ ਮਨਮਤੋ ਦਬੇ ਪੈਰੀ ਉਸਦੇ ਦਰਾ ਕੋਲੋਂ ਲੰਘ ਰਹੀ ਸੀ॥ਦਰਾ ਵਿਚ ਜਾ ਗੁਰਮਤੋ ਨੇ ਆਵਾਜ਼ ਮਾਰੀ ਭੈਣੇ ਮਨਮਤੋ ਕਿਥੇ ਚਲੇ ਏ॥ ਮਨਮਤੋ ਰੁਕੀ ਤੇ ਚਿਹਰੇ ਉਤੇ ਝੂਠੀ ਜਿਹੀ ਮੁਸਕਾਨ ਲਿਆ ਬੋਲੀ ਘਾਟ ਉਤੇ ਚਲੀ ਹਾਂ॥ਗੁਰਮਤੋ ਬੋਲੀ ਰੁਕ ਜਾ ਭੈਣ ਮੈਨੂੰ ਵੀ ਨਾਲ ਲੈ ਚਲ ਮੈ ਵੀ ਸੈਰ ਕਰ ਆਵਾਂਗੀ॥
ਗਰਮਤੋ ਕੀ ਵੇਖਦੀ ਹੈ ਕੇ ਮਨਮਤੋ ਨੇ ਇਕ ਝੋਲਾ ਮੋਢੇ ਨਾਲ ਟੰਗਿਆ ਹੋਇਆ ਸੀ॥ਦੋਵੇ ਤੁਰਦੀਆ ਤੁਰਦੀਆ ਘਾਟ ਉਤੇ ਆ ਗਈਆ॥ਸ਼ਾਮ ਦਾ ਵੇਲਾ ਸੀ ਠੰਡੀ ਠੰਡੀ ਹਵਾ ਚਲ ਰਹੀ ਸੀ॥ਮਨਮਤੋ ਨੇ ਝੋਲੇ ਵਿੱਚੋ ਥਾਲ ਦੀਵਾ ਧੂਪ ਘੰਟੀ ਚੌਲ ਬਾਹਰ ਕੱਢਿਆ॥ਗੁਰਮਤੋ ਇਕ ਦਮ ਬੋਲੀ ਇਹ ਕੀ ਕਰਨ ਲੱਗੀ, ਮਨਮਤੋ ਨੇ ਜਵਾਬ ਦਿੱਤਾ ਆਰਤੀ ਦਾ ਵੇਲਾ ਹੋ ਗਿਆ,ਮੈ ਤਾ ਆਰਤੀ ਕਰਨ ਆਈ ਸੀ॥ਗੁਰਮਤੋ ਬੋਲੀ ਅੱਛਾ ॥ਮਨਮਤੋ ਨੇ ਕਿਹਾ ਤੂੰ ਵੀ ਕਰ ਲੈ॥ਗੁਰਮਤੋ ਨੇ ਹੋਕਾ ਭਰਦੇ ਕਿਹਾ ਨਹੀਂ ਤੂੰ ਕਰ॥
ਮਨਮਤੋ ਨੇ ਵਿਧੀ ਵਿਧਾਨ ਅਨੁਸਾਰ ਆਰਤੀ ਕੀਤੀ॥ਮਨਮਤੋ ਗੁਰਮਤੋ ਨੂੰ ਬੋਲੀ ਤੂੰ ਕਿਉ ਨਹੀਂ ਆਰਤੀ ਕੀਤੀ॥
ਗੁਰਮਤੋ ਬੋਲੀ ਮਨਮਤੋ ਮੇਰੇ ਇਸਟ ਅਕਾਲ ਪੁਰਖ ਦੀ ਆਰਤੀ ਤਾ ਸਾਰੀ ਕੁਦਰਤ ਕਰ ਰਹੀ ਹੈ॥
ਮਨਮਤੋ ਹੈਰਾਨੀ ਨਾਲ ਬੋਲੀ ਉਹ ਕਿਵੇਂ ਗੁਰਮਤੋ॥ਗੁਰਮਤੋ ਜਵਾਬ ਵਿਚ ਬੋਲੀ...
ਗਗਨਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ॥
ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ ॥੧॥
ਸਾਰਾ ਅਸਮਾਨ ਥਾਲ ਦਾ ਰੂਪ ਹੈ,ਉਸ ਵਿਚ ਸੂਰਜ ਚੰਨ ਦੀਪਕ ਹਨ,ਤਾਰਕਾ ਮੰਡਲ ਮਾਨੋ ਮੋਤੀਆ ਦੀ ਮਾਲ ਹੋਵੇ॥
ਮਲਯ ਪਰਬਤ ਨੂੰ ਹਵਾ ਸੁਗੰਧੀਆ ਲਿਆ ਕੇ ਮਾਨੋ ਚਵਰ ਕਰ ਰਹੀ ਹੋਵੇ ਸਾਰੀ ਬਨਾਸਪਤੀ ਦੀ ਵੰਨ ਸੁਵੰਤਾ ਉਸਦੀ ਆਰਤੀ ਲਈ ਖਿੜੀ ਹੈ॥
ਸੋ ਭੈਣ ਮਨਮਤੋ ਦੇਖ ਇਸ ਆਰਤੀ ਸਾਹਮਣੇ ਤੇਰੀ ਆਰਤੀ ਕਿੰਨੀ ਕੋ ਅਹਿਮੀਅਤ ਰੱਖਦੀ ਹੈ ਤੇ ਤੂੰ ਤਾ ਫਿਰ ਇਕ ਖਾਸ ਦਿਸ਼ਾ ਵਿਚ ਰੱਬ ਮੰਨ ਆਰਤੀ ਕਰ ਰਹੀ ਹੈ॥ਪਰ ਜਿਸ ਦਿਨ ਮਨਮਤੋ ਤੈਨੂੰ ਸਾਹਿਬ ਦੀ ਸਰਬ ਵਿਆਪਕਤਾ ਪਤਾ ਚਲ ਗਈ ਤੂੰ ਖੁਦ ਇਸ ਗੱਲ ਦਾ ਅਹਿਸਾਸ ਕਰੇਗੀ॥ਤਦ ਤੂੰ ਮਨਮਤੋ ਖੁਦ ਆਖੇਗੀ...
ਸਭ ਮਹਿ ਜੋਤਿ ਜੋਤਿ ਹੈ ਸੋਇ ॥ ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ ॥
ਗੁਰ ਸਾਖੀ ਜੋਤਿ ਪਰਗਟੁ ਹੋਇ ॥ ਜੋ ਤਿਸੁ ਭਾਵੈ ਸੁ ਆਰਤੀ ਹੋਇ ॥
ਮਨਮਤੋ ਗੁਰਮਤੋ ਵੱਲ ਇਕ ਆਸ਼ਾਵਾਦੀ ਨਿਗ੍ਹਾ ਨਾਲ ਦੇਖ ਆਖਦੀ ਹੈ ਤੂੰ ਸਹੀ ਆਖਦੀ ਹੈ ਭੈਣੇ ਗੁਰਮਤੋ॥
ਪਰ ਭੈਣੇ ਗੁਰਮਤੋ ਅੱਜ ਕੱਲ ਤਾ ਮੈ tv ਤੇ ਗੁਰਦਵਾਰਿਆ ਵਿਚ ਵੀ ਆਰਤੀ ਹੋਂਦੀ ਵੇਖ ਹੈ॥
ਗੁਰਮਤੋ ਬੋਲੀ ਸਹੀ ਕਿਹਾ ਭੈਣੇ ਸਮੇ ਨਾਲ ਲੋਕਾਂ ਦੀ ਪ੍ਰੈਕਟਿਸ ਵਿਚ ਊਣਤਾਈ ਆ ਗਈ ਹੈ ਪਰ ਮੇਰੀਏ ਭੈਣੇ ਗੁਰੂ ਨਾਨਕ ਦਾ ਸਿਧਾਂਤ ਅੱਜ ਵੀ ਅਡੋਲ ਹੈ ਸਾਨੂੰ ਲੋਕਾਂ ਦੀ ਦੇਖਾ ਦੇਖੀ ਨਾਲੋਂ ਸਿਧੇ ਗੁਰੂ ਨਾਨਕ ਨਾਲ ਸਾਂਝ ਪਾ ਅਸਲ ਸਿਧਾਂਤ ਦੀ ਪਛਾਣ ਕਰਨੀ ਪਵੇਗੀ॥
ਧੰਨਵਾਦ