Sunday, September 25, 2016

ਜਿਤੁ ਦਿਹਾੜੈ ਧਨ ਵਰੀ ਸਾਹੇ ਲਏ ਲਿਖਾਇ ॥

ਸਲੋਕ ਸੇਖ ਫਰੀਦ ਕੇ ੴ ਸਤਿਗੁਰ ਪ੍ਰਸਾਦਿ ॥ 
ਜਿਤੁ ਦਿਹਾੜੈ ਧਨ ਵਰੀ ਸਾਹੇ ਲਏ ਲਿਖਾਇ ॥ ਮਲਕੁ ਜਿ ਕੰਨੀ ਸੁਣੀਦਾ ਮੁਹੁ ਦੇਖਾਲੇ ਆਇ ॥ ਜਿੰਦੁ ਨਿਮਾਣੀ ਕਢੀਐ ਹਡਾ ਕੂ ਕੜਕਾਇ ॥ ਸਾਹੇ ਲਿਖੇ ਨ ਚਲਨੀ ਜਿੰਦੂ ਕੂੰ ਸਮਝਾਇ ॥ ਜਿੰਦੁ ਵਹੁਟੀ ਮਰਣੁ ਵਰੁ ਲੈ ਜਾਸੀ ਪਰਣਾਇ ॥ ਆਪਣ ਹਥੀ ਜੋਲਿ ਕੈ ਕੈ ਗਲਿ ਲਗੈ ਧਾਇ ॥ ਵਾਲਹੁ ਨਿਕੀ ਪੁਰਸਲਾਤ ਕੰਨੀ ਨ ਸੁਣੀ ਆਇ ॥ ਫਰੀਦਾ ਕਿੜੀ ਪਵੰਦੀਈ ਖੜਾ ਨ ਆਪੁ ਮੁਹਾਇ ॥੧॥
ਭਾਵ ਅਰਥ: ਜਿਸ ਦਿਨ ਜੀਵ-ਇਸਤ੍ਰੀ ਨੇ ਮੌਤ-ਲਾੜੇ ਨਾਲ ਵਿਆਹੇ ਜਾਣਾ ਹੈ, (ਮੌਤ ਦਾ) ਉਹ ਦਿਨ ਪਹਿਲਾਂ ਹੀ ਨਿਸ਼ਚਿਤ ਹੈ। ਇਸ ਨਿਸ਼ਚਿਤ ਦਿਨ ਮਲਕ ਉਲ ਮੌਤ, ਜਿਸ ਬਾਰੇ ਹੋਰਾਂ ਦੀ ਮੌਤ ਸਮੇਂ ਸੁਣਿਆ ਜਾਂਦਾ ਹੈ, ਪਰਤੱਖ ਸਾਹਮਣੇ ਆ ਧਮਕਦਾ ਹੈ। ਮੌਤ ਦਾ ਇਹ ਫ਼ਰਿਸ਼ਤਾ, ਸਰੀਰਕ ਰੋਗ-ਦੁੱਖ ਦਿੰਦਾ ਹੋਇਆ, ਜੀਵ-ਆਤਮਾ ਨੂੰ ਸਰੀਰ ਤੋਂ ਜ਼ਬਰਦਸਤੀ ਜੁਦਾ ਕਰਕੇ ਲੈ ਜਾਂਦਾ ਹੈ। ਇਹ ਸੱਚ ਸਮਝ ਲੈਣਾ ਚਾਹੀਦਾ ਹੈ ਕਿ ਮਰਗ ਦਾ ਨੀਯਤ ਸਮਾਂ ਟਾਲਿਆ ਨਹੀਂ ਜਾ ਸਕਦਾ। ਨੀਯਤ ਸਮੇਂ ਮੌਤ ਦਾ ਫ਼ਰਿਸ਼ਤਾ ਰੂਪ ਲਾੜਾ ਜੀਵ-ਆਤਮਾ ਰੂਪੀ ਲਾੜੀ ਨੂੰ ਵਰ ਕੇ ਲੈ ਜਾਵੇ ਗਾ। ਇਸ ਸਦੀਵੀ ਦੁਖਦਾਈ ਵਿਦਾਈ ਉਪਰਾਂਤ ਮ੍ਰਿਤਿਕ ਦੇਹ ਆਤਮਾ ਨੂੰ ਆਪ ਵਿਦਾ ਕਰਕੇ ਕਿਸ ਦਾ ਸਹਾਰਾ ਭਾਲੇ ਗੀ? ਅਰਥਾਤ ਰੂਹ ਤੋਂ ਸੱਖਣਾ ਮਿੱਟੀ ਹੋਇਆ ਨਿਰਜਿੰਦ ਸਰੀਰ ਬੇ-ਆਸਰਾ ਹੋ ਜਾਵੇਗਾ। (ਫਰੀਦ ਜੀ ਆਪਣੇ ਆਪ ਨੂੰ ਸੰਬੋਧਿਤ ਹੋ ਕੇ ਕਹਿੰਦੇ ਹਨ) ਫਰੀਦ! ਤੂੰ ਅਤਿਅੰਤ ਤੇਜ਼ ਧਾਰ, ਵਾਲ ਤੋਂ ਵੀ ਪਤਲੇ ਸਿਰਾਤ ਨਾਮੀ ਪੁਲ ਬਾਰੇ ਨਹੀਂ ਸੁਣਿਆ ਜਿਸ ਉੱਤੇ ਚਲ ਕੇ ਤੂੰ ਵਿਕਾਰਾਂ ਨਾਲ ਸੁਭਰ ਸਾਗਰ ਨੂੰ ਪਾਰ ਕਰਨਾ ਹੈ? ਪੀਰਾਂ-ਪੈਗ਼ੰਬਰਾਂ ਦੀਆਂ ਸੁਚੇਤ ਕਰਦੀਆਂ ਚੇਤਾਵਨੀਆਂ ਦੇ ਬਾਵਜੂਦ ਵੀ ਤੂੰ ਆਪਣੇ ਜੀਵਨ ਦੀ ਦੁਰਲੱਭ ਪੂੰਜੀ (ਸੰਸਾਰਕ ਸੁੱਖਾਂ ਵਿੱਚ ਮਸਤ ਹੋ ਕੇ) ਅਜਾਈਂ ਲੁਟਾਈ ਜਾ ਰਿਹਾ ਹੈਂ॥
ਸੇਖ ਜੀ ਦਾ ਇਹ ਸਲੋਕ ਇਕ ਜਿੰਦੇ ਜੀਈ ਹਲੂਣਾ ਹੈ ਕੋਈ ਮਰਨ ਤੂ ਬਾਅਦ ਦੀ ਦਾਸਤਾਨ ਨਹੀ,ਇਹ ਸਲੋਕ ਮਨੁਖਾ ਦੇਹੀ ਦੀ ਅਨਮੋਲਤਾ ਦੀ ਯਾਦ ਕਰਵਾਂਦਾ ਹੈ ਜਿਵੇ ਮਹਲਾ ਆਖਦੇ ਹਨ '''
ਇਹੁ ਤਨੁ ਵੇਚੀ ਬੈ ਕਰੀ ਜੇ ਕੋ ਲਏ ਵਿਕਾਇ ॥
ਨਾਨਕ ਕੰਮਿ ਨ ਆਵਈ ਜਿਤੁ ਤਨਿ ਨਾਹੀ ਸਚਾ ਨਾਉ ॥

No comments:

Post a Comment