Wednesday, October 5, 2016

ਗੁਰਮਤਿ ਵਿਰੋਧ ਦਾ ਨਹੀਂ ਸੁਧਾਰ ਦਾ ਨਾਮ ਹੈ

ਮਨਮਤੋ ਗੁਰਮਤੋ ਦੋਵੇ ਸ਼ਾਮ ਦੀ ਸੈਰ ਕਰਕੇ ਮੁੜ ਰਹੀਆ ਸਨ॥ਅਚਾਨਕ ਮਨਮਤੋ ਬੋਲੀ ਭੈਣੇ ਗੁਰਮਤੋ ਇਕ ਗੱਲ ਦਸ ਗੁਰਮਤਿ ਸੁਧਾਰ ਕਿਵੇਂ ਕਰਦੀ ਹੈ, ਕੀ ਗੁਰਮਤਿ ਵਿਚ ਸੁਧਾਰ ਦੀ ਨੀਂਹ ਵਿਚਾਰ ਉਤੇ ਟਿਕੀ ਹੈ ਜਾ ਮਾਰ ਕੁੱਟ ਭੰਨ ਤੋੜ ਉਤੇ॥
ਗੁਰਮਤੋ ਬੋਲੀ ਭੈਣੇ ਮਨਮਤੋ ਗੁਰੂ ਨਾਨਕ ਦੇ ਵਿਹੜੇ ਦਾ ਫਲਸਫਾ ਵਿਚਾਰ ਪ੍ਰਧਾਨ ਹੈ॥ਗੁਰਬਾਣੀ ਆਖਦੀ ਹੈ..
ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ ॥ 
ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ ॥
ਗੁਰੂ ਨਾਨਕ ਦੇ ਵਿਹੜੇ ਵਿਚ ਆਇਆ ਦੇ ਭਾਵੇ ਮਤ ਵਿਚ ਮੱਤ ਭੇਦ ਹੋਣ ਫਿਰ ਵੀ ਇਕੱਠੇ ਬਹਿ ਗੱਲ ਕਰਨ ਨੂੰ ਤਰਜੀਵ ਦਿੱਤੀ ਜਾਂਦੀ ਹੈ॥
ਗੁਰੂ ਨਾਨਕ ਦੀਆ ਚਾਰੇ ਉਦਾਸੀਆਂ ਦਾ ਅਧਾਰ ਹੀ ਵਿਚਾਰ ਕਰਨੀ ਸੀ, ਗੁਰੂ ਜੀ ਖੁਦ ਚਲ ਕੇ ਹਰ ਮੱਤ ਦੇ ਲੋਕਾਂ ਕੋਲ ਗਏ॥ਵਿਚਾਰ ਗੋਸਟੀਆ ਨੂੰ ਤਰਜੀਵ ਦੇ ਕੇ ਕਈ ਥਾਈ ਸੁਧਾਰ ਕਰਵਾਇਆ ਪਰ ਕਦੇ ਧਕੇ ਨਾਲ ਆਪਣੇ ਵਿਚਾਰ ਕਿਸੇ ਦੂਜੇ ਉਤੇ ਨਹੀਂ ਧੋਪੈ॥
ਜੇ ਗੁਰੂ ਨਾਨਕ ਜੀ ਦੇ ਵਿਹੜੇ ਵਿੱਚੋ ਆਵਾਜ਼ ਆਈ ਕੇ...
ਕਾਦੀ ਕੂੜੁ ਬੋਲਿ ਮਲੁ ਖਾਇ ॥ 
ਬ੍ਰਾਹਮਣੁ ਨਾਵੈ ਜੀਆ ਘਾਇ ॥ 
ਜੋਗੀ ਜੁਗਤਿ ਨ ਜਾਣੈ ਅੰਧੁ ॥ ਤੀਨੇ ਓਜਾੜੇ ਕਾ ਬੰਧੁ ॥
ਤਾ ਗੁਰੂ ਜੀ ਨੇ ਕੇਵਲ ਵਿਰੋਧ ਕਰਕੇ ਗੱਲ ਨਹੀਂ ਖਤਮ ਕੀਤੀ ਸਗੋਂ ਅਗੇ ਵਿਚਾਰ ਨੂੰ ਤੋਰਦੇ ਆਖਿਆ...
ਜੋਗੀ ਜੋ ਜੁਗਤਿ ਪਛਾਣੈ ॥ ਗੁਰ ਪਰਸਾਦੀ ਏਕੋ ਜਾਣੈ ॥
ਕਾਜੀ ਸੋ ਜੋ ਉਲਟੀ ਕਰੈ ॥ ਗੁਰ ਪਰਸਾਦੀ ਜੀਵਤੁ ਮਰੈ ॥
ਸੋ ਬ੍ਰਾਹਮਣੁ ਜੋ ਬ੍ਰਹਮੁ ਬੀਚਾਰੈ ॥ ਆਪਿ ਤਰੈ ਸਗਲੇ ਕੁਲ ਤਾਰੈ ॥੩॥
ਭੈਣੇ ਮਨਮਤੋ ਇਹ ਮਾਰਗ ਹੈ ਸਿੱਖੀ ਵਿਚ ਸਿਖਿਆ ਦੇਣਦਾ, ਪਹਿਲਾ ਗਲਤੀ ਦਾ ਅਹਿਸਾਸ ਕਰਵਾਉ ਤੇ ਫਿਰ ਗਲਤੀ ਦੇ ਸੁਧਾਰ ਦੀ ਵਿਉਤ ਬੰਦੀ ਕਰਕੇ ਦਿਉ॥
ਪਰ ਦੁਖਾਂਤ ਇਹ ਹੈ ਕੇ ਅੱਜ ਸਾਡੇ ਕਈ ਵੀਰ ਕਿਸੇ ਘਰ ਜਾ ਕਬਰ ਭੰਨ ਆਏ ਕਿਸੇ ਮਨਮਤੀ ਨੂੰ ਫੜ੍ਹ ਸੇਵਾ ਦੇ ਨਾਮ ਹੇਠ ਕੁੱਟ ਦਿੱਤਾ॥
ਭੈਣੇ ਮਨਮਤੋ ਇਹਨਾਂ ਨੂੰ ਕੌਣ ਸਮਝਾਵੇ ਕੇ ਕਬਰ ਤੁਸੀਂ ਢਾਹ ਆਏ ਪਰ ਜਿਹੜੀ ਮਨਮਤ ਦੀ ਕਬਰ ਉਸਦੇ ਅੰਦਰ ਬਣੀ ਹੈ ਉਹ ਬਾਹਰੀ ਹਥਿਆਰਾਂ ਨਾਲ ਕਿਵੇਂ ਤੋੜੋਗੇ, ਕਿਸੇ ਦੀ ਮਨਮਤ ਵੇਖ ਉਸ ਨੂੰ ਤੁਸੀਂ ਕੁੱਟ ਆਏ ਪਰ ਕੁੱਟਣ ਨਾਲ ਕਦੇ ਕੋਈ ਅੰਦਰੋਂ ਸੁਧਰਿਆ॥
ਗੁਰਬਾਣੀ ਤਾ ਬੜ੍ਹੀ ਸਪਸ਼ਟਤਾ ਨਾਲ ਸਮਝਾਉਂਦੀ ਹੈ ਕੇ...
ਜੇ ਇਕੁ ਹੋਇ ਤ ਉਗਵੈ 
ਜੇ ਟੁੱਟ ਕੇ ਜਾ ਕੁੱਟ ਕੇ ਕੋਈ ਬੀਜ ਨਹੀਂ ਉਗ ਸਕਦਾ ਫਿਰ ਕਿਸੇ ਖੁੰਝੇ ਹੋਏ ਜੀਵ ਨੂੰ ਕੁੱਟਣ ਉਪਰੰਤ ਤੁਸੀਂ ਇਹ ਉਮੀਦ ਕਿਥੋਂ ਰੱਖ ਸਕਦੇ ਹੋ ਕੇ ਉਸਦੇ ਅੰਦਰ ਧਰਮ ਪ੍ਰਤੀ ਪ੍ਰੇਮ ਵੱਲ ਬੀਜ ਫੁੱਟ ਪਵੇਗਾ॥
ਗੁਰੂ ਨਾਨਕ ਜੀ ਨੇ ਤਾ ਸਿੱਖ ਨੂੰ ਜਪੁ ਬਾਣੀ ਵਿਚ ਹੀ ਸਮਝਾ ਦਿੱਤਾ ਤੇ ਰੋਜ ਸਮਝਾਉਂਦੇ ਹਨ ਕੇ ਸੁਧਾਰ ਕਿਵੇਂ ਕੀਤਾ ਜਾਂਦਾ ਹੈ..
ਜਤੁ ਪਾਹਾਰਾ ਧੀਰਜੁ ਸੁਨਿਆਰੁ ॥ ਅਹਰਣਿ ਮਤਿ ਵੇਦੁ ਹਥੀਆਰੁ ॥
ਭਉ ਖਲਾ ਅਗਨਿ ਤਪ ਤਾਉ ॥ ਭਾਂਡਾ ਭਾਉ ਅੰਮ੍ਰਿਤੁ ਤਿਤੁ ਢਾਲਿ ॥ 
ਘੜੀਐ ਸਬਦੁ ਸਚੀ ਟਕਸਾਲ ॥
ਆ ਮਨਮਤੋ ਭੈਣੇ ਰਲ ਗੁਰੂ ਅਗੇ ਰੱਜ ਕਰੀਏ ਕੇ ਇਹ ਸੁਧਾਰ ਦੀ ਪ੍ਰਕਿਰਿਆ ਸਾਡੇ ਧੁਰ ਅੰਦਰ ਵੱਸ ਜਾਵੇ...
ਜਿਨ ਕਉ ਨਦਰਿ ਕਰਮੁ ਤਿਨ ਕਾਰ ॥
ਨਾਨਕ ਨਦਰੀ ਨਦਰਿ ਨਿਹਾਲ ॥
ਮਨਮਤੋ ਭੈਣੇ ਇਹ ਯਕੀਨ ਮੰਨ ਕੇ ਗੁਰਮਤਿ ਵਿਰੋਧ ਦਾ ਨਹੀਂ ਸੁਧਾਰ ਦਾ ਨਾਮ ਹੈ॥
ਧੰਨਵਾਦ

No comments:

Post a Comment