Wednesday, November 9, 2016

ਚੰਚਲ ਮੱਤ ਦੇ ਪਾਂਧੀ

ਅੱਜ ਦੇ ਸਲੋਕ ਵਿਚ ਚੰਚਲ ਮੱਤ ਦੇ ਪਾਂਧੀਆ ਦਾ ਜਿਕਰ ਕਰਦੇ ਹੋਏ ਗੁਰੂ ਜੀ ਆਖਦੇ ਹਨ॥
ਮਨਮੁਖ ਚੰਚਲ ਮਤਿ ਹੈ ਅੰਤਰਿ ਬਹੁਤੁ ਚਤੁਰਾਈ ॥
ਮਨ ਦੇ ਪਿੱਛੇ ਲੱਗੇ ਹੋਏ ਜੀਵਾ ਦੀ ਮੱਤ ਵਿਚ ਕਦੇ ਵੀ ਸਹਿਜਤਾ ਨਹੀਂ ਹੋਂਦੀ ਸਗੋਂ ਹਰ ਵੇਲੇ ਮੱਤ ਅੰਦਰ ਚੁਸਤ ਚਲਾਕੀਆਂ ਪ੍ਰਬਲ ਰਹਿੰਦੀਆਂ ਹਨ॥
ਕੀਤਾ ਕਰਤਿਆ ਬਿਰਥਾ ਗਇਆ ਇਕੁ ਤਿਲੁ ਥਾਇ ਨ ਪਾਈ ॥
ਇਹਨਾਂ ਚੁਸਤ ਚਕਾਲੀਆ ਦੀ ਕਾਰਨ ਸਭ ਕੀਤਾ ਕਤਾਇਆ ਵਿਅਰਥ ਚਲਾ ਜਾਂਦਾ ਹੈ॥ ਰਤਾ ਕੋ ਵੀ ਕਿਸੇ ਸੁਚੱਜੇ ਪਾਸੇ ਨਹੀਂ ਲੱਗਦਾ ਹੈ॥
ਪੁੰਨ ਦਾਨੁ ਜੋ ਬੀਜਦੇ ਸਭ ਧਰਮ ਰਾਇ ਕੈ ਜਾਈ ॥ 
ਇਥੋਂ ਤੱਕ ਕੇ ਜੋ ਪੁੰਨ ਦਾਨ ਆਦਿਕ ਵੀ ਚੰਚਲ ਮੱਤ ਨਾਲ ਕੀਤਾ ਜਾਂਦਾ ਹੈ ਉਹ ਵੀ ਲੇਖਾ ਬਣ ਸਾਹਮਣੇ ਆ ਖੜਦਾ ਹੈ ਕਿਉਂਕਿ ਇਸ ਪੁੰਨ ਦਾਨ ਪਿੱਛੇ ਦੀ ਭਾਵਨਾ ਵਿਚ ਮੈ ਮੇਰੀ ਦਾ ਵਿਰਤੀ ਪ੍ਰਬਲ ਹੋਂਦੀ ਹੈ॥
ਇਸਲਈ ਆਸਾ ਕੀ ਵਾਰ ਵਿਚ ਗੁਰੂ ਜੀ ਨੂੰ ਆਖਣਾ ਪਿਆ...
ਸਤੀਆ ਮਨਿ ਸੰਤੋਖੁ ਉਪਜੈ ਦੇਣੈ ਕੈ ਵੀਚਾਰਿ ॥ 
ਦੇ ਦੇ ਮੰਗਹਿ ਸਹਸਾ ਗੂਣਾ ਸੋਭ ਕਰੇ ਸੰਸਾਰੁ ॥
ਬਿਨੁ ਸਤਿਗੁਰੂ ਜਮਕਾਲੁ ਨ ਛੋਡਈ ਦੂਜੈ ਭਾਇ ਖੁਆਈ ॥ 
ਇਹ ਅਟਲ ਸਚਾਈ ਹੈ ਕੇ ਬਿਨ੍ਹਾ ਗੁਰੂ ਦੀ ਮੱਤ ਧਾਰਨ ਕੀਤੀਆਂ ਮਨਮਤ ਕੇਵਲ ਦੂਜੇ ਭਾਉ ਵਿਚ ਫਸਾ ਕਮਾਦਿਕ ਰੂਪੀ ਜੰਮਾ ਦੀ ਜਾਲ ਵਿਚ ਫਸਾ ਰੱਖਦੀ ਹੈ॥
ਜੋਬਨੁ ਜਾਂਦਾ ਨਦਰਿ ਨ ਆਵਈ ਜਰੁ ਪਹੁਚੈ ਮਰਿ ਜਾਈ ॥ 
ਇਹਨਾਂ ਕਮਾਦਿਕ ਰੂਪੀ ਜੰਮਾ ਦੇ ਜਾਲ ਵਿਚ ਫਸਿਆ ਫਸਿਆ ਜੁਆਨੀ ਚਲੇ ਜਾਂਦੀ ਹੈ ਅਤੇ ਬੁਢਾਪਾ ਆ ਪੁੱਜਦਾ ਹੈ ਅਤੇ ਅਖੀਰ ਮਉਤ ਦਾ ਫਿਰਸਤਾ ਆ ਗਲਵਕੜੀ ਪਾਉਂਦਾ ਹੈ॥
ਪੁਤੁ ਕਲਤੁ ਮੋਹੁ ਹੇਤੁ ਹੈ ਅੰਤਿ ਬੇਲੀ ਕੋ ਨ ਸਖਾਈ ॥
ਸਮਝਣ ਵਾਲੀ ਗੱਲ ਤਾ ਇਹ ਹੈ ਕੇ ਧੀਆਂ ਪੁੱਤ ਤੇਰੀ ਘਰਦੀ ਸਭ ਸੰਸਾਰੀ ਮੋਹ ਕਰਕੇ ਤੇਰੇ ਨਾਲ ਜੁੜੇ ਹਨ ਪਰ ਸੱਚ ਤਾ ਇਹ ਹੈ ਕਿਸੇ ਨੇ ਅੰਤ ਸਖਾਈ ਨਹੀਂ ਹੋਣਾ॥
ਸਤਿਗੁਰੁ ਸੇਵੇ ਸੋ ਸੁਖੁ ਪਾਏ ਨਾਉ ਵਸੈ ਮਨਿ ਆਈ ॥
ਸੋ ਭਾਈ ਸਤਿਗੁਰ ਦੇ ਉਪਦੇਸ਼ ਰੂਪੀ ਸਬਦੁ ਦੀ ਵਿਚਾਰ ਦੀ ਸੇਵਾ ਕਰਮ ਖੇਤਰ ਵਿਚ ਕਰ ਅਤੇ ਇੰਜ ਕਰਨ ਨਾਲ ਸਤਿਗੁਰ ਦਾ ਗੁਣਾ ਰੂਪੀ ਨਾਮੁ ਤੇਰੇ ਹਿਰਦੇ ਘਰ ਵਿਚ ਆ ਵਸੇਗਾ॥
ਨਾਨਕ ਸੇ ਵਡੇ ਵਡਭਾਗੀ ਜਿ ਗੁਰਮੁਖਿ ਨਾਮਿ ਸਮਾਈ ॥੧੯॥
ਨਾਨਕ ਤਾ ਇੰਨਾ ਹੀ ਸਮਝਾਉਣਾ ਕਰਦਾ ਹੈ ਕੇ ਜੋ ਗੁਰੂ ਦੇ ਸਨਮੁਖ ਹੋ ਸਾਹਿਬ ਦੇ ਨਾਲ ਸਾਂਝ ਪਾ ਲੈਂਦੇ ਹਨ ਉਹ ਅਸਲ ਵਿਚ ਵੱਡੇ ਭਾਗਾਂ ਵਾਲੇ ਹਨ॥
ਧੰਨਵਾਦ

Tuesday, November 8, 2016

ਉਮਤਿ ਹੈਰਾਣੁ

===((ਉਮਤਿ ਹੈਰਾਣੁ))===
ਗੁਰੂ ਨਾਨਕ ਜੀ ਨੇ ਜੋ ਅੱਜ ਦੀ ਘੜੀ ਫੈਸਲਾ ਕਰਨਾ ਉਸ ਵੇਖ ਲੋਕਾਈ ਹੈਰਾਨ ਹੋਣਾ ਹੈ॥
ਹੋਇਆ ਇੰਝ ਕੇ...
ਸਿਖਾਂ ਪੁਤ੍ਰਾਂ ਘੋਖਿ ਕੈ ਸਭ ਉਮਤਿ ਵੇਖਹੁ ਜਿ ਕਿਓਨੁ ॥
ਸਿੱਖਾਂ ਪੁੱਤਰਾਂ ਦੀ ਗੁਰੂ ਨਾਨਕ ਜੀ ਨੇ ਖੁਦ ਪਰਖ ਕੀਤੀ ਤਾ ਜੋ ਇਨਕਲਾਬ ਅਰੰਭਿਆ ਉਹ ਅਗੇ ਤੁਰ ਸਕੇ..
ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ ॥
ਜੋ ਗੁਰੂ ਨਾਨਕ ਨੇ ਸੱਚ ਦੀ ਨੀਂਹ ਉਤੇ ਸਿੱਖੀ ਦਾ ਮਹਲ ਉਸਾਰੀਆ ਉਸ ਨੂੰ ਅਗੇ ਹੋਰ ਰੋਸ਼ਨ ਕਰਨ ਲਈ ਗੁਰੂ ਨਾਨਕ ਨੇ ਭਾਈ ਲਹਣੇ ਨੂੰ ਆਪਣਾ ਅੰਗ ਦੱਸ ਗੁਰੂ ਅੰਗਦ ਸਾਹਿਬ ਥਾਪ ਦਿੱਤਾ॥
ਸੰਸਾਰ ਸਾਹਮਣੇ ਇਕ ਅਨੋਖਾ ਤੇ ਨਿਰਮਲ ਮਾਡਲ ਪੇਸ਼ ਕਰ ਦਿੱਤਾ॥
ਲਹਣੇ ਦੀ ਫੇਰਾਈਐ ਨਾਨਕਾ ਦੋਹੀ ਖਟੀਐ ॥
ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ ॥ 
ਅੱਜ ਫਿਰ ਦਰਬਾਰ ਲੱਗਿਆ ਕਥਾ ਕੀਰਤਨ ਹੋ ਰਿਹਾ ਹੈ ਪਰ ਅੱਜ ਗੁਰੂ ਅੰਗਦ ਸਾਹਿਬ ਜੀ ਗੁਰਬਾਣੀ ਰਾਹੀਂ ਉਪਦੇਸ਼ ਕਰ ਰਹੇ ਹਨ ਅਤੇ ਬਾਬਾ ਨਾਨਕ ਜੀ ਅੱਜ ਸੰਗਤ ਵਿਚ ਸਿੱਖ ਬਣ ਬੈਠੇ ਹਨ॥
ਹਮਰੀ ਜਾਤਿ ਪਾਤਿ ਗੁਰੁ ਸਤਿਗੁਰੁ ਹਮ ਵੇਚਿਓ ਸਿਰੁ ਗੁਰ ਕੇ ॥ 
ਜਨ ਨਾਨਕ ਨਾਮੁ ਪਰਿਓ ਗੁਰ ਚੇਲਾ ਗੁਰ ਰਾਖਹੁ ਲਾਜ ਜਨ ਕੇ ॥
'''ਗੁਰ ਚੇਲਾ''ਦਾ ਸਿਧਾਂਤ ਪ੍ਰਤੱਖ ਸੰਸਾਰ ਦੇ ਸਾਹਮਣੇ ਲਾਗੂ ਹੋਇਆ ਦਿਸ ਰਿਹਾ ਹੈ॥
ਇਥੇ ਸਮਝਣ ਦੀ ਲੋੜ ਹੈ ਕੇ ਅਸੀਂ ਆਮ ਆਖ ਦਿੰਦੇ ਹਾਂ ਕੇ ਇੰਨੇ ਮਿਤੀ ਨੂੰ ਗੁਰੂ ਨਾਨਕ ਜੋਤੀ ਜੋਤ ਸਮਾਂ ਗਏ ਭਾਵ ਦੇਹ ਤਿਆਗ ਗਏ॥
ਪਰ ਜੇ ਗੁਰਬਾਣੀ ਨੂੰ ਵਿਚਾਰੀਏ '''ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ॥
ਹਾਂ ਗੁਰੂ ਨਾਨਕ ਜੋਤੀ ਜੋਤ ਸਮਾਂ ਗਏ ਪਰ ਇਹ ਜੋਤ ਗੁਰੂ ਅੰਗਦ ਸਾਹਿਬ ਵਿਚ ਸਮਾਈ॥
ਜਦ ਗੁਰੂ ਨਾਨਕ ਨੇ ਸਰੀਰੀ ਚੋਲਾ ਛਡਿਆ ਤਦ ਗੁਰੂ ਪਦ ਗੁਰੂ ਅੰਗਦ ਸਾਹਿਬ ਜੀ ਕੋਲ ਸੀ ਅਤੇ ਐਵੇ ਹੀ ਅਗੇ ਤੁਰ ਦੇ ਹੋਏ ਅੱਜ ਗੁਰੂ ਗਰੰਥ ਸਾਹਿਬ ਜੀ ਕੋਲ ਹੈ॥ਜੋ ਜੋਤ ਭਾਈ ਲਹਣੇ ਜੀ ਨੂੰ ਗੁਰੂ ਨਾਨਕ ਤੂੰ ਮਿਲੇ ਅਤੇ ਫਿਰ ਅਗੇ 8 ਦੇਹ ਚੋ' ਹੋਂਦੀ ਹੋਈ ਅੱਜ ਓਹੀ ਜੋਤ ਗੁਰੂ ਗਰੰਥ ਸਾਹਿਬ ਜੀ ਵਿਚ ਵਿਰਾਜਮਾਨ ਹੈ॥
ਜੋ ਗੁਰੂ ਨਾਨਕ ਜੀ ਨੇ ''ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ '''ਚਲਾਇਆ ਹੈ॥ਕਿਉਂਕਿ ਇਸਦੀ ਨੀਂਹ ਸੱਚ ਹੈ ਇਸਲਈ....
ਨਿਹਚਲੁ ਰਾਜੁ ਸਦਾ ਹਰਿ ਕੇਰਾ ਤਿਸੁ ਬਿਨੁ ਅਵਰੁ ਨ ਕੋਈ ਰਾਮ ॥
ਹੁਣ ਨਿਹਚਲ ਰਾਜ ਤਾ ਉਹ ਹੀ ਰਹਿ ਸਕਦਾ ਹਾਂ ਜੋ..
ਨਾ ਓਹੁ ਮਰੈ ਨ ਹੋਵੈ ਸੋਗੁ ॥ 
ਦੇਦਾ ਰਹੈ ਨ ਚੂਕੈ ਭੋਗੁ ॥ 
ਗੁਣੁ ਏਹੋ ਹੋਰੁ ਨਾਹੀ ਕੋਇ ॥ ਨਾ ਕੋ ਹੋਆ ਨਾ ਕੋ ਹੋਇ ॥
ਜਨਮ ਮਰਨ ਤੂੰ ਪਰੇ ਹੋਏ॥
ਬਸ ਲੋੜ ਹੈ ਗੁਰੂ ਪਦ ਨੂੰ ਸਮਝਣ ਦੀ ਤਾ ਕੇ ਜੋ ਇਕ ਦੇ ਸਿਧਾਂਤ ਨੂੰ ਅਸੀਂ ਦਸਾ ਵਿਚ ਵੰਡ ਦੇਖਦੇ ਹਾਂ ਉਹ ਭਰਮ ਸਾਡਾ ਦੂਰ ਹੋ ਜਾਵੇ॥
ਪਰ ਜੇ ਅਸੀਂ ਗੁਰੂ ਨੂੰ ਕਾਇਆ ਨਾਲ ਜੋੜ ਹੀ ਵੇਖਦੇ ਰਹੇ ਤਾ ਫਿਰ ਇਸ ਬਾਰੇ ਫੈਸਲਾ ਵੀ ਗੁਰੂ ਨਾਨਕ ਜੀ ਨੇ ਹੀ ਕਰਕੇ ਦਿੱਤਾ ਹੈ..
ਨਾਨਕ ਸਚੁ ਧਿਆਇਨਿ ਸਚੁ ॥
ਜੋ ਮਰਿ ਜੰਮੇ ਸੁ ਕਚੁ ਨਿਕਚੁ ॥
ਜੋ ਜੰਮੇ ਮਰੇ ਉਸਦਾ ਰਾਜ ਨਿਹਚਲ ਨਹੀਂ ਹੋ ਸਕਦਾ॥
ਸੋ ਅੰਤ ਵਿਚ ਇਹ ਕਹਿਣਾ ਹਾਂ ਕੇ ਗੁਰੂ ਨਾਨਕ ਜੀ ਅੱਜ ਵੀ ਸਾਡੇ ਕੋਲ ਗੁਰੂ ਗਰੰਥ ਸਾਹਿਬ ਜੀ ਦੇ ਸਰੂਪ ਵਿਚ ਹਾਜ਼ਰ ਨਾਜ਼ਰ ਹਨ॥
ਦੇਹ ਦੇ ਮਰਨ ਨਾਲ ਗੁਰੂ ਮਰੇ ਜਾ ਜੋਤੀ ਜੋਤ ਸਮਾਂ ਜਾਵੇ ਇਹ ਗੁਰਮਤਿ ਦੇ ਵਿਹੜੇ ਦੀ ਮਰਿਯਾਦਾ ਨਹੀਂ ਹੈ॥ਦੇਹ ਤਿਆਗਣ ਵੇਲੇ ਕਿਸੇ ਗੁਰੂ ਸਾਹਿਬਾਨ ਨੇ ਆਪਣੇ ਕੋਲ ਗੁਰੂ ਪਦ ਨਹੀਂ ਰਖਿਆ ਸਗੋਂ ਪਹਿਲਾ ਚੋਣ ਕਰਕੇ ਗੁਰੂ ਪਦ ਅਗੇ ਤੋਰ ਦਿੱਤਾ ਅਤੇ ਦੇਹ ਕੇਵਲ ਇਕ ਸਿੱਖ ਬਣ ਤਿਆਗੀ॥
ਧੰਨਵਾਦ

ਕਮਾਦਿਕ ਤੂੰ ਛੁੱਟਣ ਦੀ ਵਿਧੀ

ਬੀਤੇ ਕੱਲ੍ਹ ਦੀ ਵਿਚਾਰ '''ਕਾਮ ਕ੍ਰੋਧ ਕਾ ਚੋਲੜਾ ਸਭ ਗਲਿ ਆਏ ਪਾਇ''' ਨੂੰ ਅਗੇ ਤੋਰਦੇ ਹੋਏ ਮਹਲਾ 3 ਅੱਜ ਦੇ ਸਲੋਕ ਵਿਚ ਕਮਾਦਿਕ ਤੂੰ ਛੁੱਟਣ ਦੀ ਵਿਧੀ ਦਸਦੇ ਹੋਏ ਆਖਦੇ ਹਨ॥
ਜਿਨ ਕਉ ਕਿਰਪਾ ਧਾਰੀਅਨੁ ਤਿਨਾ ਸਤਿਗੁਰੁ ਮਿਲਿਆ ਆਇ ॥
ਜਿਨ੍ਹਾਂ ਜੀਵ ਦੇ ਕਰਮ ਖੇਤਰ ਉਤੇ ਸਾਹਿਬ ਮਿਹਰ ਭਰੀ ਨਿਗ੍ਹਾ ਪੈਂਦੀ ਹੈ ਤਿਨ੍ਹਾ ਨੂੰ ਸਚੇ ਗੁਰੂ ਦੀ ਸੰਗਤ ਕਰਨ ਦਾ ਸੁਭਾਗ ਹਾਸਿਲ ਹੋ ਜਾਂਦਾ ਹੈ॥
ਸਤਿਗੁਰਿ ਮਿਲੇ ਉਲਟੀ ਭਈ ਮਰਿ ਜੀਵਿਆ ਸਹਜਿ ਸੁਭਾਇ ॥
ਗੁਰੂ ਦੀ ਸੰਗਤ ਵਿਚ ਪੈ ਸਹਿਜ ਹੀ ਮਨਮਤੀ ਹੋਏ ਮਨ ਵਿਚ ਬਦਲਾਵ ਆ ਜਾਂਦਾ ਹੈ, ਵਿਕਾਰਾਂ ਵਾਲੇ ਪਾਸਿਉ ਮਨ ਕਿਨਾਰਾ ਕਰ ਲੈਂਦਾ ਹੈ ਅਤੇ ਗੁਰੂ ਦੀ ਸੰਗਤ ਕਰ ਗੁਰਮਤਿ ਦੇ ਖੇਤਰ ਵਿਚ ਨਵਾਂ ਜਨਮ ਲੈ ਲੈਂਦਾ ਹੈ॥
ਭਾਵ ਜੋ ਕੱਲ ਦੇ ਸਲੋਕ ਵਿਚ '''ਕਾਮ ਕ੍ਰੋਧ ਕਾ ਚੋਲੜਾ ਸਭ ਗਲਿ ਆਏ ਪਾਇ'''ਆਇਆ,ਅੱਜ  ਉਸਦੇ ਬਦਲਵੇ ਰੂਪ ਬਾਰੇ ਗੁਰੂ ਜੀ ਨ ਕਹਿਣਾ ਪਿਆ ॥
ਜਿਨ ਕੇ ਚੋਲੇ ਰਤੜੇ ਪਿਆਰੇ ਕੰਤੁ ਤਿਨਾ ਕੈ ਪਾਸਿ ॥
ਧੂੜਿ ਤਿਨਾ ਕੀ ਜੇ ਮਿਲੈ ਜੀ ਕਹੁ ਨਾਨਕ ਕੀ ਅਰਦਾਸਿ ॥
ਜਿਵੇ ਹੀ ''ਸਤਿਗੁਰਿ ਮਿਲੇ ਉਲਟੀ ਭਈ''ਸਾਰੀ ਖੇਲ ਹੀ ਬਦਲ ਗਈ॥
ਨਾਨਕ ਭਗਤੀ ਰਤਿਆ ਹਰਿ ਹਰਿ ਨਾਮਿ ਸਮਾਇ ॥੧੮॥ 
ਨਾਨਕ ਤਾ ਇਹ ਹੀ ਸਮਝਾਣਾ ਕਰਦਾ ਹੈ ਕੇ ਸਚੇ ਗੁਰੂ ਵਲੋਂ ਦਸੇ ਉਪਦੇਸ਼ਾ ਨੂੰ ਕਮਾਉਂਦੀਆਂ ਹੋਇਆ ਸਾਹਿਬ ਵਿਚ ਇਕਮਿਕ ਹੋਇਆ ਜਾਂਦਾ ਹੈ॥
ਧੰਨਵਾਦ

Monday, November 7, 2016

ਜੁਗਾਂ ਬਾਰੇ ਗੁਰਮਤ ਦਾ ਨਜਰੀਆ॥

ਅਕਸਰ ਆਲੇ ਦੁਆਲੇ ਜਾ ਆਪਣੀ ਨਿੱਜੀ ਜਿੰਦਗੀ ਵਿਚ ਇਕ ਗੱਲ ਸਭ ਨੇ ਮਹਿਸੂਸ ਕੀਤੀ ਹੋਵੇਗੀ ਜਦ ਕਿਸੇ ਪਰਵਾਰ ਦਾ ਕੋਈ ਸਿਆਣਾ ਮੈਬਰ ਘਰ ਆਉਂਦਾ ਹੈ ਤਾਂ ਘਰ ਦਾ ਮਾਹੌਲ ਖੁਸ਼ ਨੁਮਾ ਹੋਇਆ ਦਿਖਦਾ ਸੁਣਦਾ ਹੈ ਪਰ ਇਸ ਦੇ ਉਲਟ ਜੇ ਕੋਈ ਵਿਗੜੀ ਔਲਾਦ ਜਾ ਕੋਈ ਹੋਰ ਘਰ ਦਾ ਵਿਖੜਿਆ ਮੈਬਰ ਘਰ ਆਵੇ ਤਾਂ ਕਲੇਸ ਦਾ ਚੀਕ ਚਿਹਾੜਾ ਆਮ ਦਿਖਦਾ ਸੁਣਦਾ ਹੈ ॥ਹੁਣ ਨੋਟ ਕਰੋ ਘਰ ਉਹ ਹੀ ਹੈ ਪਰ ਦੋ ਵੱਖਰੇ ਵੱਖਰੇ ਸੁਭਾਵਾਂ ਦੇ ਮਾਲਿਕ ਸਖਸ਼ਾ ਕਰਕੇ ਮਾਹੌਲ ਬਿਲਕੁਲ ਬਿਪਰੀਤ ਹੋ ਜਾਂਦਾ ਹੈ ॥
ਬਸ ਇਹ ਹੀ ਤੱਥ ਨੂੰ ਗੁਰਮਤ ਵਿਚ ਜੁਗਾਂ ਨੂੰ ਸਮਝਾਉਣ ਲਈ ਵਰਤਿਆ ਗਿਆ ਹੈ॥ਆਉ ਵਿਚਾਰਦੇ ਹਾਂ ਵੱਖ ਵੱਖ ਜੁਗਾਂ ਬਾਰੇ ਗੁਰਮਤ ਦਾ ਨਜਰੀਆ॥
ਸਲੋਕੁ ਮਃ ੧ ॥ ਨਾਨਕ ਮੇਰੁ ਸਰੀਰ ਕਾ ਇਕੁ ਰਥੁ ਇਕੁ ਰਥਵਾਹੁ ॥
ਮਹਲਾ ੧ ਸੰਬੋਧਨ ਕਰਦੇ ਹੋਏ ਆਖਦੇ ਹਨ ਹੇ ਨਾਨਕ ਇਹ ਜੋ ਵੱਡ ਮੁੱਲਾ ਮਨੁਖਾ ਸਰੀਰ ਮਿਲੀਆ ਹੈ ਇਸਦਾ ਇਕ ਰਥ ਹੈ ਤੇ ਉਸ ਰਥ ਨੂ ਚਲਾਉਣ ਵਾਲਾ ਇਕ ਰਥਵਾਹ ਹੈ॥ਭਾਵ ਕੇ ਜੀਵ ਅੰਦਰ ਵਰਤ ਦੀ ਮਤ ਇਕ ਰਥ ਹੈ ਤੇ ਜਿਸ ਸਿਖਿਆ ਅਧੀਨ ਇਹ ਮਤ ਜੀਵਨ ਵਿਚ ਵਿਚਰੇ ਓਹ ਰਥਵਾਹ ਹੈ॥
ਜੁਗੁ ਜੁਗੁ ਫੇਰਿ ਵਟਾਈਅਹਿ ਗਿਆਨੀ ਬੁਝਹਿ ਤਾਹਿ॥
ਸਮੇ ਸਮੇ ਦੇ ਨਾਲ ਨਾਲ ਜਿਵੇ ਜਿਵੇ ਰਥ ਵਾਹ(ਸਿਖਿਆ) ਬਦਲ ਦਾ ਹੈ ਤਿਵੈ ਤਿਵੈ ਰਥ (ਮਤ )ਬਦਲਦੀ ਹੈ,ਇਹ ਭੇਦ ਗਿਆਨ ਵਾਨ ਬੁਝ ਸਕਦਾ ਹੈ॥
ਹੁਣ ਅਗੇ ਗੁਰੂ ਜੀ ਸਮਝਾਂਦੇ ਹਨ ਕੇ ਕਿਵੇ ਸੁਭਾਅ ਬਦਲਣ ਨਾਲ ਜੀਵ ਦੇ ਜੀਵਨ ਦੇ ਜੁਗ ਬਦਲਦੇ ਹਨ॥
ਸਤਜੁਗਿ ਰਥੁ ਸੰਤੋਖ ਕਾ ਧਰਮੁ ਅਗੈ ਰਥਵਾਹੁ ॥
ਗੁਰਮਤ ਅਨੁਸਾਰ ਸਤ ਜੁਗ ਉਸ ਵੇਲੇ ਹੋਂਦਾ ਜਦ ਜੀਵ ਦੀ ਮਤ ਰੂਪੀ ਰਥ ਸੰਤੋਖ ਹੋਵੇ ਤਦ ਧਰਮ ਅਗੇ ਰਥਵਾਹ ਰੂਪ ਵਿਚ ਅਗਵਾਹੀ ਕਰਦਾ ਹੈ॥
ਤ੍ਰੇਤੈ ਰਥੁ ਜਤੈ ਕਾ ਜੋਰੁ ਅਗੈ ਰਥਵਾਹੁ ॥
ਗੁਰਮਤ ਅਨੁਸਾਰ ਤ੍ਰੇਤੈ ਜੁਗ ਉਸ ਵੇਲੇ ਹੋਂਦਾ ਹੈ ਜਦ ਜੀਵ ਦਾ ਮਤ ਰੂਪੀ ਰਥ ਜਤ ਦਾ ਹੋਵੇ ਤਦ ਜੋਰ ਅਗੇ ਰਥਵਾਹ ਰੂਪ ਵਿਚ ਅਗਵਾਹੀ ਕਰਦਾ ਹੈ॥
ਦੁਆਪੁਰਿ ਰਥੁ ਤਪੈ ਕਾ ਸਤੁ ਅਗੈ ਰਥਵਾਹੁ ॥
ਗੁਰਮਤ ਅਨੁਸਾਰ ਦੁਆਪੁਰਿ ਜੁਗ ਉਸ ਵੇਲੇ ਹੋਂਦਾ ਹੈ ਜਦ ਜੀਵ ਦਾ ਮਤ ਰੂਪੀ ਰਥ ਤਪ(ਘਾਲਣਾ) ਦਾ ਹੋਵੇ ਤਦ ਸਤ ਅਗੇ ਰਥਵਾਹ ਰੂਪ ਵਿਚ ਅਗਵਾਹੀ ਕਰਦਾ ਹੈ॥
ਕਲਜੁਗਿ ਰਥੁ ਅਗਨਿ ਕਾ ਕੂੜੁ ਅਗੈ ਰਥਵਾਹੁ ॥੧॥ {ਪੰਨਾ 470}
ਗੁਰਮਤ ਅਨੁਸਾਰ ਕਲਜੁਗ ਉਸ ਵੇਲੇ ਹੋਂਦਾ ਹੈ ਜਦ ਜੀਵ ਦਾ ਮਤ ਰੂਪੀ ਰਥ ਅਗਨ(ਕਾਮ ਕ੍ਰੋਧ ਲੋਬ ਮੋਹ ਅੰਹਕਾਰ)ਦਾ ਹੋਵੇ ਤਦ ਕੂੜ ਅਗੇ ਰਥਵਾਹ ਰੂਪ ਵਿਚ ਅਗਵਾਹੀ ਕਰਦਾ ਹੈ॥
ਗੁਰਮਤ ਵਿਚ ਜੁਗ ਕੋਈ ਹਜ਼ਾਰਾਂ ਲਖਾ ਸਾਲਾ ਬਾਅਦ ਨਹੀ ਬਦਲਦੇ ਹਨ ਸਗੋ ਜਿਵੇ ਹੀ ਬੁਧ ਬਦਲਦੀ ਹੈ ਸਿਧ ਪਾ ਲਈ ਜਾਂਦੀ ਹੈ ਭਾਵ ਸਭਾਅ ਬਦਲ ਜਾਂਦਾ॥
ਜਬ ਬੁਧਿ ਹੋਤੀ ਤਬ ਬਲੁ ਕੈਸਾ ਅਬ ਬੁਧਿ ਬਲੁ ਨ ਖਟਾਈ ॥ 
ਕਹਿ ਕਬੀਰ ਬੁਧਿ ਹਰਿ ਲਈ ਮੇਰੀ ਬੁਧਿ ਬਦਲੀ ਸਿਧਿ ਪਾਈ ॥
ਅਸੀਂ ਆਪਣੇ ਸੁਭਾਅ ਕਰਕੇ ਪਤਾ ਨਹੀ ਕਿੰਨੀ ਵਾਰ ਇਕ ਦਿਨ ਵਿਚ ਜੁਗ ਬਦਲਦੇ ਹਾ॥
ਧੰਨਵਾਦ

ਕਾਮ ਕ੍ਰੋਧ ਕਾ ਚੋਲੜਾ ਸਭ ਗਲਿ ਆਏ ਪਾਇ ॥

ਅੱਜ ਦੇ ਸਲੋਕ ਵਿਚ ਗੁਰੂ ਜੀ ਮਾਇਆ ਦੀ ਜਕੜ ਬਾਰੇ ਸਮਝਾਣਾ ਕਰਦੇ ਹੋਏ ਆਖਦੇ ਹਨ॥
ਕਾਮ ਕ੍ਰੋਧ ਕਾ ਚੋਲੜਾ ਸਭ ਗਲਿ ਆਏ ਪਾਇ ॥
ਕਮਾਦਿਕ ਦਾ ਜਾਲ ਰੂਪੀ ਚੋਲਾ ਸਾਰੇ ਪਸਾਰੇ ਦੇ ਨਾਲ ਖੜਾ ਮਿਲਦਾ ਹੈ॥
ਇਸਲਈ ਗੱਲ ਨੂੰ ਮੁਖ ਆਸਾ ਕੀ ਵਾਰ ਵਿਚ ਗੁਰੂ ਜੀ ਨੇ ਇਕ ਪੂਰਾ ਸਲੋਕ ਦਰਜ ਕੀਤਾ ਹੈ ਕੇ..
ਹਉ ਵਿਚਿ ਆਇਆ ਹਉ ਵਿਚਿ ਗਇਆ ॥
ਹਉ ਵਿਚਿ ਜੰਮਿਆ ਹਉ ਵਿਚਿ ਮੁਆ ॥(466)
ਇਕਿ ਉਪਜਹਿ ਇਕਿ ਬਿਨਸਿ ਜਾਂਹਿ ਹੁਕਮੇ ਆਵੈ ਜਾਇ ॥
ਸਮਝਣ ਵਾਲੀ ਗੱਲ ਹੈ ਕੇ ਸਾਹਿਬ ਦੇ ਹੁਕਮ ਵਿਚ ਹੀ ਕੀਤੇ ਜਨਮ ਹੋ ਰਿਹਾ ਹੈ ਅਤੇ ਕੀਤੇ ਵਿਨਾਸ਼ ਹੋ ਰਿਹਾ ਹੈ॥
ਜੰਮਣੁ ਮਰਣੁ ਨ ਚੁਕਈ ਰੰਗੁ ਲਗਾ ਦੂਜੈ ਭਾਇ ॥
ਜਦ ਤੱਕ ਕਮਾਦਿਕ ਨਾਲ ਸਾਂਝ ਕਰਕੇ ਦੂਜੇ ਭਾਉ ਦਾ ਪ੍ਰਭਾਵ ਜੀਵ ਆਤਮਾ ਉਤੇ ਰਹੇਗਾ, ਤਦ ਤੱਕ ਜੀਵ ਆਤਮਾ(ਰਾਮੁ ਕੀ ਅੰਸ਼ )ਆਪਣੇ ਕੰਤ ਕਰਤਾਰ ਤੂੰ ਵਿਛੜੀ ਭਟਕਦੀ ਰਹੇਗੀ ॥
ਬੰਧਨਿ ਬੰਧਿ ਭਵਾਈਅਨੁ ਕਰਣਾ ਕਛੂ ਨ ਜਾਇ ॥੧੭॥
ਸਚਾਈ ਤਾ ਇਹ ਵੀ ਹੈ ਕੇ ਇਹ ਮਾਇਆ ਤਾ ਅਸਲ ਵਿਚ ਪੈਦਾ ਵੀ ਸਾਹਿਬ ਨੇ ਖੁਦ ਕੀਤੀ ਹੈ ਬਿਨ੍ਹਾ ਸਾਹਿਬ ਦੀ ਕਿਰਪਾ ਦੇ ਜੀਵ ਇਸਦੇ ਚੁੰਗਲ ਵਿੱਚੋ ਕਿਵੇਂ ਛੁਟ ਸਕਦਾ ਹੈ॥
(ਅਗਲੇ ਸਲੋਕ ਵਿਚ ਕਮਾਦਿਕ ਚੁੰਗਲ ਵਿੱਚੋ ਕਿਵੇਂ ਛੁਟਿਆ ਜਾਵੇ ਉਸਦੀ ਵਿਧੀ ਗੁਰੂ ਜੀ ਸਮਝਾਉਣਗੇ)
ਧੰਨਵਾਦ

Sunday, November 6, 2016

ਗੁਰਮੁਖਿ ਅੰਤਰਿ ਸਹਜੁ ਹੈ

ਗੁਰਮੁਖ ਜਨਾ ਦੀ ਅਵਸਥਾ ਨੂੰ ਸਮਝਾਉਂਦੇ ਹੋਏ ਗੁਰੂ ਜੀ ਆਖਦੇ ਹਨ॥
ਗੁਰਮੁਖਿ ਅੰਤਰਿ ਸਹਜੁ ਹੈ ਮਨੁ ਚੜਿਆ ਦਸਵੈ ਆਕਾਸਿ ॥
ਗੁਰੂ ਦੇ ਸਨਮੁਖ ਰਹਿਣ ਨਾਲ ਗੁਰਮੁਖ ਜਨਾ ਦੇ ਹਿਰਦੇ ਵਿਚ ਸਹਿਜ ਦਾ ਵਾਸਾ ਹੋ ਜਾਂਦਾ ਹੈ ਉਹਨਾਂ ਦੇ ਮਨ ਵੱਲੋਂ ਧਾਰੀ ਮਤ ਭਾਵ ਗੁਰਮਤਿ ਬਹੁਤ ਉੱਚੀ ਸੁੱਚੀ ਹੋਂਦੀ ਹੈ॥
(ਇਸਲਈ ਅਸੀਂ ਆਖਦੇ ਹਾਂ ਮਨ ਨੀਵਾਂ ਮੱਤ ਉੱਚੀ)
ਤਿਥੈ ਊਂਘ ਨ ਭੁਖ ਹੈ ਹਰਿ ਅੰਮ੍ਰਿਤ ਨਾਮੁ ਸੁਖ ਵਾਸੁ ॥
ਬਸ ਇਸੇ ਧਾਰੀ ਹੋਏ ਗੁਰਮਤਿ ਸਦਕਾ ਨਾਂਹ ਤਾ ਅਗਿਆਨ ਰੂਪੀ ਨੀਂਦ ਨੇੜੇ ਆਉਂਦੀ ਹਾਂ ਤੇ ਨਾਂਹ ਹੀ ਪਦਾਰਥੀ ਭੁੱਖ ਨਜਦੀਕ ਆਉਂਦੀ ਹੈ॥
ਸਾਹਿਬ ਦੇ ਨਾਮੁ ਰੂਪੀ ਅੰਮ੍ਰਿਤ ਪਾਉਣ ਨਾਲ ਜੀਵਨ ਵਿਚ ਸਹਿਜ ਰੂਪੀ ਸੁਖ ਦਾ ਵਾਸਾ ਹੋ ਜਾਂਦਾ ਹੈ॥
ਨਾਨਕ ਦੁਖੁ ਸੁਖੁ ਵਿਆਪਤ ਨਹੀ ਜਿਥੈ ਆਤਮ ਰਾਮ ਪ੍ਰਗਾਸੁ ॥੧੬॥ 
ਨਾਨਕ ਤਾ ਸਮਝਾਉਣਾ ਕਰਦਾ ਹੈ ਜਿਨ੍ਹਾਂ ਹਿਰਦਿਆਂ ਵਿਚ ਘਟ ਘਟ ਵਿਚ ਰਮੇ ਰਾਮ ਦਾ ਗਿਆਨ ਰੂਪੀ ਪ੍ਰਗਾਸ ਹੋ ਜਾਂਦਾ ਹੈ ਫਿਰ ਉਹਨਾਂ ਨੂੰ ਦੁਨਿਆਵੀ ਦੁੱਖ ਸੁਖ ਪੋਹ ਨਹੀਂ ਸਕਦੇ॥
ਉਹ ਆਰਿਆ ਚਰਖੜੀਆ ਹੇਠ ਵੀ ਆਖਦੇ ਹਨ...
ਜੇ ਸੁਖੁ ਦੇਹਿ ਤ ਤੁਝਹਿ ਅਰਾਧੀ ਦੁਖਿ ਭੀ ਤੁਝੈ ਧਿਆਈ ॥੨॥
ਜੇ ਭੁਖ ਦੇਹਿ ਤ ਇਤ ਹੀ ਰਾਜਾ ਦੁਖ ਵਿਚਿ ਸੂਖ ਮਨਾਈ ॥੩॥
ਤਨੁ ਮਨੁ ਕਾਟਿ ਕਾਟਿ ਸਭੁ ਅਰਪੀ ਵਿਚਿ ਅਗਨੀ ਆਪੁ ਜਲਾਈ ॥੪॥
ਧੰਨਵਾਦ

Saturday, November 5, 2016

ਗੁਰ ਕੈ ਸਬਦਿ ਵੀਚਾਰਿ

ਮਹਲਾ 3 ਅੱਜ ਦੇ ਸਲੋਕ ਵਿਚ ਸਮਝਾਉਣਾ ਕਰਦੇ ਹਨ ਕੇ ਸਾਹਿਬ ਦੇ ਗੁਣਾ ਰੂਪੀ ਨਾਮੁ ਦੀ ਵਣਜ ਕਿਵੇਂ ਕੀਤੀ ਜਾਂਦੀ ਹੈ॥
ਗੁਰਮੁਖਾ ਹਰਿ ਧਨੁ ਖਟਿਆ ਗੁਰ ਕੈ ਸਬਦਿ ਵੀਚਾਰਿ ॥
ਗੁਰੂ ਦੀਆ ਸਿਖਿਆਵਾਂ ਦੀ ਵਿਚਾਰ ਨੂੰ ਕਿਰਦਾਰ ਵਿਚ ਲਾਗੂ ਕਰ ਗੁਰਮੁਖ ਜਨਾ ਨੇ ਸਾਹਿਬ ਦੇ ਨਾਮ ਰੂਪੀ ਬੋਹਲ ਦੀ ਪ੍ਰਾਪਤੀ ਕੀਤੀ॥
ਨਾਮੁ ਪਦਾਰਥੁ ਪਾਇਆ ਅਤੁਟ ਭਰੇ ਭੰਡਾਰ ॥
ਜਦ ਗੁਰੂ ਦੀ ਸਿਖਿਆਵਾਂ ਦੀ ਵਿਚਾਰ ਕਿਰਦਾਰ ਵਿਚ ਆ ਜਾਂਦੀ ਹੈ ਤਾ ਗੁਰਮੁਖਾ ਦੀ ਸਾਂਝ ਸਾਹਿਬ ਦੇ ਨਿਹਚਲ ਭੰਡਾਰਾ ਨਾਲ ਪਾ ਜਾਂਦੀ ਹੈ॥
ਹਰਿ ਗੁਣ ਬਾਣੀ ਉਚਰਹਿ ਅੰਤੁ ਨ ਪਾਰਾਵਾਰੁ ॥
ਇਹਨਾਂ ਨਿਹਚਲ ਗੁਣਾ ਦੇ ਭੰਡਾਰਾ ਦੇ ਮਾਲਿਕ ਦੀਆ ਸਿਫਤ ਸਲਾਹਾਂ ਕਰਦੇ ਸਹਿਜ ਹੀ ਸਾਹਿਬ ਦੀ ਅਸੀਮਤਾ ਦਾ ਅਹਿਸਾਸ ਹੋ ਜਾਂਦਾ ਹੈ॥
ਨਾਨਕ ਸਭ ਕਾਰਣ ਕਰਤਾ ਕਰੈ ਵੇਖੈ ਸਿਰਜਨਹਾਰੁ ॥੧੫॥
ਨਾਨਕ ਤਾ ਸਮਝਾਉਦਾ ਹੋਇਆ ਆਖਦਾ ਹੈ ਕੇ ਸਾਹਿਬ ਨਾਲ ਸਾਂਝ ਦੀ ਬਖਸੀਸ ਵੀ ਗੁਰੂ ਰੂਪ ਵਿਚ ਸਾਹਿਬ ਹੀ ਦਿੰਦਾ ਹੈ ਅਤੇ ਖੁਦ ਹੀ ਕਰਮਖੇਤਰ ਉਤੇ ਨਿਗ੍ਹਾ ਰੱਖਦਾ ਹੈ॥
ਧੰਨਵਾਦ