Sunday, October 9, 2016

ਲਾਵਾ ਦੀ ਵਿਚਾਰ(1)

ਗੁਰਮਤੋ ਤੇ ਮਨਮਤੋ ਚਉਬਾਰੇ ਉਤੇ ਖੜ੍ਹੀਆਂ ਪਿੰਡ ਵਿਚ ਆਈ ਬਰਾਤ ਵੇਖ ਰਹੀਆ ਸਨ॥ਮਨਮਤੋ ਬੋਲੀ ਭੈਣੇ ਗੁਰਮਤੋ ਇਹ ਬਰਾਤ ਤਾ ਬੜ੍ਹੀ ਸੁਵਖਤੇ ਆ ਗਈ॥
ਹਾਂ ਮਨਮਤੋ ਇਹ ਗੁਰਮੁਖ ਪਰਵਾਰ ਸਨ ਜਿਨ੍ਹਾਂ ਪੈਲਿਸ ਵਿਚ ਜਾਣ ਦੀ ਥਾਂ ਪਿੰਡ ਦੇ ਗੁਰਦਵਾਰੇ ਵਿਚ ਪਹੁੰਚ ਅੰਨਦ -ਕਾਰਜ ਕਰਵਾਉਣ ਨੂੰ ਤਵੱਜੋ ਦਿੱਤੀ॥ਪਹਿਲਾ ਆਸਾ ਕੀ ਵਾਰ ਦਾ ਕੀਰਤਨ ਫਿਰ ਲਾਵਾ ਦੀ ਰਸਮ ਗੁਰਮਤਿ ਅਨੁਸਾਰ ਹੋਵੇਗੀ, ਬਾਅਦ ਵਿਚ ਲੰਗਰ ਦਾ ਪ੍ਰਬੰਧਨ ਵੀ ਗੁਰਦਵਾਰੇ ਹੀ ਕੀਤਾ ਗਿਆ॥
ਮਨਮਤੋ ਬੋਲੀ ਫਿਰ ਤਾ ਕਿੰਨਾ ਬੇਫਜ਼ੂਲ ਖਰਚਾ ਬਚਾ ਲਿਆ॥ਭੈਣੇ ਗੁਰਮਤੋ ਮੈਨੂੰ ਕਦੇ ਲਾਵਾ ਬਾਰੇ ਖੋਲ ਕੇ ਸਮਝਣਾ ਕਰਨਾ॥ਗੁਰਮਤੋ ਬੋਲੀ ਭੈਣੇ ਆਪ ਇੱਦਾ ਕਰਦਿਆਂ ਹਾਂ ਕੇ ਰੋਜ ਦੀ ਇਕ ਲਾਵਾ ਵਿਚਾਰਿਆ ਕਰਾਂਗੀਆਂ॥ਅੱਜ ਪਹਿਲੀ ਲਾਵਾ ਨੂੰ ਸਮਝਣ ਲਈ ਪਹਿਲਾ ਇਕ ਸਵਾਲ ਆਪਣੇ ਮਨ ਵਿਚ ਤਾਂਘ ਵਜੋਂ ਖੜਾ ਕਰਦੀਆ ਹਾਂ ਕੇ..
ਜਾਇ ਪੁਛਹੁ ਸੋਹਾਗਣੀ ਤੁਸੀ ਰਾਵਿਆ ਕਿਨੀ ਗੁਣੀ??
ਹੁਣ ਆ ਭੈਣੇ ਇਸ ਸਵਾਲ ਨੂ ਰਲ ਮਿਲ ਕੇ ਲਾਵਾ ਦੀ ਵਿਚਾਰ ਰਾਹੀ ਬੁਝਣ ਦੀ ਕੋਸਿਸ ਕਰਦੇ ਹਾ...
===>ਸੂਹੀ ਮਹਲਾ ੪<==== 
ਹਰਿ ਪਹਿਲੜੀ ਲਾਵ ਪਰਵਿਰਤੀ ਕਰਮ ਦ੍ਰਿੜਾਇਆ ਬਲਿ ਰਾਮ ਜੀਉ ॥
ਹੇ ਮੇਰੇ ਕੰਤ ਕਰਤਾਰ! ਮੈ(ਜੀਵ ਇਸਤਰੀ) ਤੇਰੇ ਤੂ ਬਲਿਹਾਰ ਜਾਂਦੀ ਹਾ, ਮਿਲਾਪ ਦੀ ਰਾਹ ਉਤੇ ਤੇਰੀ ਕਿਰਪਾ ਸਦਕਾ ਮੇਰਾ ਕਰਮ ਖੇਤਰ ਨਿਵਰਤੀ ਮਾਰਗ ਨੂ ਛਡ ਪਰਵਿਰਤੀ ਮਾਰਗ ਉਤੇ ਆ ਗਿਆ ਹੈ ਭਾਵ ਹੁਣ ਜੀਵਨ ਭਟਕਨਾ ਰੂਪੀ ਮਾਰਗ ਨੂ ਤਿਆਗ ਸਚੇ ਸਾਹਿਬ ਦੀ ਬੰਦਗੀ ਦੇ ਰਾਹ ਪੈ ਗਿਆ ਹੈ॥
ਬਾਣੀ ਬ੍ਰਹਮਾ ਵੇਦੁ ਧਰਮੁ ਦ੍ਰਿੜਹੁ ਪਾਪ ਤਜਾਇਆ ਬਲਿ ਰਾਮ ਜੀਉ ॥
ਕਰਮ ਖੇਤਰ ਵਿਚ ਆਇਆ ਇਹ ਬਦਲਾਵ ਇਸ ਲਈ ਸੰਭਵ ਹੋਇਆ ਕਿਓਕੇ ਧੁਰ ਦੀ ਬਾਣੀ ਨੂ ਆਪਣਾ ਬਰਮਾ ਵੇਦ ਆਦਿਕ ਮੰਨ ਕੇ ਸਚ ਰੂਪੀ ਅਸਲ ਧਰਮ ਉਤੇ ਪਹਰਾ ਦੇਣਾ ਸੁਰੂ ਕੀਤਾ,((ਭਾਵ ਗੁਰਬਾਣੀ ਅਭਿਆਸ ਕੀਤਾ)) ਜਿਸਦੇ ਫਲਸਰੂਪ ਕਰਮ ਖੇਤਰ ਵਿਚੋ ਪਾਪ ਰੂਪੀ ਅਗਿਆਨਤਾ ਦਾ ਹਨੇਰਾ ਖਤਮ ਹੋ ਗਿਆ, ਮੇਰੇ ਕੰਤ ਕਰਤਾਰ ਇਹ ਤੇਰੀ ਕਿਰਪਾ ਸਦਕਾ ਹੋਇਆ ਇਸ ਲਈ ਮੈ(ਜੀਵ ਇਸਤਰੀ) ਤੇਰੇ ਤੂ ਬਲਿਹਾਰ ਜਾਂਦੀ ਹਾ॥
ਧਰਮੁ ਦ੍ਰਿੜਹੁ ਹਰਿ ਨਾਮੁ ਧਿਆਵਹੁ ਸਿਮ੍ਰਿਤਿ ਨਾਮੁ ਦ੍ਰਿੜਾਇਆ ॥
ਸਚ ਰੂਪੀ ਧਰਮੁ ਉਤੇ ਪਹਰਾ ਦਿੰਦੇ ਹੋਏ ਗੁਰਬਾਣੀ ਅਭਿਆਸ ਕੀਤਾ ਜਾਵੇ ਤੇ ਗੁਰਬਾਣੀ ਅਭਿਆਸ ਰਾਹੀ ਪ੍ਰਾਪਤ ਉਪਦੇਸ਼ ਨੂ ਕਰਮ ਖੇਤਰ ਵਿਚ ਨਾਮੁ(ਗੁਣ) ਦੇ ਰੂਪ ਵਿਚ ਅਪਣਾਇਆ ਜਾਵੇ ,ਇਹ ਹੀ ਜੀਵ ਇਸਤਰੀ ਲਈ ਕੰਤ ਕਰਤਾਰ ਦੀ ਉਪਦੇਸ਼ ਰੂਪੀ ਸਿਮ੍ਰਿਤਿੀ ਹੈ॥
ਸਤਿਗੁਰੁ ਗੁਰੁ ਪੂਰਾ ਆਰਾਧਹੁ ਸਭਿ ਕਿਲਵਿਖ ਪਾਪ ਗਵਾਇਆ ॥
ਕੰਤ ਕਰਤਾਰ ਦਾ ਉਪਦੇਸ਼ ਮੰਨਦੇ ਹੋਏ ਸਚੇ ਪੂਰੇ ਗੁਰੂ ਦੇ ਉਪਦੇਸ਼ ਰੂਪੀ ਗੁਰਬਾਣੀ ਨੂ ਹਰ ਪਲ ਗਾਵਉ ਜਿਸ ਦੇ ਫਲਸਰੂਪ ਕਰਮ ਖੇਤਰ ਵਿਚਲੀ ਸਾਰੀ ਅਗਿਆਨਤਾ ਖਤਮ ਹੋ ਜਾਵੇਗੀ॥
ਸਹਜ ਅਨੰਦੁ ਹੋਆ ਵਡਭਾਗੀ ਮਨਿ ਹਰਿ ਹਰਿ ਮੀਠਾ ਲਾਇਆ ॥
ਗੁਰਬਾਣੀ ਪੜਦੇ ਸੁਣਦੇ ਵੱਡੇ ਭਾਗਾ ਨਾਲ ਜੀਵਨ ਵਿਚ ਸਹਿਜ ਰੂਪੀ ਅਨੰਦੁ ਆ ਜਾਵੇਗਾ ਤੇ ਸਾਹਿਬ ਦੇ ਗੁਣ ਮਨ ਨੂ ਸੁਚਜੇ ਲਗਣ ਲੱਗ ਪੈਣਗੇ॥
ਜਨੁ ਕਹੈ ਨਾਨਕੁ ਲਾਵ ਪਹਿਲੀ ਆਰੰਭੁ ਕਾਜੁ ਰਚਾਇਆ ॥੧॥
ਗੁਰੂ ਨਾਨਕ ਜੀ ਸੰਬੋਧਨ ਕਰਦੇ ਹੋਏ ਆਖਦੇ ਹਨ ਕੇ ਗੁਰਬਾਣੀ ਰਾਹੀ ਕੰਤ ਕਰਤਾਰ ਦੀ ਸਿਫਤ ਕਰਨਾ ਜੀਵ ਇਸਤਰੀ ਦਾ ਮਿਲਾਪ ਵੱਲ ਨੂ ਪੁਟਿਆ ਪਹਲਾ ਕਦਮ ਹੈ॥
ਭੈਣ ਮਨਮਤੋ ਪਹਲੀ ਲਾਵ ਗੁਰਮਤ ਦੇ ਰਸਤੇ ਉਤੇ ਚਲ ਲਈ ਪਾਂਧੀ ਦਾ ਉਠ ਖੜੇ ਹੋਣ ਬਰਾਬਰ ਹੈ,ਅਗਲੀ ਲਾਵਾ ਵਿਚ ਸਫਰ ਦਾ ਅਗਲਾ ਪੜਾਅ ਰਲ ਮਿਲਕੇ ਵਿਚਾਰਾਗੀਆਂ॥
ਧੰਨਵਾਦ

ਫਰੀਦਾ ਦਰ ਦਰਵੇਸੀ ਗਾਖੜੀ

ਜਉ ਤਉ ਪ੍ਰੇਮ ਖੇਲਣ ਕਾ ਚਾਉ ॥
ਸਿਰੁ ਧਰਿ ਤਲੀ ਗਲੀ ਮੇਰੀ ਆਉ ॥
ਹੇ ਭਾਈ ਜੇ ਸਾਹਿਬ ਨਾਲ ਪ੍ਰੇਮ ਦੀ ਖੇਲ ਖੇਲਣ ਦੀ ਉਮੰਗ ਚਿਤ ਵਿਚ ਹੈ ਤਾ ਫਿਰ ਇਸ ਪ੍ਰੇਮ ਦੀ ਖੇਲ ਦਾ ਮੁਢਲਾ ਅਸੂਲ ਜਾਣ ਲੈ॥ਇਥੇ ਸਿਰ ਹੱਥ ਧਰ ਕੇ ਆਉਣਾ ਪੈਂਦਾ ਹੈ ਭਾਵ ਸਭ ਦਾਵੇ ਦਾਰੀਆ, ਮੇਰੀਆ ਤੇਰੀਆ ਇਕ ਪਾਸੇ ਰੱਖ ਇਸ ਖੇਲ ਦੇ ਖਿਲਾੜੀ ਬਣਿਆ ਜਾ ਸਕਦਾ ਹੈ॥
ਇਤੁ ਮਾਰਗਿ ਪੈਰੁ ਧਰੀਜੈ ॥
ਸਿਰੁ ਦੀਜੈ ਕਾਣਿ ਨ ਕੀਜੈ ॥੨੦॥
ਇਸ ਮਾਰਗ ਉਤੇ ਤਦ ਹੀ ਪੈਰ ਧਰਿਆ ਜਾ ਸਕਦਾ ਹੈ ਜਦ ਲੋਕ ਲੱਜਿਆ ਮੈ ਮੇਰੀ ਦੀ ਹਉਮੈ ਰੂਪੀ ਕਾਨ ਹਿਰਦੇ ਵਿੱਚੋ ਖਤਮ ਹੋ ਚੁਕੀ ਹੋਵੇ ਅਤੇ ਹਰ ਪੱਲ ਆਪਾ ਵਾਰਨ ਦੀ ਪ੍ਰਪੱਖਤਾ ਹੋਵੇ॥
ਸ਼ੇਖ ਸਾਬ ਨੇ ਵੀ ਆਪਣੇ ਇਕ ਸਲੋਕ ਵਿਚ ਇਸ ਪ੍ਰੇਮਾ ਭਗਤੀ ਦੇ ਮਾਰਗ ਦਾ ਜਿਕਰ ਕਰਦਿਆਂ ਆਖਿਆ...
ਫਰੀਦਾ ਦਰ ਦਰਵੇਸੀ ਗਾਖੜੀ ਚਲਾਂ ਦੁਨੀਆਂ ਭਤਿ ॥
ਬੰਨ੍ਹ੍ਹਿ ਉਠਾਈ ਪੋਟਲੀ ਕਿਥੈ ਵੰਞਾ ਘਤਿ ॥੨॥
ਮਹਲਾ 1 ਆਖਿਆ '''ਸਿਰੁ ਧਰਿ ਤਲੀ ਗਲੀ ਮੇਰੀ ਆਉ''' ਬਦਲਵੇ ਰੂਪ ਵਿਚ ਸ਼ੇਖ ਸਾਬ ਜੀ ਨੇ ਗਾਖੜੀ ਪਦ ਵਰਤਦੇ ਹੋਏ ਆਖਿਆ'''ਫਰੀਦਾ ਦਰ ਦਰਵੇਸੀ ਗਾਖੜੀ ਚਲਾਂ ਦੁਨੀਆਂ ਭਤਿ'''॥
ਜੋ ਸਵਾਲ ਮਹਲਾ 1 ਨੇ ਹਿਰਦੇ ਵਿਚ ਆਈ ਕਾਨ ਦਾ ਕੀਤਾ ਕੇ ''ਸਿਰੁ ਦੀਜੈ ਕਾਣਿ ਨ ਕੀਜੈ'''
ਉਹ ਕਾਨ ਆਉਂਦੀ ਕਿਉ ਹੈ ਉਸਦੇ ਬਾਰੇ ਸ਼ੇਖ ਸਾਬ ਨੇ ਆਖ ਦਿੱਤਾ..
ਬੰਨ੍ਹ੍ਹਿ ਉਠਾਈ ਪੋਟਲੀ ਕਿਥੈ ਵੰਞਾ ਘਤਿ ॥੨॥
ਧੰਨਵਾਦ

Saturday, October 8, 2016

ਸਭਨੀ ਘਟੀ ਸਹੁ ਵਸੈ ਸਹ ਬਿਨੁ ਘਟੁ ਨ ਕੋਇ

ਸਭਨੀ ਘਟੀ ਸਹੁ ਵਸੈ ਸਹ ਬਿਨੁ ਘਟੁ ਨ ਕੋਇ ॥ 
ਨਾਨਕ ਤੇ ਸੋਹਾਗਣੀ ਜਿਨ੍ਹ੍ਹਾ ਗੁਰਮੁਖਿ ਪਰਗਟੁ ਹੋਇ ॥੧੯॥
ਹੇ ਭਾਈ ਘਟ ਘਟ ਵਿਚ ਕੰਤ ਕਰਤਾਰ ਦਾ ਵਾਸਾ ਹੈ ਕੰਤ ਕਰਤਾਰ ਤੂੰ ਨਿਸਖਣਾ ਕੋਈ ਨਹੀਂ ਹੈ॥
ਨਾਨਕ ਤਾ ਅਖਾਣਾਂ ਕਰਦਾ ਹੈ ਉਹ ਜੀਵ ਇਸਤਰੀਆ ਸੋਹਾਗਣਾ ਹਨ ਜਿਨ੍ਹਾਂ ਨੇ ਗੁਰੂ ਦੇ ਸਨਮੁਖ ਹੋ ਕੰਤ ਕਰਤਾਰ ਨੂੰ ਘਟ ਘਟ ਵਿਚ ਪਛਾਣ ਸਾਂਝ ਪਾ ਲਈ ਹੈ॥
ਇਸੇ ਹੀ ਗੱਲ ਨੂੰ ਲੈ ਸ਼ੇਖ ਸਾਬ ਜੀ ਨੇ ਆਪਣੇ ਸਲੋਕਾਂ ਵਿਚ ਕਿਹਾ....
ਢੂਢੇਦੀਏ ਸੁਹਾਗ ਕੂ ਤਉ ਤਨਿ ਕਾਈ ਕੋਰ ॥ 
ਜਿਨ੍ਹ੍ਹਾ ਨਾਉ ਸੁਹਾਗਣੀ ਤਿਨ੍ਹ੍ਹਾ ਝਾਕ ਨ ਹੋਰ ॥
ਹੁਣ ਗੁਰੂ ਨਾਨਕ ਜੀ ਦੇ ਸਲੋਕ ਨੇ ਜੋ ਸ਼ੇਖ ਸਾਬ ਦੇ ਸਲੋਕ ਵਿਚ ਜਿਕਰ ਆਇਆ ਹੈ ਕੇ ''ਢੂਢੇਦੀਏ ਸੁਹਾਗ ਕੂ'''ਨੂੰ ਗੁਰੂ ਦੇ ਸਨਮੁਖ ਕਰਕੇ ਇਹ ਢੂੰਢਨ ਦੀ ਪ੍ਰਕਿਰਿਆ ਨੂੰ''''ਜਿਨ੍ਹ੍ਹਾ ਗੁਰਮੁਖਿ ਪਰਗਟੁ ਹੋਇ''' ਆਖ ਸਹੀ ਥਾਂ ਲਿਆ ਖੜਾ ਕੀਤਾ ਹੈ॥
ਫਿਰ ਜਦ ਇਹ ਵਿਸ਼ਵਾਸ ਬਣ ਗਿਆ ਕੇ...
ਸਭਨੀ ਘਟੀ ਸਹੁ ਵਸੈ ਸਹ ਬਿਨੁ ਘਟੁ ਨ ਕੋਇ ॥ 
ਤਦ ਫਿਰ ਇਹ ਗੱਲ ਖੁਦ ਬਰ ਖੁਦ ਖਤਮ ਹੋ ਗਈ ਕੇ...
ਜਿਨ੍ਹ੍ਹਾ ਨਾਉ ਸੁਹਾਗਣੀ ਤਿਨ੍ਹ੍ਹਾ ਝਾਕ ਨ ਹੋਰ ॥
ਧੰਨਵਾਦ

Friday, October 7, 2016

ਦਿਲਰੁਬਾ

>>>>>ਦਿਲਰੁਬਾ<<<<<<
ਦਿਲ ਨੂੰ ਛੂਹ ਜਾਣ ਵਾਲਾ
ਤਾਊਸ ਦੀ ਤਰ੍ਹਾਂ ਇਹ ਸਾਜ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਤਿਆਰ ਕਰਵਾ ਸਿੱਖੀ ਦੀ ਝੋਲੀ ਵਿਚ ਪਾਇਆ॥ਤਾਊਸ ਦੀ ਮੁਕਾਬਲੇ ਦਿਲਰੁਬਾ ਹਲਕਾ ਹੋਂਦਾ ਹੈ ਜੋ ਆਸਾਨੀ ਨਾਲ ਦੂਰ ਨੇੜੇ ਲੈ ਕੇ ਲਜਾਇਆ ਜਾ ਸਕਦਾ ਹੈ॥ਵੈਸੇ ਵੀ ਤਾਊਸ ਦੇ ਮੁਕਾਬਲੇ ਕਾਫੀ ਸਸਤਾ ਤਿਆਰ ਹੋ ਜਾਂਦਾ ਹੈ ਅਤੇ ਉਸਤਾਦ ਲੋਕ ਸਿਖਿਆਰਥੀ ਨੂੰ 10 ਮਿੰਟ ਵਿਚ ਇਸ ਸਾਜ ਨੂੰ ਸਮਝਾਉਣ ਦਾ ਜਿਕਰ ਕਰਦੇ ਹਨ॥
ਪਰ ਦੁਖਾਂਤ ਸਾਡੀ ਯਾਰੀ ਹਰਮੋਨੀਅਮ ਨਾਲ ਪੱਕੀ ਪਈ ਹੋਈ ਹੈ॥

ਜਲ ਤੇ ਤਰੰਗ ਤਰੰਗ ਤੇ ਹੈ ਜਲੁ ਕਹਨ ਸੁਨਨ ਕਉ ਦੂਜਾ ॥

ਤਨੁ ਨ ਤਪਾਇ ਤਨੂਰ ਜਿਉ ਬਾਲਣੁ ਹਡ ਨ ਬਾਲਿ ॥ 
ਸਿਰਿ ਪੈਰੀ ਕਿਆ ਫੇੜਿਆ ਅੰਦਰਿ ਪਿਰੀ ਸਮ੍ਹ੍ਹਾਲਿ ॥੧੮॥
ਹੇ ਭਾਈ ਕਿਉ ਸਰੀਰ ਤਾਈ ਕਸਟ ਦੇ ਰਿਹਾ ਹੈ, ਇਹਨਾਂ ਹੱਥਾਂ ਪੈਰਾ ਤੇਰਾ ਕੀ ਵਿਗਾੜਿਆ ਹੈ॥
ਜੇ ਤੇਰੇ ਮਨ ਤਾਈ ਸਾਹਿਬ ਨੂੰ ਮਿਲਣ ਦੀ ਚਾਹਤ ਹੈ ਤਾ ਸਾਹਿਬ ਤਾ ਤੇਰੇ ਅੰਦਰ ਵੱਸਿਆ ਹੋਇਆ ਹੈ॥ਬੇਹਤਰ ਹੋਵੇਗਾ ਜੇ ਤੂੰ ਬਾਹਰੀ ਕਰਮਕਾਂਡ ਛੱਡ ਅੰਦਰ ਵਸੇ ਦੀ ਪੜਚੋਲ ਕਰੇ॥
''''ਅੰਦਰਿ ਪਿਰੀ ਸਮ੍ਹ੍ਹਾਲਿ''' ਦੀ ਵਿਚਾਰ ਨੂੰ ਹੋਰ ਖੋਲਕੇ ਸਮਝਾਂਦੇ ਹੋਏ ਕਬੀਰ ਜੀ ਨੇ ਕਿਹਾ...
ਕਬੀਰ ਜਾ ਕਉ ਖੋਜਤੇ ਪਾਇਓ ਸੋਈ ਠਉਰੁ ॥
ਸੋਈ ਫਿਰਿ ਕੈ ਤੂ ਭਇਆ ਜਾ ਕਉ ਕਹਤਾ ਅਉਰੁ ॥੮੭॥ 
ਜਿਸ ਸਾਹਿਬ ਦੀ ਤਾਲਾਸ਼ ਵਿਚ ਤੂੰ ਭਟਕਦਾ ਫਿਰਦਾ ਹੈ ਬਸ ਇਕ ਵਾਰ ਆਪੇ ਦੀ ਪੜਚੋਲ ਕਰ ਲੈ ਤੂੰ ਖੁਦ ਉਸਦਾ ਰੂਪ ਹੋ ਨਿਬੜੇਗਾ॥
ਬਸ ਫਿਰ ਤੇਰੇ ਤੇ ਉਸਦੇ ਬਾਰੇ ਇਹੀ ਕਿਹਾ ਜਾ ਸਕੇਗਾ...
ਜਲ ਤੇ ਤਰੰਗ ਤਰੰਗ ਤੇ ਹੈ ਜਲੁ ਕਹਨ ਸੁਨਨ ਕਉ ਦੂਜਾ ॥
ਧੰਨਵਾਦ

ਤਾਊਸ

>>>>ਤਾਊਸ<<<<
ਰਬਾਬ,ਸਾਰੰਦਾ,ਜੋੜੀ ਅਤੇ ਸਾਰੰਗੀ ਤੂੰ ਬਾਅਦ ਸਿੱਖ ਸਾਜਾਂ ਵਿਚ ਤਾਊਸ ਨੂੰ ਜਗ੍ਹਾ ਮਿਲਦੀ ਹੈ॥ਇਹ ਸਾਜ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਤਿਆਰ ਕਰਵਾਇਆ ਤੇ ਖੁਦ ਗੁਰਬਾਣੀ ਗਾਇਨ ਕਰਨ ਲਈ ਇਸ ਸਾਜ ਦੀ ਵਰਤੋਂ ਕੀਤੀ॥ਤਾਊਸ ਦਾ ਅਰਥ ਹੋਂਦਾ ਹੈ ਮੌਰ॥ਇਸ ਸਾਜ ਦੀ ਦਿੱਖ ਮੌਰ ਦੀ ਤਰ੍ਹਾਂ ਹੋਂਦੀ ਹੈ॥
ਪਰ ਦੁਖਾਂਤ ਹਰਮੋਨੀਅਮ ਦੇ ਜੁਗਾੜ ਨੇ ਇਸ ਸਾਜ ਨੂੰ ਅਲੋਪ ਕਰ ਦਿੱਤਾ ਹੈ ॥

Thursday, October 6, 2016

ਕੀ ਗੁਰਮਤਿ ਕਿਸੇ ਜਾਤੀ ਰੰਗ ਰੂਪ ਆਦਿ ਨੂੰ ਤਰਜੀਵ ਦਿੰਦੀ ਹੈ?

ਮਨਮਤੋ ਨੇ ਗੁਰਮਤੋ ਨੂੰ ਸਵਾਲ ਕਰਦੇ ਹੋਏ ਪੁੱਛਿਆ ਕੇ ਭੈਣੇ ਗੁਰਮਤਿ ਵਿਚ ਕਿਸ ਪੱਖ ਨੂੰ ਤਰਜੀਵ ਦਿੱਤੀ ਗਈ॥ਕੀ ਗੁਰਮਤਿ ਕਿਸੇ ਜਾਤੀ ਰੰਗ ਰੂਪ ਆਦਿ ਨੂੰ ਤਰਜੀਵ ਦਿੰਦੀ ਹੈ॥
ਗੁਰਮਤੋ ਜਵਾਬ ਵਿਚ ਬੋਲੀ ਭੈਣੇ ਗੁਰਮਤਿ ਦਾ ਇਸਟ....
>>>ਰੂਪੁ ਨ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭ ਭਿੰਨ<<<
ਫਿਰ ਇਹ ਤਾ ਸਰਲ ਜਿਹੀ ਗੱਲ ਹੈ ਕੇ ਰੂਪ ਰੰਗ ਵੇਸ ਆਦਿਕ ਨੂੰ ਪਹਿਲ ਦੇ ਅਧਾਰ ਉਤੇ ਕੋਈ ਤਰਜੀਵ ਨਹੀਂ ਦਿੱਤੀ ਕਿਉਂਕਿ ਸਾਹਿਬ ਇਹਨਾਂ ਪੱਖ ਤੂੰ ਉਪਰ ਉੱਠ ਕੇ ਮਿਲਦਾ ਹੈ॥
ਹੁਣ ਮਨਮਤੋ ਸਵਾਲ ਇਹ ਹੈ ਕੇ ਉਹ ਕਿਹੜਾ ਪੱਖ ਹੈ ਜਿਸ ਨੂੰ ਤਰਜੀਵ ਦਿੰਦੇ ਹੋਏ ਪ੍ਰਮਾਥਿਕਤਾ ਦਿੱਤੀ ਗਈ ਹੈ॥
ਉਹ ''ਕਰਮੀ ਆਪੋ ਆਪਣੀ'' ਜਿਸ ਵਿਚ ਸੁਧਾਰ ਕਰ ਸਾਹਿਬ ਨਾਲ ਮਿਲਾਪ ਪਾਇਆ ਜਾ ਸਕਦਾ ਹੈ॥ਗੁਰਬਾਣੀ ਆਖਦੀ ਹੈ...
ਵਣਜੁ ਕਰਹੁ ਵਣਜਾਰਿਹੋ ਵਖਰੁ ਲੇਹੁ ਸਮਾਲਿ ॥ 
ਤੈਸੀ ਵਸਤੁ ਵਿਸਾਹੀਐ ਜੈਸੀ ਨਿਬਹੈ ਨਾਲਿ ॥ 
ਅਗੈ ਸਾਹੁ ਸੁਜਾਣੁ ਹੈ ਲੈਸੀ ਵਸਤੁ ਸਮਾਲਿ ॥੧॥ 
ਗੁਰਮਤਿ ਖੇਤਰ ਵਿਚ ਕਰਮ ਵਿਚਲੀ ਵਣਜ ਨੂੰ ਦੇਖ ਨਤੀਜਾ ਕੱਢਿਆ ਜਾਂਦਾ ਹੈ॥ਕੇ ਵਣਜਾਰਾ ਜੀਵ ਕਿਹੜੀ ਵਣਜ ਦਾ ਵਾਪਾਰੀ ਹੈ, ਕੀ ਇਹ ਸਾਥ ਨਿਭਣ ਵਾਲੇ ਸੱਚ ਦੀ ਵਣਜ ਕਰ ਰਿਹਾ ਹੈ ਜਾ ਫਿਰ ਕੂੜ ਦਾ ਭਾਰ ਟੋਹ ਰਿਹਾ ਹੈ॥
ਵਣਜਾਰੇ ਜੀਵ ਨੂੰ ਗੁਰੂ ਦਾ ਬਹੁਤ ਸਪਸ਼ਟ ਉਪਦੇਸ਼ ਹੈ...
ਭਾਈ ਰੇ ਰਾਮੁ ਕਹਹੁ ਚਿਤੁ ਲਾਇ ॥ 
ਹਰਿ ਜਸੁ ਵਖਰੁ ਲੈ ਚਲਹੁ ਸਹੁ ਦੇਖੈ ਪਤੀਆਇ ॥੧॥
ਭਾਈ ਰਾਮੁ ਨਾਮੁ ਦਾ ਵਾਪਾਰੀ ਬਣ, ਜਦ ਤੇਰੀ ਰਾਮੁ ਨਾਮੁ ਦੀ ਵਣਜ ਸਾਹਿਬ ਦੇਖੇਗਾ ਤਾ ਸਾਹਿਬ ਨੂੰ ਤਸੱਲੀ ਹੋਵੇਗੀ॥
ਪਰ ਜੇ ਵਣਜ ਖੋਟ ਦੀ ਹੈ ਫਿਰ ਭਾਵੇ ਨਤੀਜਾ ਬਹੁਤ ਸਾਫ ਸਾਫ ਹੈ..
ਖੋਟੇ ਪੋਤੈ ਨਾ ਪਵਹਿ ਤਿਨ ਹਰਿ ਗੁਰ ਦਰਸੁ ਨ ਹੋਇ ॥
ਖੋਟੇ ਜਾਤਿ ਨ ਪਤਿ ਹੈ ਖੋਟਿ ਨ ਸੀਝਸਿ ਕੋਇ ॥ 
ਖੋਟੇ ਖੋਟੁ ਕਮਾਵਣਾ ਆਇ ਗਇਆ ਪਤਿ ਖੋਇ ॥੩॥
ਖੋਟੇ ਦੇ ਪੱਲੇ ਖੋਟ ਹੀ ਪੈਂਦੀ ਹੈ ਭਾਵੇ ਉਹ ਰੰਗ ਰੂਪ ਆਦਿਕ ਕਰਕੇ ਕੋਈ ਵੀ ਦਵਾ ਪੇਸ਼ ਕਰਦਾ ਹੋਵੇ॥
ਸੋ ਭੈਣੇ ਮਨਮਤੋ ਗੁਰਮਤਿ ਕਰਮ ਦੀ ਵਣਜ ਵੇਖਦੀ ਹੈ, ਵਣਜ ਨੂੰ ਤਰਜੀਵ ਦਿੰਦੀ ਹੈ॥
ਮਨਮਤੋ ਅਸੀਂ ਬਾਣੀ ਸੁਖਮਨੀ ਵਿਚ ਵੀ ਪੜ੍ਹਦੇ ਵਿਚਾਰਦੇ ਹਾਂ ਕੇ,...
ਜਿਸੁ ਵਖਰ ਕਉ ਲੈਨਿ ਤੂ ਆਇਆ ॥ ਰਾਮ ਨਾਮੁ ਸੰਤਨ ਘਰਿ ਪਾਇਆ ॥
ਤਜਿ ਅਭਿਮਾਨੁ ਲੇਹੁ ਮਨ ਮੋਲਿ ॥ ਰਾਮ ਨਾਮੁ ਹਿਰਦੇ ਮਹਿ ਤੋਲਿ ॥ 
ਲਾਦਿ ਖੇਪ ਸੰਤਹ ਸੰਗਿ ਚਾਲੁ ॥ ਅਵਰ ਤਿਆਗਿ ਬਿਖਿਆ ਜੰਜਾਲ ॥ 
ਧੰਨਿ ਧੰਨਿ ਕਹੈ ਸਭੁ ਕੋਇ ॥ ਮੁਖ ਊਜਲ ਹਰਿ ਦਰਗਹ ਸੋਇ ॥ 
ਇਹੁ ਵਾਪਾਰੁ ਵਿਰਲਾ ਵਾਪਾਰੈ ॥ ਨਾਨਕ ਤਾ ਕੈ ਸਦ ਬਲਿਹਾਰੈ ॥
ਧੰਨਵਾਦ